ਬਠਿੰਡਾ ''ਚ ਪੰਜਾਬ ਬੰਦ ਦਾ ਮਿਲਿਆ-ਜੁਲਿਆ ਅਸਰ, ਸੰਤ ਸਮਾਜ ਅਤੇ ਦਲਿਤ ਜਥੇਬੰਦੀਆਂ ਨੇ ਕੀਤਾ ਚੱਕਾ ਜਾਮ
Saturday, Oct 10, 2020 - 06:22 PM (IST)
ਬਠਿੰਡਾ (ਵਰਮਾ): ਪੰਜਾਬ ਵਿਚ ਦਲਿਤ ਵਿਦਿਆਰਥੀਆਂ ਦੇ ਵਜੀਫ਼ੇ 'ਚ ਹੋਏ ਕਥਿਤ ਘੁਟਾਲੇ ਅਤੇ ਹਾਥਰਸ ਦੀ ਘਟਨਾ ਦੇ ਖਿਲਾਫ਼ ਸੰਤ ਸਮਾਜ ਅਤੇ ਦਲਿਤ ਜਥੇਬੰਦੀਆਂ ਵਲੋਂ ਦਿੱਤੇ ਗਏ ਪੰਜਾਬ ਬੰਦ ਨੂੰ ਜ਼ਿਲ੍ਹੇ 'ਚ ਮੱਠਾ ਹੁੰਗਾਰਾ ਮਿਲਿਆ ਅਤੇ ਬਾਜਾਰ ਆਦਿ ਖੁੱਲ੍ਹੇ ਰਹੇ।ਦੂਸਰੇ ਪਾਸੇ ਸੰਤ ਸਮਾਜ ਅਤੇ ਦਲਿਤ ਜਥੇਬੰਦੀਆਂ ਦੇ ਸੱਦੇ ਅਨੁਸਾਰ ਬਠਿੰਡਾ ਦੇ ਬੱਸ ਸਟੈਂਡ ਸਾਹਮਣੇ ਧਰਨਾ ਮਾਰ ਕੇ ਚੱਕਾ ਜਾਮ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਦਲਿਤ ਅਤੇ ਸੰਤ ਸਮਾਜ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਇਕੱਠੇ ਹੋਕੇ ਪੰਜਾਬ ਅਤੇ ਉਤਰ ਪ੍ਰਦੇਸ਼ ਦੀ ਸਰਕਾਰ ਖਿਲਾਫ ਰੋਸ ਮੁਜਹਰਾ ਕੀਤਾ।
ਇਸ ਮੌਕੇ ਯੂਨਾਇਟਿਡ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ ਅਤੇ ਲੋਕ ਜਨ ਸ਼ਕਤੀ ਪਾਰਟੀ ਦੇ ਕਿਰਨਜੀਤ ਸਿੰਘ ਗਹਿਰੀ ਨੇ ਦੱਸਿਆ ਕਿ ਵਜੀਫ਼ਾ ਘੁਟਾਲਾ ਕਰਕੇ ਸੂਬਾ ਸਰਕਾਰ ਦੇ ਮੰਤਰੀਆਂ ਨੇ ਲੱਖਾਂ ਦੀ ਦਲਿਤ ਬੱਚਿਆਂ ਦੇ ਹੱਕਾਂ 'ਤੇ ਡਾਕਾ ਮਾਰਿਆ ਹੈ। ਉਨ੍ਹਾਂ ਵਲੋਂ ਸਰਕਾਰ ਦੇ ਇਸ ਰਵੱਈਏ ਨੂੰ ਕਿਸੇ ਵੀ ਕੀਮਤ 'ਤੇ ਮਨਜ਼ੂਰ ਨਹੀ ਕੀਤਾ ਜਾਵੇਗਾ। ਦੂਸਰੇ ਪਾਸੇ ਉਨ੍ਹਾਂ ਕਿਹਾ ਕਿ ਯੂ.ਪੀ. 'ਚ ਅਮਨ ਕਾਨੂੰਨ ਦੀ ਸਥਿਤੀ ਦਾ ਦਿਵਾਲਾ ਨਿਕਲ ਚੁੱਕਾ ਅਤੇ ਸਰਕਾਰ ਹਾਥਰਸ ਦੀ ਘਟਨਾ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਬਜਾਏ ਉਨ੍ਹਾਂ ਨੂੰ ਬਚਾਉਣ ਵਿਚ ਲੱਗੀ ਹੋਈ ਹੈ। ਹਾਥਰਸ ਦੀ ਘਟਨਾਂ ਨੂੰ ਲੈ ਕਿ ਬਠਿੰਡਾ ਦੇ ਸੋਸ਼ਲ ਗਰੁੱਪ, ਅਧਿਆਪਕ ਜਥੇਬੰਦੀਆਂ, ਸਾਹਿਤਕ ਜਥੇਬੰਦੀਆਂ ਵਲੋਂ ਸ਼ਹਿਰ 'ਚ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਮੰਗ ਕੀਤੀ ਕਿ ਹਾਥਰਸ ਦੇ ਦੋਸ਼ੀਆਂ ਨੂੰ ਤੁਰੰਤ ਸਜ਼ਾ ਦੇ ਕੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ।