ਸ਼ਰਮਨਾਕ! ਔਰਤ ਨੇ ਸੜਕ ''ਤੇ ਦਿੱਤਾ ਬੱਚੀ ਨੂੰ ਜਨਮ, ਲੋਕ ਬਣਾਉਂਦੇ ਰਹੇ ਵੀਡੀਓ
Thursday, May 02, 2019 - 09:37 AM (IST)

ਬਠਿੰਡਾ (ਸੁਖਵਿੰਦਰ) : ਵਿਸ਼ਾਲ ਨਗਰ ਫੇਜ਼-1 'ਚ ਇਕ ਔਰਤ ਨੇ ਸੜਕ ਕਿਨਾਰੇ ਹੀ ਬੱਚੀ ਨੂੰ ਜਨਮ ਦੇ ਦਿੱਤਾ। ਮਨੁੱਖਤਾ ਉਸ ਸਮੇਂ ਸ਼ਰਮਸਾਰ ਹੋ ਗਈ ਜਦੋਂ ਲੋਕਾਂ ਨੇ ਪੀੜਤ ਔਰਤ ਨੂੰ ਹਸਪਤਾਲ ਪਹੁੰਚਾਉਣ ਦੀ ਬਜਾਏ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਸੂਚਨਾ ਮਿਲਣ 'ਤੇ ਸਹਾਰਾ ਲਾਈਫ਼ ਸੇਵਿੰਗ ਬ੍ਰਿਗੇਡ ਦੇ ਵਰਕਰ ਸੰਦੀਪ ਗਿੱਲ ਅਤੇ ਵਿੱਕੀ ਕੁਮਾਰ ਮੌਕੇ 'ਤੇ ਪਹੁੰਚੇ ਤਾਂ ਔਰਤ ਦਰਦ ਨਾਲ ਤੜਫ਼ ਰਹੀ ਸੀ। ਉਸ ਦੇ ਨਾਲ ਹੀ ਸੜਕ 'ਤੇ ਉਸ ਦੀ ਨਵ-ਜੰਮੀ ਬੱਚੀ ਪਈ ਹੋਈ ਸੀ। ਸੰਸਥਾ ਦੇ ਵਰਕਰਾਂ ਵਲੋਂ ਤੁਰੰਤ ਔਰਤ ਅਤੇ ਨਵ-ਜੰਮੀ ਬੱਚੀ ਨੂੰ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਵਿਖੇ ਦਾਖਲ ਕਰਵਾਇਆ ਗਿਆ। ਬੱਚੀ ਦੀ ਹਾਲਤ ਨੂੰ ਗੰਭੀਰ ਵੇਖਦਿਆਂ ਡਾਕਟਰਾਂ ਵਲੋਂ ਉਸ ਨੂੰ ਨਿੱਜੀ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ। ਪੀੜਤ ਔਰਤ ਦੀ ਪਛਾਣ ਰੌਸ਼ਨੀ ਪਤਨੀ ਵਿਕਾਸ ਵਾਸੀ ਬਿਹਾਰ ਵਜੋਂ ਹੋਈ।
ਪਤੀ ਨੂੰ ਲੱਭ ਰਹੀ ਸੀ ਪੀੜਤਾ
ਪੀੜਤ ਔਰਤ ਨੇ ਦੱਸਿਆ ਕਿ ਇਕ ਸਾਲ ਪਹਿਲਾਂ ਉਸ ਨੇ ਆਪਣੇ ਪਰਿਵਾਰ ਦੀ ਮਰਜ਼ੀ ਦੇ ਖਿਲਾਫ ਪ੍ਰੇਮ ਵਿਆਹ ਕਰਵਾਇਆ ਸੀ। ਇਸ ਤੋਂ ਬਾਅਦ ਦੋਵੇਂ ਰੇਲਵੇ ਸਟੇਸ਼ਨ 'ਤੇ ਹੀ ਰਹਿ ਰਹੇ ਸਨ। ਸਵੇਰੇ ਉਸ ਦਾ ਪਤੀ ਉਸ ਨੂੰ ਬਿਨਾਂ ਦੱਸੇ ਘਰੋਂ ਚਲਾ ਗਿਆ ਅਤੇ ਵਾਪਸ ਨਹੀਂ ਆਇਆ। ਉਹ ਆਪਣੇ ਪਤੀ ਨੂੰ ਲੱਭਣ ਲਈ ਜਾ ਰਹੀ ਅਤੇ ਰਸਤੇ ਵਿਚ ਬੇਹੋਸ਼ ਹੋ ਕੇ ਡਿੱਗ ਪਈ। ਇਸ ਦੌਰਾਨ ਉਸ ਨੇ ਸੜਕ 'ਤੇ ਹੀ ਬੱਚੀ ਨੂੰ ਜਨਮ ਦੇ ਦਿੱਤਾ।
ਪ੍ਰਧਾਨ ਸਹਾਰਾ ਜਨ ਸੇਵਾ ਦੇ ਵਿਜੇ ਗੋਇਲ ਨੇ ਕਿਹਾ ਕਿ ਇਹ ਬੇਹੱਦ ਸ਼ਰਮ ਦੀ ਗੱਲ ਹੈ ਕਿ ਲੋਕ ਮਦਦ ਕਰਨ ਦੀ ਬਜਾਏ ਵੀਡੀਓ ਬਣਾਉਣ ਨੂੰ ਪਹਿਲ ਦਿੰਦੇ ਹਨ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਲੋੜਵੰਦ ਦੀ ਮਦਦ ਕਰਨ ਜਾਂ ਫਿਰ ਸੰਸਥਾ ਨੂੰ ਸੂਚਿਤ ਕਰਨ। ਸੰਸਥਾ ਵਲੋਂ ਬੱਚੇ ਅਤੇ ਮਾਂ ਦੋਵਾਂ ਦਾ ਇਲਾਜ ਕਰਵਾ ਕੇ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।