ਬਟਾਲਾ ’ਚ ਦਿਲ ਨੂੰ ਦਹਿਲਾਅ ਦੇਣ ਵਾਲੀ ਘਟਨਾ: ਖੂੰਖਾਰ ਪਿੱਟਬੁੱਲ ਨੇ 4 ਸਾਲਾ ਮਾਸੂਮ ਬੱਚੇ ਨੂੰ ਨੋਚਿਆ (ਤਸਵੀਰਾਂ)
Monday, Mar 15, 2021 - 06:47 PM (IST)
ਬਟਾਲਾ (ਗੁਰਪ੍ਰੀਤ) - ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਬਟਾਲਾ ਦੇ ਗ੍ਰੀਨ ਐਵੇਨਿਊ ਇਲਾਕੇ ’ਚ ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਇੱਕ 4 ਸਾਲਾਂ ਦੇ ਮਾਸੂਮ 'ਤੇ ਖੂੰਖਾਰ ਪਿੱਟ ਬੁੱਲ ਨੇ ਹਮਲਾ ਕਰ ਦਿੱਤਾ। ਪਿੱਟ ਬੁਲ ਵਲੋਂ ਕੀਤੇ ਗਏ ਅਚਾਨਕ ਹਮਲੇ ਕਾਰਨ ਮਾਸੂਮ ਬੱਚਾ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ, ਜਿਸ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ - ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ ਲਾਜ਼ਮੀ ਹੋਇਆ ਕੋਵਿਡ-19 ਟੈਸਟ, ਪੰਜਾਬ ਦੇ ਇਸ ਜ਼ਿਲ੍ਹੇ 'ਚ ਹਿਦਾਇਤਾਂ ਜਾਰੀ
ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਇਲਾਕਾ ਵਾਸੀਆਂ ਨੇ ਦੱਸਿਆ ਕਿ ਉਕਤ ਮਾਸੂਮ ਬੱਚਾ ਆਪਣੇ ਪਰਿਵਾਰ ਨਾਲ ਗ੍ਰੀਨ ਐਵੇਨਿਊ ’ਚ ਇੱਕ ਕੋਠੀ ’ਚ ਚੱਲ ਰਹੇ ਸਤਸੰਗ ਸਮਾਗਮ 'ਚ ਸ਼ਾਮਲ ਹੋਣ ਲਈ ਆਇਆ ਸੀ। ਸਮਾਗਮ ਦੇ ਸਮੇਂ ਉਹ ਬਾਹਰ ਖੜਾ ਸੀ, ਜਿਸ ’ਤੇ ਗੁਆਂਢ 'ਚ ਰਹਿੰਦੇ ਖੂੰਖਾਰ ਪਿੱਟ ਬੁਲ ਨੇ ਹਮਲਾ ਕਰ ਦਿੱਤਾ। ਕੁੱਤੇ ਨੇ ਬੱਚੇ ਨੂੰ ਬੁਰੀ ਤਰ੍ਹਾਂ ਨਾਲ ਨੋਚ-ਨੋਚ ਕੇ ਗੰਭੀਰ ਜ਼ਖਮੀ ਕਰ ਦਿੱਤਾ, ਜਿਸ ਨਾਲ ਉਹ ਤੜਪਨ ਲੱਗ ਪਿਆ।
ਆਲੇ-ਦੁਆਲੇ ਦੇ ਇਕੱਠੇ ਹੋਏ ਲੋਕਾਂ ਅਤੇ ਉਸ ਦੇ ਪਰਿਵਾਰ ਨੇ ਬੜੀ ਮੁਸ਼ਕਲ ਨਾਲ ਕੁਤੇ ਤੋਂ ਬੱਚੇ ਨੂੰ ਬਚਾਇਆ, ਜਿਸ ਤੋਂ ਬਾਅਦ ਉਹ ਉਸ ਨੂੰ ਇਲਾਜ ਲਈ ਹਪਸਤਾਲ ਲੈ ਗਏ। ਦੂਜੇ ਪਾਸੇ ਇਲਾਕਾ ਵਾਸੀਆਂ ਵਲੋਂ ਪੁਲਸ ਪ੍ਰਸ਼ਾਸਨ 'ਤੇ ਘਟਨਾ ਸਥਾਨ 'ਤੇ ਦੇਰੀ ਨਾਲ ਪਹੁੰਚਣ ਦੀ ਗੱਲ ਆਖੀ ਜਾ ਰਹੀ ਹੈ। ਲੋਕਾਂ ਨੇ ਮੰਗ ਕੀਤੀ ਕਿ ਅਜਿਹੇ ਖ਼ਤਰਨਾਕ ਕੁਤੇ ਪਾਲਣ ਵਾਲੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਹੋਣਾ ਚਾਹੀਦਾ ਹੈ, ਜਿਸ ਨਾਲ ਲੋਕਾਂ ਦੀ ਜਾਨ ਨੂੰ ਖ਼ਤਰਾ ਹੈ।