ਵਿਦੇਸ਼ ਜਾਣ ਦੀ ਇੱਛਾ ਨੇ ਲੈ ਲਈ 28 ਸਾਲਾ ਵਿਆਹੁਤਾ ਦੀ ਜਾਨ!
Saturday, Feb 09, 2019 - 11:53 AM (IST)

ਬੱਸੀ ਪਠਾਣਾਂ (ਰਾਜਕਮਲ)—ਬੱਸੀ ਪਠਾਣਾਂ ਦੀ ਪੁਰਾਣੀ ਅਨਾਜ ਮੰਡੀ ਵਿਚ ਰਹਿਣ ਵਾਲੀ ਇਕ 28 ਸਾਲਾ ਵਿਆਹੁਤਾ ਨੇ ਵਿਦੇਸ਼ ਨਾ ਪਹੁੰਚ ਸਕਣ ਕਾਰਨ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਕੇ ਜਿਥੇ ਆਪਣੀ ਜ਼ਿੰਦਗੀ ਖਤਮ ਕਰ ਲਈ ਉਥੇ ਸਿਰਫ਼ 3 ਸਾਲਾ ਮਾਸੂਮ ਬੱਚੀ ਨੂੰ ਵੀ ਮਾਂ ਦੇ ਪਿਆਰ ਤੋਂ ਵਾਂਝਾ ਕਰ ਦਿੱਤਾ। ਬੱਸੀ ਪਠਾਣਾਂ ਪੁਲਸ ਵਲੋਂ ਮ੍ਰਿਤਕਾ ਦੇ ਪਤੀ ਮਨਿੰਦਰ ਸਿੰਘ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀ ਗਈ ਹੈ।
ਕੀ ਹੈ ਮਾਮਲਾ : ਪੁਲਸ ਚੌਕੀ ਮੁਖੀ ਹਰਮਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਮਨਮੀਤ ਕੌਰ ਦੇ ਪਤੀ ਮਨਿੰਦਰ ਸਿੰਘ ਵਲੋਂ ਪੁਲਸ ਦੇ ਕੋਲ ਦਰਜ ਕਰਵਾਏ ਗਏ ਬਿਆਨਾਂ ਮੁਤਾਬਕ ਮਨਮੀਤ ਕੌਰ ਦਾ ਵਿਆਹ 5 ਸਾਲ ਪਹਿਲਾਂ ਉੁਸ ਨਾਲ ਹੋਇਆ ਸੀ ਅਤੇ ਉਨ੍ਹਾਂ ਦੀ ਇਕ 3 ਸਾਲ ਦੀ ਧੀ ਵੀ ਹੈ। ਉਸਦੀ ਪਤਨੀ ਫਤਿਹਗੜ੍ਹ ਸਾਹਿਬ ਵਿਖੇ ਸਥਿਤ ਇਕ ਇੰਸਟੀਚਿਊਟ ਵਿਚ ਬੱਚਿਆਂ ਨੂੰ ਆਈਲੈਟਸ ਦੀ ਕੋਚਿੰਗ ਦਿੰਦੀ ਸੀ। ਉਸ ਦੀ ਪਤਨੀ ਨੂੰ ਵਿਦੇਸ਼ ਜਾਣ ਦਾ ਬੜਾ ਸ਼ੌਕ ਸੀ ਅਤੇ ਇਸੇ ਚੱਕਰ ਵਿਚ ਉਨ੍ਹਾਂ ਨੇ ਕਿਸੇ ਤੋਂ ਲਗਭਗ ਢਾਈ ਲੱਖ ਰੁਪਏ ਉਧਾਰ ਲੈ ਕੇ ਵਿਦੇਸ਼ ਜਾਣ ਲਈ ਕਿਸੇ ਏਜੰਟ ਕੋਲ ਫਾਈਲ ਲਗਾਈ ਹੋਈ ਸੀ।
ਕਿਸੇ ਕਾਰਨ ਫਾਈਲ ਰਿਜੈਕਟ ਹੋਣ ਅਤੇ ਢਾਈ ਲੱਖ ਰੁਪਏ ਦਾ ਕਰਜ਼ਾ ਸਿਰ 'ਤੇ ਚੜ੍ਹ ਜਾਣ ਕਾਰਨ ਉਸਦੀ ਪਤਨੀ ਪਿਛਲੇ ਕਈ ਦਿਨਾਂ ਤੋਂ ਡਿਪ੍ਰੈਸ਼ਨ ਵਿਚ ਰਹਿਣ ਲੱਗੀ ਸੀ। ਉਸ ਨੇ ਦੱਸਿਆ ਕਿ ਉਸਦੀ ਪਤਨੀ ਮਨਮੀਤ ਕੌਰ ਨੇ ਬੀਤੇ ਦਿਨ ਸਵੇਰੇ ਘਰ ਤੋਂ ਸਕੂਟੀ 'ਤੇ ਫਤਿਹਗੜ੍ਹ ਸਾਹਿਬ ਇੰਸਟੀਚਿਊਟ ਵਿਖੇ ਡਿਊਟੀ ਜਾਣ ਦੀ ਥਾਂ ਨੇੜਲੇ ਪਿੰਡ ਖਾਲਸਪੁਰ ਦੀ ਨਹਿਰ ਵਿਚ ਛਾਲ ਲਗਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਐੱਸ. ਆਈ. ਹਰਮਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪਤੀ ਮਨਿੰਦਰ ਸਿੰਘ ਦੇ ਬਿਆਨਾਂ 'ਤੇ ਕਾਰਵਾਈ ਹਿੱਤ ਪੁਲਸ ਵਲੋਂ 174 ਦੀ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਦੇ ਦਿੱਤੀ ਗਈ ਹੈ।