ਧਾਰਾ 370 ਹਟਾਉਣ ਦੇ ਫੈਸਲੇ ਤੋਂ ਬਾਅਦ ਬਠਿੰਡਾ 'ਚ ਹਾਈ ਅਲਰਟ (ਵੀਡੀਓ)

Thursday, Aug 08, 2019 - 03:25 PM (IST)

ਬਠਿੰਡਾ (ਅਮਿਤ ਸ਼ਰਮਾ,ਵਰਮਾ) : ਕੇਂਦਰ ਸਰਕਾਰ ਵੱਲੋਂ ਜੰਮੂ-ਕਸ਼ਮੀਰ 'ਚ ਧਾਰਾ-370 ਤੇ 35ਏ ਨੂੰ ਖਤਮ ਕਰਨ ਦਾ ਜੋ ਸਖ਼ਤ ਫੈਸਲਾ ਲਿਆ ਹੈ, ਦੇ ਮੱਦੇਨਜ਼ਰ 15 ਅਗਸਤ ਨੂੰ ਪੰਜਾਬ ਦੀ ਸ਼ਾਂਤੀ ਵਿਚ ਕੋਈ ਰੁਕਾਵਟ ਨਾ ਆਵੇ, ਨੂੰ ਲੈ ਕੇ ਜ਼ਿਲਾ ਬਠਿੰਡਾ (ਪੰਜਾਬ) ਵਿਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਕਾਰਣ ਪੁਲਸ ਨੇ ਮੋਰਚਾਬੰਦੀ ਸ਼ੁਰੂ ਕਰ ਦਿੱਤੀ ਹੈ। ਐੱਸ. ਐੱਸ. ਪੀ. ਡਾ. ਨਾਨਕ ਸਿੰਘ ਦੇ ਨਿਰਦੇਸ਼ 'ਤੇ ਐੱਸ. ਪੀ. ਸਿਟੀ ਜਸਪਾਲ ਸਿੰਘ ਨੇ ਸ਼ਹਿਰ ਵਿਚ ਆਉਣ ਵਾਲੇ ਸਾਰੇ ਰਸਤਿਆਂ 'ਤੇ ਨਾਕਾਬੰਦੀ ਕਰ ਕੇ ਵਾਹਨਾਂ ਦੀ ਡੂੰਘਾਈ ਨਾਲ ਜਾਂਚ ਕੀਤੀ। ਵੀਰਵਾਰ ਸਵੇਰੇ 8 ਤੋਂ ਦੁਪਹਿਰ 2 ਵਜੇ ਤੱਕ ਸਾਰੇ ਵਾਹਨਾਂ ਦੀ ਜਾਂਚ ਚਲਦੀ ਰਹੀ। ਬੇਸ਼ੱਕ ਪੁਲਸ ਦੇ ਹੱਥ ਕੁਝ ਨਹੀਂ ਲੱਗਾ ਪਰ ਵਾਹਨ ਚਾਲਕਾਂ ਵਿਚ ਡਰ ਦੇਖਣ ਨੂੰ ਜ਼ਰੂਰ ਮਿਲਿਆ। ਐੱਸ. ਪੀ. ਸਿਟੀ ਨੇ ਦੱਸਿਆ ਕਿ ਕੋਈ ਵੀ ਸ਼ੱਕੀ ਵਸਤੂ ਹੱਥ ਨਹੀਂ ਲੱਗੀ ਫਿਰ ਵੀ ਹਾਈ ਅਲਰਟ ਜਾਰੀ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ ਆਉਣ ਵਾਲੇ ਸਾਰੇ ਰਸਤਿਆਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ।

ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਰੱਖੀ ਜਾ ਰਹੀ ਹੈ ਨਜ਼ਰ
ਐੱਸ. ਐੱਸ. ਪੀ. ਬਠਿੰਡਾ ਡਾ. ਨਾਨਕ ਸਿੰਘ ਨੇ ਦੱਸਿਆ ਕਿ ਖੁਫੀਆ ਏਜੰਸੀਆਂ ਤੋਂ ਕੁਝ ਅਜਿਹੇ ਇਨਪੁਟ ਆ ਰਹੇ ਹਨ ਕਿ 15 ਅਗਸਤ ਤੱਕ ਅੱਤਵਾਦੀ ਸੂਬੇ ਵਿਚ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ, ਇਸ ਦੇ ਮੱਦੇਨਜ਼ਰ ਪੁਲਸ ਨੂੰ ਚੌਕਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਸਾਰੇ ਰਸਤਿਆਂ ਤੇ ਮੁੱਖ ਬਾਜ਼ਾਰਾਂ 'ਤੇ ਸੀ. ਸੀ. ਟੀ. ਵੀ. ਕੈਮਰੇ ਲਾਏ ਗਏ ਹਨ, ਜਿਨ੍ਹਾਂ ਰਾਹੀਂ ਹਰ ਵਿਅਕਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਐੱਚ. ਡੀ. ਕੈਮਰੇ ਹਨ ਜੋ ਡੂੰਘਾਈ ਨਾਲ ਚੀਜ਼ਾਂ ਨੂੰ ਕੈਪਚਰ ਕਰ ਸਕਦੇ ਹਨ। ਇਨ੍ਹਾਂ ਕੈਮਰਿਆਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਨੰਬਰ ਪਲੇਟ ਨੂੰ ਵੀ ਪੜ੍ਹਨ ਵਿਚ ਸਮਰਥ ਹਨ।

ਸੁਰੱਖਿਆ ਦੇ ਮਾਮਲੇ 'ਚ ਕੋਈ ਸਮਝੌਤਾ ਨਹੀਂ ਹੋਵੇਗਾ
ਪੂੰਜੀਪਤੀਆਂ, ਬੈਂਕਾਂ, ਫਾਈਨਾਂਸ਼ੀਅਲ ਕੰਪਨੀਆਂ, ਪੈਟਰੋਲ ਪੰਪਾਂ ਤੇ ਹੋਟਲਾਂ ਸਮੇਤ ਜਿਨ੍ਹਾਂ ਵੱਡੇ ਅਦਾਰਿਆਂ ਦੀ ਸੁਰੱਖਿਆ ਦਾ ਜ਼ਿੰਮਾ ਨਿੱਜੀ ਸੁਰੱਖਿਆ ਵਰਕਰਾਂ ਦੇ ਹੱਥਾਂ ਵਿਚ ਹੈ, ਉਨ੍ਹਾਂ ਨੂੰ ਆਡਿਟ ਕੀਤਾ ਜਾਵੇਗਾ। ਇਸ ਸਬੰਧੀ ਐੱਸ. ਐੱਸ. ਪੀ. ਡਾ. ਨਾਨਕ ਸਿੰਘ ਨੇ ਦੱਸਿਆ ਕਿ ਜ਼ਿਲੇ ਵਿਚ ਸਰਕਾਰੀ ਤੇ ਗੈਰ-ਸਰਕਾਰੀ ਸੁਰੱਖਿਆ ਦੀ ਕਮੀਆਂ 'ਤੇ ਗੌਰ ਕਰ ਕੇ ਉਨ੍ਹਾਂ ਨੂੰ ਦਰੁਸਤ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸੂਬੇ ਦੇ ਗ੍ਰਹਿ ਮੰਤਰੀ ਵੱਲੋਂ ਰੇਡ ਅਲਰਟ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ, ਜਿਸ ਨੂੰ ਲੈ ਕੇ ਸੁਰੱਖਿਆ ਲਈ ਪੁਲਸ ਅਧਿਕਾਰੀਆਂ ਦੀ ਡਿਊਟੀ ਲਾਈ ਗਈ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਦੇ ਮਾਮਲੇ ਵਿਚ ਕੋਈ ਸਮਝੌਤਾ ਨਹੀਂ ਹੋਵੇਗਾ ਅਤੇ ਸਖ਼ਤੀ ਨਾਲ ਇਸ ਨੂੰ ਲਾਗੂ ਕੀਤਾ ਜਾਵੇਗਾ। ਇਸ ਵਿਚ ਰਾਜਨੀਤੀ ਨੂੰ ਵੀ ਆੜੇ ਨਹੀਂ ਆਉਣ ਦਿੱਤਾ ਜਾਵੇਗਾ।

ਅੱਤਵਾਦੀਆਂ ਦੇ ਟਿਕਾਣਿਆਂ 'ਤੇ ਹੋਵੇਗੀ ਨਜ਼ਰ
ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇਣ ਲਈ ਬਾਹਰ ਤੋਂ ਆਏ ਅੱਤਵਾਦੀ ਨੂੰ ਆਸਰਾ ਨਾ ਮਿਲੇ, ਇਸ ਨੂੰ ਲੈ ਕੇ ਆਸਰਾ ਦੇਣ ਵਾਲਿਆਂ 'ਤੇ ਨਜ਼ਰ ਰੱਖੀ ਜਾਵੇਗੀ। ਇਸ ਸਬੰਧੀ ਜ਼ਿਲਾ ਪੁਲਸ ਪ੍ਰਮੁੱਖ ਨੇ ਦੱਸਿਆ ਕਿ ਸ਼ਹਿਰ ਦੇ ਸਾਰੇ ਹੋਟਲ, ਧਰਮਸ਼ਾਲਾ, ਪੀ. ਜੀ. ਹੋਸਟਲ ਆਦਿ 'ਤੇ ਪੂਰੀ ਤਰ੍ਹਾਂ ਨਜ਼ਰ ਰੱਖੀ ਜਾਵੇਗੀ ਕਿ ਕੋਈ ਵੀ ਸ਼ੱਕੀ ਵਿਅਕਤੀ ਆ ਕੇ ਲੁਕਿਆ ਨਾ ਹੋਵੇ। ਭੀੜ ਵਾਲੇ ਖੇਤਰਾਂ ਵਿਚ ਸਿਵਲ ਵਰਦੀ ਵਿਚ ਪੁਲਸ ਚੱਪੇ-ਚੱਪੇ 'ਤੇ ਤਾਇਨਾਤ ਹੋਵੇਗੀ। ਜਨਤਕ ਸਥਾਨਾਂ 'ਤੇ ਵੀ ਪੁਲਸ ਦਾ ਫੋਕਸ ਰਹੇਗਾ ਤੇ ਸ਼ੁੱਕਰਵਾਰ ਨੂੰ ਇਨ੍ਹਾਂ ਸਾਰੇ ਸਥਾਨਾਂ 'ਤੇ ਰੇਡ ਅਲਰਟ ਤੱਕ ਪੁਲਸ ਨੂੰ ਤਾਇਨਾਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੋਈ ਵੀ ਸ਼ੱਕੀ ਵਿਅਕਤੀ ਸ਼ਹਿਰ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰੇਗਾ ਤਾਂ ਤੁਰੰਤ ਕਾਬੂ ਕਰ ਲਿਆ ਜਾਵੇਗਾ।


author

cherry

Content Editor

Related News