ਬਠਿੰਡਾ ''ਚ ਕ੍ਰਿਸਮਸ ਤੇ ਨਵੇਂ ਸਾਲ ਮੌਕੇ ਪਟਾਕੇ ਚਲਾਉਣ ਦਾ ਸਮਾਂ ਨਿਰਧਾਰਤ
Saturday, Dec 21, 2019 - 10:53 AM (IST)
ਬਠਿੰਡਾ (ਪਰਮਿੰਦਰ) : ਵਧੀਕ ਜ਼ਿਲਾ ਮੈਜਿਸਟ੍ਰੇਟ ਬਠਿੰਡਾ ਸੁਖਪ੍ਰੀਤ ਸਿੰਘ ਸਿੱਧੂ ਵਲੋਂ ਜ਼ਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਦਿੱਤੇ ਗਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਅਤੇ ਮਾਣਯੋਗ ਸੁਪਰੀਮ ਕੋਰਟ ਵਲੋਂ ਕੀਤੀਆਂ ਹਦਾਇਤਾਂ ਅਨੁਸਾਰ ਜ਼ਿਲਾ ਬਠਿੰਡਾ 'ਚ ਤਿਉਹਾਰ ਕ੍ਰਿਸਮਸ ਅਤੇ ਨਵੇਂ ਸਾਲ ਦੇ ਮੌਕੇ 'ਤੇ ਰਾਤ 11.55 ਵਜੇ ਤੋਂ 12.30 ਵਜੇ ਤੱਕ ਲੋਕ ਪਟਾਕੇ ਚਲਾ ਸਕਦੇ ਹਨ।
ਇਸ ਤੋਂ ਇਲਾਵਾ ਸ੍ਰੀ ਗੁਰੂ ਗੋਬਿੰਦ ਸਿੰਘ ਰਿਫ਼ਾਈਨਰੀ (ਤੇਲ ਸੋਧਕ ਕਾਰਖਾਨਾ) ਫੁੱਲੋਖਾਰੀ ਦੇ ਨਜ਼ਦੀਕ ਪੈਂਦੇ ਪਿੰਡਾਂ (ਫੁੱਲੋਖਾਰੀ, ਰਾਮਾਂ ਮੰਡੀ, ਰਾਮਾ ਪਿੰਡ, ਰਾਮਸਰਾ, ਗਿਆਨਾ, ਕਣਕਵਾਲ) 'ਚ ਅਤੇ ਪਿੰਡ ਫੂਸਮੰਡੀ ਵਿਖੇ ਵੱਖ-ਵੱਖ ਤੇਲ ਕੰਪਨੀਆਂ ਦੇ ਤੇਲ ਭੰਡਾਰ ਹੋਣ ਕਾਰਨ ਇਨ੍ਹਾਂ ਪਿੰਡਾਂ ਅਤੇ ਆਲੇ-ਦੁਆਲੇ ਦੇ ਏਰੀਏ 'ਚ ਪਟਾਕੇ ਚਲਾਉਣ 'ਤੇ ਪੂਰਨ ਤੌਰ 'ਤੇ ਪਾਬੰਦੀ ਲਾਈ ਜਾਂਦੀ ਹੈ।
ਵਧੀਕ ਜ਼ਿਲਾ ਮੈਜਿਸਟ੍ਰੇਟ ਬਠਿੰਡਾ ਨੇ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ/ਐਲੀਮੈਂਟਰੀ ਬਠਿੰਡਾ ਨੂੰ ਹਦਾਇਤ ਕੀਤੀ ਕਿ ਉਹ ਇਸ ਜ਼ਿਲੇ ਦੇ ਸਾਰੇ ਸਕੂਲਾਂ ਦੇ ਅੰਦਰ ਪ੍ਰਾਰਥਨਾ ਸਭਾ ਸਮੇਂ ਉਕਤ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਪ੍ਰਤੀ ਸਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਣਗੇ ਅਤੇ ਇਸ ਸਬੰਧੀ ਸਕੂਲਾਂ ਦੀ ਡਿਸਪਲੇ ਬੋਰਡ 'ਤੇ ਵੀ ਨੋਟਿਸ ਲਾਉਣਗੇ। ਇਸ ਤੋਂ ਇਲਾਵਾ ਕਾਰਜਕਾਰੀ ਇੰਜੀਨੀਅਰ, ਪ੍ਰਦੂਸ਼ਣ ਕੰਟਰੋਲਰ, ਬਠਿੰਡਾ ਕ੍ਰਿਸਮਸ ਅਤੇ ਨਵੇਂ ਸਾਲ ਤੋਂ 7 ਦਿਨ ਪਹਿਲਾਂ ਅਤੇ 7 ਦਿਨ ਬਾਅਦ ਤੱਕ ਪ੍ਰਦੂਸ਼ਣ ਦੀ ਨਿਗਰਾਨੀ ਕਰਨਗੇ।