ਨਈਅਰ ਕਤਲਕਾਂਡ : ਇੰਟਰਵਿਊ ਦੌਰਾਨ ਦੋਸ਼ੀਆਂ ਨੇ ਕੀਤੇ ਵੱਡੇ ਖੁਲਾਸੇ

Thursday, Mar 12, 2020 - 10:02 AM (IST)

ਨਈਅਰ ਕਤਲਕਾਂਡ : ਇੰਟਰਵਿਊ ਦੌਰਾਨ ਦੋਸ਼ੀਆਂ ਨੇ ਕੀਤੇ ਵੱਡੇ ਖੁਲਾਸੇ

ਬਟਾਲਾ (ਬੇਰੀ) : ਬੀਤੇ ਦਿਨੀਂ ਜਦੋਂ ਬਟਾਲਾ ਪੁਲਸ ਮੁਕੇਸ਼ ਨਈਅਰ ਹੱਤਿਆਕਾਂਡ ਦੇ ਹਮਲਾਵਰਾਂ ਨੂੰ ਜੇਲ ਭੇਜਣ ਲਈ ਉਨ੍ਹਾਂ ਦਾ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਵਿਚ ਲੈ ਕੇ ਆਈ ਤਾਂ ਇਸ ਦੌਰਾਨ ਇਕ ਯੂ-ਟਿਊਬ ਚੈਨਲ ਨੂੰ ਇੰਟਰਵਿਊ 'ਚ ਮੁਲਜ਼ਮ ਕਰਨ ਅਤੇ ਮਨੀ ਉਰਫ ਮਾਊ ਨੇ ਖੁਲਾਸਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਿਸੇ ਵੀ ਅੱਤਵਾਦੀ ਜਾਂ ਗੈਂਗਸਟਰ ਗਤੀਵਿਧੀ ਨੂੰ ਅੰਜਾਮ ਨਹੀਂ ਦਿੱਤਾ ਸਗੋਂ ਮਾਂ-ਭੈਣ ਦੀ ਇੱਜ਼ਤ ਦੀ ਖਾਤਰ ਉਕਤ ਕਤਲ ਕੀਤਾ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਪੁਲਸ ਵਲੋਂ ਉਨ੍ਹਾਂ ਨੂੰ ਥਰਡ ਡਿਗਰੀ ਟਾਰਚਰ ਕਰ ਕੇ ਅਤੇ ਕਰੰਟ ਲਾ ਕੇ ਗੈਂਗਸਟਰ ਗਤੀਵਿਧੀ ਅਤੇ ਅੱਤਵਾਦੀ ਗਤੀਵਿਧੀ ਵਿਚ ਸ਼ਾਮਲ ਹੋਣ ਸਬੰਧੀ ਕਾਫੀ ਦਬਾਅ ਬਣਾਇਆ ਪਰ ਉਹ ਨਾ ਤਾਂ ਕਿਸੇ ਵੀ ਅੱਤਵਾਦੀ ਸੰਗਠਨ ਨਾਲ ਜੁੜੇ ਹਨ ਅਤੇ ਨਾ ਹੀ ਕਿਸੇ ਗੈਂਗਸਟਰ ਜਥੇਬੰਦੀ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਹੈ। ਉਕਤ ਹਮਲਾਵਰਾਂ ਨੇ ਕਿਹਾ ਕਿ ਮੁਕੇਸ਼ ਨਈਅਰ ਉਨ੍ਹਾਂ ਦੇ ਘਰ ਕੋਲ ਰਹਿੰਦਾ ਸੀ ਅਤੇ ਔਰਤਾਂ ਨੂੰ ਗੰਦੇ ਇਸ਼ਾਰੇ ਕਰਦਾ ਸੀ। ਉਨ੍ਹਾਂ ਕਿਹਾ ਕਿ ਇਸ ਬਾਰੇ ਉਨ੍ਹਾਂ ਨੇ ਮੁਕੇਸ਼ ਲਈਅਰ ਨੂੰ ਕਈ ਵਾਰ ਸਮਝਾਇਆ ਸੀ ਪਰ ਉਹ ਉਨ੍ਹਾਂ ਨੂੰ ਆਪਣੀ ਉੱਚੀ ਪਹੁੰਚ ਦੀ ਧਮਕੀ ਦਿੰਦਾ ਸੀ, ਜਿਸ ਕਾਰਣ ਉਨ੍ਹਾਂ ਨੂੰ ਕਤਲ ਕਰਨ ਲਈ ਮਜਬੂਰ ਹੋਣਾ ਪਿਆ। ਕਰਨ ਅਤੇ ਮਨੀ ਨੇ ਕਿਹਾ ਕਿ ਉਨ੍ਹਾਂ ਦੀ ਸਾਰੀ ਉਮਰ ਭਾਵੇਂ ਜੇਲ ਵਿਚ ਲੰਘ ਜਾਵੇ ਪਰ ਉਨ੍ਹਾਂ ਨੂੰ ਆਪਣੇ ਕੀਤੇ 'ਤੇ ਕੋਈ ਅਫਸੋਸ ਨਹੀਂ ਹੈ।

ਇਹ ਵੀ ਪੜ੍ਹੋ : ਨਈਅਰ ਹੱਤਿਆਕਾਂਡ ਮਾਮਲੇ 'ਚ ਸ਼ਿਵ ਸੈਨਾ ਨੇ ਦਿੱਤਾ ਪੁਲਸ ਨੂੰ ਇਕ ਹਫਤੇ ਦਾ ਅਲਟੀਮੇਟਮ

ਪਰਿਵਾਰ ਨੇ ਸਾਰੇ ਦੋਸ਼ ਨਕਾਰੇ
ਉਧਰ ਦੂਜੇ ਪਾਸੇ ਮ੍ਰਿਤਕ ਮੁਕੇਸ਼ ਨਈਅਰ ਦੀ ਪਤਨੀ ਮੀਤੂ ਨਈਅਰ ਅਤੇ ਸਮੁੱਚੇ ਪਰਿਵਾਰ ਨੇ ਹਮਲਾਵਰਾਂ ਵਲੋਂ ਲਾਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕਰਦਿਆਂ ਕਿਹਾ ਕਿ ਮੁਲਜ਼ਮ ਜੋ ਬੋਲ ਰਹੇ ਹਨ, ਉਸ ਵਿਚ ਪੁਲਸ ਦੀ ਹੀ ਕਹਾਣੀ ਸ਼ਾਮਲ ਹੈ ਅਤੇ ਮ੍ਰਿਤਕ ਬਹੁਤ ਸ਼ਰੀਫ ਅਤੇ ਗਰੀਬਾਂ ਦੀ ਮਦਦ ਕਰਨ ਵਾਲਾ ਸੀ। ਉਨ੍ਹਾਂ ਕਿਹਾ ਕਿ ਇਹ ਸਾਰੇ ਦੋਸ਼ ਮੁਕੇਸ਼ ਨੂੰ ਬਦਨਾਮ ਕਰਨ ਅਤੇ ਸੱਚਾਈ ਨੂੰ ਲੁਕਾਉਣ ਦੀ ਕੋਸ਼ਿਸ਼ ਹੈ, ਜਿਸ ਨੂੰ ਉਹ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੁਲਸ ਸੱਚਾਈ ਸਾਰਿਆਂ ਦੇ ਸਾਹਮਣੇ ਨਾ ਲੈ ਕੇ ਆਈ ਤਾਂ ਉਹ ਆਉਣ ਵਾਲੇ ਸੋਮਵਾਰ ਨੂੰ ਸੜਕਾਂ 'ਤੇ ਉਤਰ ਕੇ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਮ੍ਰਿਤਕ ਦੀ ਪਤਨੀ ਮੀਤੂ ਨਈਅਰ ਨੇ ਕਿਹਾ ਕਿ ਉਹ ਆਪਣੇ ਪਤੀ 'ਤੇ ਲੱਗੇ ਝੂਠੇ ਦੋਸ਼ਾਂ ਤੋਂ ਬੇਹੱਦ ਦੁਖੀ ਹੈ ਅਤੇ ਆਪਣੇ ਪਤੀ ਨੂੰ ਇਨਸਾਫ ਦਿਵਾ ਕੇ ਹੀ ਦਮ ਲਵੇਗੀ। ਇਸ ਦੌਰਾਨ ਮੀਤੂ ਨਈਅਰ ਅਤੇ ਪਰਿਵਾਰ ਦੇ ਸਮਰਥਨ ਵਿਚ ਮੁਹੱਲਾ ਵਾਸੀ ਵੀ ਉਤਰ ਆਏ ਅਤੇ ਉਨ੍ਹਾਂ ਵੀ ਮੁਕੇਸ਼ ਨਈਅਰ ਨੂੰ ਇਕ ਧਾਰਮਕ ਸੋਚ ਵਾਲਾ ਵਿਅਕਤੀ ਦੱਸਿਆ ਅਤੇ ਬਟਾਲਾ ਪੁਲਸ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ

 


author

Baljeet Kaur

Content Editor

Related News