ਏਮਜ਼ ''ਚ ਪਹਿਲੇ ਹੀ ਦਿਨ 100 ਤੋਂ ਵੱਧ ਮਰੀਜ਼ਾਂ ਦੀ ਜਾਂਚ

12/25/2019 11:46:06 AM

ਬਠਿੰਡਾ (ਪਰਮਿੰਦਰ) : ਏਮਜ਼ (ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ) ਬਠਿੰਡਾ 'ਚ ਪਹਿਲੇ ਹੀ ਦਿਨ ਓ. ਪੀ. ਡੀ. ਦੌਰਾਨ 100 ਤੋਂ ਵਧ ਮਰੀਜ਼ਾਂ ਨੇ ਸੰਸਥਾਨ 'ਚ ਪਹੁੰਚ ਕੇ ਸੇਵਾਵਾਂ ਦਾ ਲਾਭ ਲਿਆ। ਮਰੀਜ਼ਾਂ ਨੇ ਸਿਰਫ 10 ਰੁਪਏ ਦੀ ਫੀਸ 'ਤੇ ਮਾਹਰ ਡਾਕਟਰਾਂ ਅਤੇ ਆਧੁਨਿਕ ਮਸ਼ੀਨਾਂ ਰਾਹੀਂ ਜਾਂਚ ਕਰਵਾਈ। 19 ਮਰੀਜ਼ ਹੱਡੀਆਂ ਨਾਲ ਜੁੜੀਆਂ ਬੀਮਾਰੀਆਂ ਸਬੰਧੀ ਜਾਂਚ ਕਰਵਾਉਣ ਲਈ ਏਮਜ਼ 'ਚ ਪਹੁੰਚੇ, ਜਿਸ 'ਚ ਔਰਤਾਂ ਵੀ ਸ਼ਾਮਲ ਸਨ।
ਇਸ ਤਰ੍ਹਾਂ ਜਨਰਲ ਮੈਡੀਕਲ ਤਹਿਤ 32, ਈ. ਐੱਨ. ਟੀ. ਨਾਲ ਸਬੰਧਤ 14 ਅਤੇ ਡਰਮਾਟੋਲਾਜੀ ਤਹਿਤ 13 ਮਰੀਜ਼ਾਂ ਨੇ ਜਾਂਚ ਕਰਵਾਈ। ਇਸ ਤੋਂ ਇਲਾਵਾ ਬੱਚਿਆਂ ਦੀਆਂ ਬੀਮਾਰੀਆਂ ਦੀ ਜਾਂਚ, ਅੱਖਾਂ ਦੀ ਜਾਂਚ, ਯੂਰੋਲਾਜੀ, ਮਾਨਸਿਕ ਰੋਗਾਂ ਦੀ ਜਾਂਚ ਲਈ ਵੀ ਕੁਝ ਮਰੀਜ਼ ਸੰਸਥਾਨ ਪਹੁੰਚੇ। ਆਉਣ ਵਾਲੇ ਦਿਨਾਂ 'ਚ ਮਰੀਜ਼ਾਂ ਦੀ ਗਿਣਤੀ ਵਧਣ ਦੇ ਆਸਾਰ ਹਨ ਕਿਉਂਕਿ ਉਕਤ ਸੰਸਥਾਨ 'ਚ ਇਕ ਹੀ ਛੱਤ ਹੇਠਾਂ ਵੱਖ-ਵੱਖ ਤਰ੍ਹਾਂ ਦੀਆਂ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।

ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਜਤਾਈ ਖੁਸ਼ੀ
ਬਠਿੰਡਾ ਏਮਜ਼ 'ਚ ਮਰੀਜ਼ਾਂ ਦੀ ਗਿਣਤੀ ਪਹਿਲੇ ਹੀ ਦਿਨ 100 ਦਾ ਆਂਕੜਾ ਪਾਰ ਕਰ ਜਾਣ 'ਤੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਖੁਸ਼ੀ ਜਤਾਈ। ਉਨ੍ਹਾਂ ਇਕ ਟਵੀਟ ਰਾਹੀਂ ਆਪਣੀ ਖੁਸ਼ੀ ਲੋਕਾਂ ਨਾਲ ਸਾਂਝੀ ਕੀਤੀ। ਕੇਂਦਰੀ ਮੰਤਰੀ ਨੇ ਕਿਹਾ ਕਿ ਪਹਿਲੇ ਹੀ ਦਿਨ 100 ਤੋਂ ਵੱਧ ਮਰੀਜ਼ਾਂ ਦੀ ਜਾਂਚ ਨਾਲ ਉਨ੍ਹਾਂ ਨੂੰ ਕਾਫੀ ਸੰਤੁਸ਼ਟੀ ਮਿਲੀ ਹੈ। ਉਨ੍ਹਾਂ ਕਿਹਾ ਕਿ ਸਸਤੀਆਂ ਸਿਹਤ ਸੇਵਾਵਾਂ ਲੋਕਾਂ ਦਾ ਅਧਿਕਾਰ ਹੈ ਅਤੇ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਬਠਿੰਡਾ ਅਤੇ ਨਜ਼ਦੀਕੀ ਖੇਤਰ ਦੇ ਲੋਕਾਂ ਲਈ ਇਕ ਵਿਸ਼ਵ ਪੱਧਰੀ ਸੰਸਥਾਨ ਸਥਾਪਤ ਕਰਵਾਉਣ 'ਚ ਕਾਮਯਾਬ ਰਹੀ ਹੈ। ਇਸ ਲਈ ਉਹ ਕੇਂਦਰ ਸਰਕਾਰ ਦੇ ਨਾਲ-ਨਾਲ ਖੇਤਰ ਦੇ ਲੋਕਾਂ ਦੀ ਵੀ ਧੰਨਵਾਦੀ ਹੈ ਜਿਨ੍ਹਾਂ ਨੇ ਉਸ ਨੂੰ ਇਹ ਮੌਕਾ ਦਿੱਤਾ।


cherry

Content Editor

Related News