6 ਫੈਕਟਰੀਆਂ ਕੋਲ ਹੈ ਪਟਾਕੇ ਬਣਾਉਣ ਦਾ ਲਾਇਸੈਂਸ, ਕੋਈ ਨਹੀਂ ਕਰ ਰਿਹਾ ਨਿਯਮਾਂ ਦੀ ਪਾਲਣਾ
Tuesday, Aug 11, 2020 - 12:21 PM (IST)
ਬਟਾਲਾ (ਬੇਰੀ) : ਪਿਛਲੇ ਸਾਲ ਸਤੰਬਰ ਮਹੀਨੇ 'ਚ ਬਟਾਲਾ ਦੀ ਗੁਰੂ ਰਾਮਦਾਸ ਕਾਲੋਨੀ ਵਿਖੇ ਸਥਿਤ ਇਕ ਪਟਾਕੇ ਫੈਕਟਰੀ 'ਚ ਭਿਆਨਕ ਬੰਬ ਧਮਾਕਾ ਹੋਇਆ ਸੀ, ਜਿਸ ਤਹਿਤ 23 ਲੋਕਾਂ ਨੇ ਆਪਣੀਆਂ ਕੀਮਤੀ ਜਾਨਾਂ ਗੁਆ ਲਈਆਂ ਸਨ ਅਤੇ ਉਸਦੇ ਨਾਲ-ਲਾਲ 50 ਦੇ ਕਰੀਬ ਲੋਕ ਜ਼ਖਮੀ ਹੋਏ ਸਨ। ਇਸ ਸਬੰਧੀ ਜਦ ਅੱਜ ਜ਼ਿਲਾ ਗੁਰਦਾਸਪੁਰ ਵਿਖੇ ਸਥਿਤ ਪਟਾਕੇ ਫੈਕਟਰੀਆਂ ਸਬੰਧੀ ਜਾਣਕਾਰੀ ਇਕੱਠੀ ਕੀਤੀ ਤਾਂ ਪਤਾ ਚੱਲਿਆ ਕਿ ਬਟਾਲਾ ਦੇ ਆਸ-ਪਾਸ ਜੋ 6 ਪਟਾਕੇ ਫੈਕਟਰੀਆਂ ਹਨ, ਉਹ ਸਰਕਾਰੀ ਨਿਯਮਾਂ ਅਤੇ ਨਿਰਦੇਸ਼ ਪੂਰੇ ਨਹੀਂ ਕਰਦੀਆਂ। ਇਸ ਲਈ ਭਵਿੱਖ 'ਚ ਇਹ ਫੈਕਟਰੀਆਂ ਵੀ ਖਤਰੇ ਤੋਂ ਖਾਲੀ ਨਹੀਂ ਹਨ। ਇਨ੍ਹਾਂ ਫੈਕਟਰੀਆਂ ਕਾਰਣ ਜਿਥੇ ਆਮ ਲੋਕਾਂ ਦੇ ਜਾਨ-ਮਾਲ ਦਾ ਨੁਕਸਾਨ ਕਦੇ ਵੀ ਹੋ ਸਕਦਾ ਹੈ, ਉਥੇ ਇਨ੍ਹਾਂ 'ਚ ਕੰਮ ਕਰਨ ਵਾਲੇ ਕਾਰੀਗਰ ਵੀ ਸੁਰੱਖਿਅਤ ਨਹੀਂ ਹਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦ ਬਟਾਲਾ ਅਤੇ ਅੰਮ੍ਰਿਤਸਰ ਵਿਚ ਸਥਿਤ ਪਟਾਕੇ ਫੈਕਟਰੀਆਂ ਵਿਚ ਏਨੇ ਵੱਡੇ ਧਮਾਕੇ ਹੋ ਚੁੱਕੇ ਹਨ ਤਾਂ ਕੀ ਸਰਕਾਰ ਹੋਰਨਾਂ ਫੈਕਟਰੀਆਂ 'ਤੇ ਸ਼ਿਕੰਜਾ ਕੱਸਣ ਲਈ ਕਦਮ ਚੁੱਕ ਰਹੀ ਹੈ? ਅਤੇ ਜੇਕਰ ਕਦਮ ਚੁੱਕ ਰਹੀ ਹੈ ਤਾਂ ਕੀ ਇਨ੍ਹਾਂ ਫੈਕਟਰੀਆਂ ਦੀ ਰੈਗੂਲਰ ਚੈਕਿੰਗ ਕਰਨ ਦੇ ਲਈ ਕੋਈ ਟੀਮਾਂ ਦਾ ਗਠਨ ਕੀਤਾ ਗਿਆ ਹੈ? ਕਿਉਂਕਿ ਦੀਵਾਲੀ ਦਾ ਸੀਜ਼ਨ ਕੁਝ ਸਮੇਂ ਵਿਚ ਸ਼ੁਰੂ ਹੋਣ ਵਾਲਾ ਹੈ।
ਇਹ ਵੀ ਪੜ੍ਹੋਂ :ਪੰਜਾਬ 'ਚ ਨਹੀਂ ਰੁਕ ਰਹੀਆਂ ਜਬਰ-ਜ਼ਿਨਾਹ ਦੀਆਂ ਵਾਰਦਾਤਾਂ, ਹੁਣ 14 ਸਾਲਾ ਕੁੜੀ ਨੂੰ ਬਣਾਇਆ ਸ਼ਿਕਾਰ
ਸਰਕਾਰੀ ਨਿਰਦੇਸ਼ਾਂ ਨੂੰ ਪੂਰਾ ਨਾ ਕਰਨ ਕਾਰਣ ਸਾਰੀਆਂ ਫੈਕਟਰੀਆਂ ਦੇ ਲਾਇਸੈਂਸ ਕੀਤੇ ਜਾਣਗੇ ਰੱਦ : ਡਿਪਟੀ ਕਮਿਸ਼ਨਰ
ਇਸ ਸਬੰਧੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਕਿਹਾ ਕਿ ਪਿਛਲੇ ਸਾਲ ਬਟਾਲਾ ਵਿਚ ਹੋਏ ਧਮਾਕੇ ਤੋਂ ਪ੍ਰਸ਼ਾਸਨ ਨੇ ਸਬਕ ਲਿਆ ਅਤੇ ਇਸ ਸਾਲ ਬਟਾਲਾ ਦੇ ਨਜ਼ਦੀਕ ਜੋ 6 ਪਟਾਕੇ ਫੈਕਟਰੀਜ਼ ਹਨ, ਉਨ੍ਹਾਂ ਦੀ ਜਾਂਚ ਲਈ 6 ਮੈਂਬਰੀ ਉੱਚ ਪੱਧਰੀ ਜਾਂਚ ਕਮੇਟੀ ਦਾ ਗਠਨ 24 ਜੂਨ ਨੂੰ ਕੀਤਾ ਗਿਆ ਸੀ, ਜਿਸਦੇ ਚੇਅਰਮੈਨ, ਜ਼ਿਲਾ ਪਲਾਨਿੰਗ ਬੋਰਡ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਝਰ ਸਨ। ਜਦਕਿ ਇਸਦੇ ਨਾਲ ਡਿਪਟੀ ਡਾਇਰੈਕਟਰ ਇੰਡਸਟਰੀ, ਲੇਬਰ ਕਮਿਸ਼ਨਰ ਬਟਾਲਾ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਬਟਾਲਾ, ਫਾਇਰ ਅਧਿਕਾਰੀ ਗੁਰਦਾਸਪੁਰ, ਜ਼ਿਲਾ ਟਾਊਨ ਪਲਾਨਰ ਆਦਿ ਮੈਂਬਰ ਸ਼ਾਮਲ ਸਨ। ਉਕਤ ਕਮੇਟੀ ਨੇ ਜੋ ਆਪਣੀ ਰਿਪੋਰਟ ਉਨ੍ਹਾਂ ਨੂੰ ਭੇਜੀ ਹੈ, ਉਸਦੇ ਅਨੁਸਾਰ ਸਾਰੀਆਂ 6 ਦੀ 6 ਫੈਕਟਰੀਆਂ ਸਰਕਾਰੀ ਨਿਯਮ ਅਤੇ ਨਿਰਦੇਸ਼ ਪੂਰੇ ਨਹੀਂ ਕਰਦੀਆਂ, ਜਿਸ ਕਾਰਣ ਉਹ ਉਨ੍ਹਾਂ ਦੇ ਲਾਇਸੈਂਸ ਰੱਦ ਕਰ ਦੇਣਗੇ ਅਤੇ ਉਕਤ ਫੈਕਟਰੀ ਮਾਲਕਾਂ ਨੂੰ ਹਦਾਇਤ ਜਾਰੀ ਕਰਨਗੇ ਕਿ ਜਦ ਤੱਕ ਉਹ ਸਰਕਾਰੀ ਨਿਯਮ ਜਾਂ ਨਿਰਦੇਸ਼ ਪੂਰੇ ਨਹੀਂ ਕਰਦੇ ਅਤੇ ਆਪਣਾ ਰੱਦ ਲਾਇਸੈਂਸ ਬਹਾਲ ਨਹੀਂ ਕਰਵਾਉਂਦੇ, ਉਦੋਂ ਤੱਕ ਕਿਸੇ ਵੀ ਤਰ੍ਹਾਂ ਦੇ ਪਟਾਕੇ ਦਾ ਨਿਰਮਾਣ ਨਹੀਂ ਕਰ ਸਕਦੇ। ਇਸ ਸਬੰਧੀ ਐੱਸ. ਐੱਸ. ਪੀ. ਬਟਾਲਾ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।
ਇਹ ਵੀ ਪੜ੍ਹੋਂ :ਦਾਜ ਦੇ ਲੋਭੀਆਂ ਨੇ ਪੁੱਤਾਂ ਵਾਂਗ ਪਾਲ਼ੀ ਧੀ ਦੀ ਜ਼ਿੰਦਗੀ ਕੀਤੀ ਤਬਾਹ, ਦਿਲ ਨੂੰ ਝੰਜੋੜ ਦੇਵੇਗੀ ਗ਼ਰੀਬ ਮਾਂ ਦੀ ਦਾਸਤਾਨ
ਕਿਥੋਂ ਮਿਲਦਾ ਹੈ ਨਾਜਾਇਜ਼ ਫੈਕਟਰੀਆਂ ਨੂੰ ਕੈਮੀਕਲ?
ਕੁਝ ਲੋਕ ਲਾਇਸੈਂਸ ਦੇ ਬਿਨਾਂ ਵੀ ਚੋਰੀ ਛੁਪੇ ਨਾਜਾਇਜ਼ ਫੈਕਟਰੀਆਂ ਦੇ ਰਾਹੀਂ ਪਟਾਕਿਆਂ ਦਾ ਨਿਰਮਾਣ ਕਰਦੇ ਹਨ ਅਤੇ ਇਨ੍ਹਾਂ ਨਾਜਾਇਜ਼ ਫੈਕਟਰੀਆਂ ਨੂੰ ਪਟਾਕੇ ਬਣਾਉਣ ਲਈ ਕੈਮੀਕਲ ਕਿੱਥੋਂ ਮਿਲਦਾ ਹੈ, ਇਹ ਵੀ ਇਕ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਸ ਕੈਮੀਕਲ ਤੋਂ ਇਕ ਗ੍ਰਨੇਡ ਵਰਗਾ ਬੰਬ ਬਣਾਇਆ ਜਾ ਸਕਦਾ ਹੈ। ਸੂਤਰਾਂ ਅਨੁਸਾਰ ਇਹ ਕੈਮੀਕਲ ਬਾਹਰੀ ਸੂਬਿਆਂ ਤੋਂ ਪੰਜਾਬ ਵਿਚ ਸਪਲਾਈ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋਂ : ਸੁਹਾਵਣੇ ਮੌਸਮ 'ਚ ਸ੍ਰੀ ਹਰਿਮੰਦਰ ਸਾਹਿਬ ਦਾ ਅਲੌਕਿਕ ਦ੍ਰਿਸ਼, ਦਰਸ਼ਨ ਕਰ ਨਿਹਾਲ ਹੋਈਆਂ ਸੰਗਤਾਂ
ਕੀ ਕਹਿਣਾ ਹੈ ਜਾਂਚ ਕਮੇਟੀ ਦੇ ਚੇਅਰਮੈਨ ਦਾ
ਇਸ ਸਬੰਧੀ ਜਾਂਚ ਕਮੇਟੀ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਝਰ ਨੇ ਦੱਸਿਆ ਕਿ ਉਨ੍ਹਾਂ ਦੀ ਪ੍ਰਧਾਨਗੀ ਹੇਠ ਗਠਿਤ ਜਾਂਚ ਕਮੇਟੀ ਵਲੋਂ ਜੋ ਸਿਫਾਰਿਸ਼ਾਂ ਡਿਪਟੀ ਕਮਿਸ਼ਨਰ ਨੂੰ ਭੇਜੀਆਂ ਗਈਆਂ ਹਨ, ਉਨ੍ਹਾਂ ਅਨੁਸਾਰ ਉਕਤ ਪਟਾਕਾ ਫੈਕਟਰੀਆਂ ਸਰਕਾਰੀ ਨਿਯਮ ਅਤੇ ਨਿਰਦੇਸ਼ ਪੂਰੇ ਨਹੀਂ ਕਰਦੀਆਂ, ਜਿਸ ਕਾਰਣ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੋਂ ਇਨ੍ਹਾਂ ਦੇ ਲਾਇਸੈਂਸ ਰੱਦ ਕਰਨ ਲਈ ਸਿਫਾਰਿਸ਼ ਕੀਤੀ ਹੈ। ਚੇਅਰਮੈਨ ਨਿੱਝਰ ਨੇ ਕਿਹਾ ਕਿ ਇਨ੍ਹਾਂ ਪਟਾਕਾ ਫੈਕਟਰੀਆਂ ਵਿਚ 2 ਕਾਦੀਆਂ 'ਚ, 1 ਪਿੰਡ ਰਾਮਪੁਰ, 1 ਫੈਕਟਰੀ ਪਿੰਡ ਭਾਮ, 1 ਫੈਕਟਰੀ ਹਰਚੋਵਾਲ ਰੋਡ ਕਾਦੀਆਂ ਅਤੇ 1 ਫੈਕਟਰੀ ਰਾਮਪੁਰ ਰੋਡ ਕਾਦੀਆਂ ਸ਼ਾਮਲ ਹਨ।
ਇਹ ਵੀ ਪੜ੍ਹੋਂ : ਰਿਸ਼ਤੇ ਹੋਏ ਸ਼ਰਮਸਾਰ : ਹਵਸ ਦੇ ਭੁੱਖੇ ਸਹੁਰੇ ਨੇ ਨੂੰਹ ਨਾਲ ਕੀਤਾ ਜਬਰ-ਜ਼ਿਨਾਹ
ਕਿਵੇਂ ਮਿਲਦਾ ਹੈ ਐਕਸਪਲੋਸਿਵ ਵਿਭਾਗ ਦਾ ਲਾਈਸੈਂਸ
- ਪਟਾਕੇ ਬਣਾਉਣ ਵਾਲੀਆਂ ਫੈਕਟਰੀਆਂ ਨੂੰ ਕੇਂਦਰ ਸਰਕਾਰ ਦੇ ਐਕਪਲੋਸਿਵ ਵਿਭਾਗ ਦੇ ਨਾਲ-ਨਾਲ ਬਾਕੀ ਵਿਭਾਗਾਂ ਤੋਂ ਵੀ ਕਲੀਰੈਂਸ ਲੈਣੀ ਪੈਂਦੀ ਹੈ ਅਤੇ ਜਦੋਂ ਤੱਕ ਬਾਕੀ ਵਿਭਾਗ ਆਪਣੀ ਕਲੀਰੈਂਸ ਨਹੀਂ ਦਿੰਦੇ, ਉਦੋਂ ਤੱਕ ਡਿਪਟੀ ਕਮਿਸ਼ਨਰ ਇਨ੍ਹਾਂ ਦੇ ਲਾਈਸੈਂਸ ਰੱਦ ਕਰ ਸਕਦੇ ਹਨ ਅਤੇ ਸੇਫਟੀ ਨਿਯਮ ਪੂਰੇ ਹੋਣ ਉਪਰੰਤ ਲਾਈਸੈਂਸ ਜਾਰੀ ਕੀਤਾ ਜਾਂਦਾ ਹੈ।
-ਪਟਾਕੇ ਬਣਾਉਣ ਦਾ ਲਾਇਸੈਂਸ ਲੈਣ ਲਈ ਘੱਟ ਤੋਂ ਘੱਟ ਇਕ ਏਕੜ ਜ਼ਮੀਨ ਹੋਣੀ ਚਾਹੀਦੀ ਹੈ। ਇਸ ਜਮੀਨ ਦੇ ਆਸ-ਪਾਸ ਕੋਈ ਰਿਹਾਇਸ਼ ਨਹੀਂ ਹੋਣੀ ਚਾਹੀਦੀ।-ਜਿਸ ਸਥਾਨ 'ਤੇ ਪਟਾਕਾ ਫੈਕਟਰੀ ਲਗਾਉਣੀ ਹੈ, ਉਸਦੇ ਅੱਗੇ ਜਾਂ ਪਿੱਛੇ 100 ਮੀਟਰ ਤੱਕ ਕੁਝ ਨਹੀਂ ਹੋਣਾ ਚਾਹੀਦਾ ਹੈ।
- ਪਟਾਕਾ ਫੈਕਟਰੀ ਵਿਚ ਕੰਮ ਕਰਨ ਵਾਲੇ ਫੋਰਮੈਨ ਦੇ ਕੋਲ ਐਕਸਪਲੋਸਿਵ ਵਿਭਾਗ ਦਾ ਲਾਇਸੈਂਸ ਹੋਣਾ ਚਾਹੀਦਾ ਹੈ।
- ਜਿਸ ਕਮਰੇ 'ਚ ਪਟਾਕੇ ਪੈਕ ਕੀਤੇ ਜਾਂਦੇ ਹਨ, ਉਸ ਕਮਰੇ ਤੋਂ ਦੂਸਰੇ ਕਮਰੇ 'ਚ ਤਿੰਨ ਮੀਟਰ ਤੋਂ 9 ਮੀਟਰ ਤੱਕ ਹੀ ਦੂਰੀ ਹੋਣੀ ਚਾਹੀਦੀ ਹੈ ਅਤੇ ਬਿਜਲੀ ਦੀਆਂ ਤਾਰਾਂ, ਗੈਸ ਸਿਲੰਡਰ ਇਥੋਂ ਤੱਕ ਕਿ ਮੋਬਾਇਲ ਵੀ ਨਹੀਂ ਲਿਜਾਇਆ ਜਾ ਸਕਦਾ।
- ਪਟਾਕੇ ਬਣਾਉਣ ਵਾਲੀ ਫੈਕਟਰੀ ਵਿਚ ਅੱਗ ਬੁਝਾਉਣ ਵਾਲੇ ਯੰਤਰ, ਪਾਣੀ ਅਤੇ ਰੇਤ ਦੀਆਂ ਬੋਰੀਆਂ ਹੋਣੀਆਂ ਲਾਜ਼ਮੀ ਹਨ।
- ਪਟਾਕੇ ਬਣਾਉਣ ਵਾਲੇ ਕਾਰੀਗਰਾਂ ਦਾ ਮੈਡੀਕਲ ਕਰਵਾਉਣਾ ਜ਼ਰੂਰੀ ਹੈ। ਪਟਾਖੇ ਬਣਾਉਣ ਲਈ ਪਾਬੰਦੀਸ਼ੁਦਾ ਕੈਮੀਕਲਜ਼ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ।