ਸਹੁਰਿਆਂ ਤੋਂ ਤੰਗ ਵਿਅਕਤੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

Sunday, Sep 08, 2019 - 05:16 PM (IST)

ਬਟਾਲਾ/ਘੁਮਾਣ (ਬੇਰੀ, ਸਰਬਜੀਤ) : ਸਹੁਰਿਆਂ ਤੋਂ ਤੰਗ ਇਕ ਵਿਅਕਤੀ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਘੁਮਾਣ ਦੇ ਐੱਸ. ਆਈ. ਦਰਸ਼ਨ ਸਿੰਘ ਨੇ ਦੱਸਿਆ ਕਿ ਸਤਨਾਮ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਪੰਡੋਰੀ ਦੀ ਕਰੀਬ 6 ਮਹੀਨੇ ਪਹਿਲਾਂ ਸਿਮਰਜੀਤ ਕੌਰ ਪੁੱਤਰੀ ਹਰਵਿੰਦਰਪਾਲ ਸਿੰਘ ਵਾਸੀ ਕੋਟਲੀ ਢਾਡੀਆਂ ਥਾਣਾ ਘਣੀਏ-ਕੇ-ਬਾਂਗਰ ਨਾਲ ਕੋਰਟ ਮੈਰਿਜ ਹੋਈ ਸੀ। ਉਨ੍ਹਾਂ ਦੱਸਿਆ ਕਿ ਸਿਮਰਜੀਤ ਕੌਰ ਦੇ ਆਈਲੈਟਸ 'ਚ ਸਾਢੇ 6 ਬੈਂਡ ਸਨ ਜਿਸਦੇ ਚੱਲਦੇ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਦੋਵਾਂ ਨੇ ਵਿਦੇਸ਼ ਜਾਣਾ ਸੀ। ਉਨ੍ਹਾਂ ਦੱਸਿਆ ਕਿ ਵਿਦੇਸ਼ ਜਾਣ ਲਈ ਉਕਤ ਨੇ ਆਪਣੀ ਫਾਈਲ ਇਕ ਏਜੰਟ ਕੋਲ ਲਗਵਾਈ ਸੀ ਅਤੇ ਉਸ ਏਜੰਟ ਨੇ ਸਤਨਾਮ ਅਤੇ ਸਿਮਰਜੀਤ ਦਾ ਇਕ ਜੁਆਇੰਟ ਖਾਤਾ ਖੁਲ੍ਹਵਾਇਆ ਅਤੇ ਉਸ 'ਚ 17 ਲੱਖ ਰੁਪਏ ਜਮ੍ਹਾਂ ਕਰਵਾ ਦਿੱਤੇ ਜਦਕਿ 18 ਲੱਖ ਰੁਪਏ ਲੜਕੀ ਦੇ ਪਿਤਾ ਹਰਵਿੰਦਰਪਾਲ ਸਿੰਘ ਦੇ ਖਾਤੇ ਵਿਚ ਜਮ੍ਹਾਂ ਕਰਵਾ ਦਿੱਤੇ ਤਾਂ ਜੋ ਦੋਵਾਂ ਦੀ ਫਾਈਲ ਕਲੀਅਰ ਹੋ ਸਕੇ।

ਐੱਸ. ਆਈ. ਦਰਸ਼ਨ ਸਿੰਘ ਨੇ ਦੱਸਿਆ ਕਿ ਬਾਅਦ 'ਚ ਲੜਕਾ ਪਰਿਵਾਰ ਵਲੋਂ ਆਪਣੇ ਖਾਤੇ 'ਚ ਜਮ੍ਹਾਂ ਹੋਏ 17 ਲੱਖ ਰੁਪਏ ਏਜੰਟ ਨੂੰ ਵਾਪਸ ਕਰ ਦਿੱਤੇ ਜਦਕਿ ਲੜਕੀ ਦਾ ਪਿਤਾ ਹਰਵਿੰਦਰਪਾਲ ਸਿੰਘ ਤੇ ਉਸਦੇ ਪਰਿਵਾਰਕ ਮੈਂਬਰ ਪੈਸੇ ਦੇਣ ਤੋਂ ਆਨਾਕਾਨੀ ਕਰਨ ਲੱਗ ਪਏ ਅਤੇ ਕਾਫੀ ਸਮਝਾਉਣ ਦੇ ਬਾਵਜੂਦ ਜਦ ਲੜਕੀ ਪਰਿਵਾਰ ਨੇ ਪੈਸੇ ਵਾਪਸ ਨਾ ਕੀਤੇ ਤਾਂ ਸਤਨਾਮ ਨੇ ਪਤਨੀ ਸਿਮਰਜੀਤ ਕੌਰ ਨੂੰ ਫੋਨ ਕਰ ਕੇ ਕਿਹਾ ਕਿ ਉਹ ਆਪਣੇ ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਖੇਤਾਂ 'ਚ ਲੱਗੀ ਮੋਟਰ 'ਤੇ ਜਾ ਕੇ ਆਤਮ-ਹੱਤਿਆ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਸਿਮਰਜੀਤ ਕੌਰ ਅਤੇ ਪਰਿਵਾਰਕ ਮੈਂਬਰਾਂ ਨੇ ਮੌਕੇ 'ਤੇ ਪਹੁੰਚੇ ਤਾਂ ਵੇਖਿਆ ਕਿ ਸਤਨਾਮ ਨੇ ਫਾਹਾ ਲੈ ਕੇ ਆਪਣੀ ਜੀਵਨ-ਲੀਲਾ ਖਤਮ ਕਰ ਲਈ ਹੈ।

ਐੱਸ. ਆਈ. ਦਰਸ਼ਨ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਪੁਲਸ ਨੇ ਕਾਰਵਾਈ ਕਰਦਿਆਂ ਮ੍ਰਿਤਕ ਦੀ ਮਾਤਾ ਰਾਜਵਿੰਦਰ ਕੌਰ ਪਤਨੀ ਲਖਵਿੰਦਰ ਸਿੰਘ ਦੇ ਬਿਆਨਾਂ 'ਤੇ ਥਾਣਾ ਘੁਮਾਣ ਵਿਖੇ ਲੜਕੇ ਦੀ ਸੱਸ ਰਵਿੰਦਰ ਕੌਰ ਪਤਨੀ ਹਰਵਿੰਦਰਪਾਲ ਸਿੰਘ, ਸਹੁਰੇ ਹਰਵਿੰਦਰਪਾਲ ਸਿੰਘ ਪੁੱਤਰ ਕਰਤਾਰ ਸਿੰਘ, ਮਾਸੀ ਸੱਸ ਸੁਖਵੰਤ ਕੌਰ ਪਤਨੀ ਹਰਦੇਵ ਸਿੰਘ, ਮਾਸੀ ਸੱਸ ਪਲਵਿੰਦਰ ਕੌਰ ਪਤਨੀ ਕੁਲਦੀਪ ਕੌਰ ਅਤੇ ਮਾਮੇ ਸਹੁਰੇ ਪ੍ਰਗਟ ਸਿੰਘ ਪੁੱਤਰ ਰਤਨ ਸਿੰਘ ਵਿਰੁੱਧ  ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Baljeet Kaur

Content Editor

Related News