ਸਤੰਬਰ ਤੋਂ ਪਹਿਲਾਂ ਤਿਆਰ ਹੋਵੇਗੀ ਕਰਤਾਰਪੁਰ ਲਾਂਘੇ ਵਾਲੀ ਫੋਰ-ਲੇਨ ਸੜਕ

Saturday, Apr 06, 2019 - 12:02 PM (IST)

ਸਤੰਬਰ ਤੋਂ ਪਹਿਲਾਂ ਤਿਆਰ ਹੋਵੇਗੀ ਕਰਤਾਰਪੁਰ ਲਾਂਘੇ ਵਾਲੀ ਫੋਰ-ਲੇਨ ਸੜਕ

ਬਟਾਲਾ/ਡੇਰਾ ਬਾਬਾ ਨਾਨਕ (ਬੇਰੀ/ਕੰਵਲਜੀਤ) : ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਵਾਸਤੇ ਪਿੰਡ ਮਾਨ ਤੋਂ ਭਾਰਤ-ਪਾਕਿ ਸਰਹੱਦ ਤੱਕ ਤਿਆਰ ਹੋਣ ਵਾਲੀ ਫੋਰ ਲੇਨ-ਸੜਕ ਦੇ ਨਿਰਮਾਣ ਦਾ ਕੰਮ ਸ਼ੁੱਕਰਵਾਰ ਨੂੰ ਸੀਗਾਲ ਕੰਪਨੀ ਦੇ ਅਧਿਕਾਰੀਆਂ ਵੱਲੋਂ ਸ਼ੁਰੂ ਕਰਵਾ ਦਿੱਤਾ ਗਿਆ ਹੈ। ਸੜਕ ਮੰਤਰਾਲੇ ਵੱਲੋਂ ਐਕਵਾਇਰ ਕੀਤੀ ਗਈ ਜ਼ਮੀਨ ਉੱਪਰ ਟਿੱਪਰਾਂ ਰਾਹੀਂ ਮਿੱਟੀ ਪਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਕੰਮ ਦੀ ਸ਼ੁਰੂਆਤ ਤੋਂ ਪਹਿਲਾਂ ਵਿਧੀਪੂਰਵਕ ਭੂਮੀ ਪੂਜਨ ਕੀਤਾ ਗਿਆ ਤੇ ਲੱਡੂਆਂ ਦਾ ਪ੍ਰਸ਼ਾਦ ਵੀ ਵੰਡਿਆ ਗਿਆ। ਇਸ ਸੜਕ ਦੇ ਰਸਮੀ ਤੌਰ 'ਤੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਵਾਉਣ ਲਈ ਸੀਗਾਲ ਕੰਪਨੀ ਦੇ ਅਧਿਕਾਰੀ ਵਿਸ਼ੇਸ਼ ਤੌਰ 'ਤੇ ਪਹੁੰਚੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕੰਪਨੀ ਦੇ ਵਾਈਸ ਪ੍ਰੈਜ਼ੀਡੈਂਟ ਜਤਿੰਦਰ ਸਿੰਘ ਨੇ ਦੱਸਿਆ ਕਿ ਇਸ ਸੜਕ ਉੱਪਰ ਮਿੱਟੀ ਪਾਉਣ ਦਾ ਕੰਮ ਮਾਨਸੂਨ ਸੀਜ਼ਨ ਤੋਂ ਪਹਿਲਾਂ ਮੁਕੰਮਲ ਕਰ ਲਿਆ ਜਾਵੇਗਾ ਅਤੇ ਸਤੰਬਰ ਮਹੀਨੇ ਤੋਂ ਪਹਿਲਾਂ-ਪਹਿਲਾਂ ਸੜਕ ਨਿਰਮਾਣ ਦਾ ਕੰਮ ਵੀ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਆਈ.ਪੀ.ਸੀ. ਟਰਮੀਨਲ ਦੇ ਨਾਲ ਹੀ ਸਰਹੱਦ ਉੱਪਰ ਦੀ ਪੁਲ ਦੇ ਨਿਰਮਾਣ ਦਾ ਕੰਮ ਵੀ ਕੱਲ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਜਿਸ ਦੀ ਲੰਬਾਈ 50 ਮੀਟਰ ਹੋਵੇਗੀ ਤੇ ਇਹ ਪੁਲ ਕੰਡਿਆਲੀ ਤਾਰ ਦੇ ਉੱਪਰ ਤੋਂ ਬਣੇਗਾ। ਜਤਿੰਦਰ ਸਿੰਘ ਨੇ ਦਸਿਆ ਕਿ ਲੈਂਡ ਪੋਰਟ ਅਥਾਰਿਟੀ ਵੱਲੋਂ ਸਰਹੱਦ ਦੇ ਨੇੜੇ ਯਾਤਰੀ ਟਰਮੀਨਲ ਦੇ ਨਿਰਮਾਣ ਦਾ ਕੰਮ ਵੀ 13 ਅਪੈਲ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਅੰਦਰ ਸਾਰੇ ਪ੍ਰੋਜੈਕਟਾਂ ਦੇ ਨਿਰਮਾਣ ਕਾਰਜਾਂ 'ਚ ਹੋਰ ਤੇਜ਼ੀ ਲਿਆਂਦੀ ਜਾਵੇਗੀ।


author

cherry

Content Editor

Related News