ਰਿਸ਼ਤੇ ਹੋਏ ਤਾਰ-ਤਾਰ: ਪਤਨੀ ਨੇ ਭਰਾ ਤੇ ਜੀਜੇ ਨਾਲ ਮਿਲ ਪਤੀ ਨੂੰ ਦਿੱਤੀ ਸੀ ਖੌਫਨਾਕ ਮੌਤ, ਇੰਝ ਹੋਇਆ ਖੁਲਾਸਾ
Tuesday, Aug 11, 2020 - 06:24 PM (IST)
ਬੱਸੀ ਪਠਾਣਾਂ (ਰਾਜਕਮਲ, ਸੁਰੇਸ਼): ਬੱਸੀ ਪਠਾਣਾਂ ਪੁਲਸ ਵਲੋਂ ਬੀਤੇ ਦਿਨ ਪਿੰਡ ਰਾਮਪੁਰ ਕਲੇਰਾਂ ਵਿਖੇ ਇਕ ਨੌਜਵਾਨ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ 24 ਘੰਟੇ ਦੇ ਅੰਦਰ ਸੁਲਝਾਅ ਲਈ ਗਈ ਹੈ ਤੇ ਪੁਲਸ ਵਲੋਂ ਇਸ ਮਾਮਲੇ 'ਚ ਕਥਿਤ ਦੋਸ਼ੀਆਂ ਮ੍ਰਿਤਕ ਪਰਮਜੀਤ ਸਿੰਘ ਉਰਫ਼ ਰਾਜੂ ਦੀ ਪਤਨੀ ਕੁਲਦੀਪ ਕੌਰ, ਸਾਂਢੂ ਮਨਿੰਦਰ ਸਿੰਘ ਉਰਫ਼ ਮਨੀ ਪੁੱਤਰ ਕਮਿੱਕਰ ਸਿੰਘ ਵਾਸੀ ਪਿੰਡ ਸੇਹ, ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ, ਮ੍ਰਿਤਕ ਦਾ ਸਾਲਾ ਸੰਨੀ ਉਰਫ਼ ਸੁੱਖਾ ਪੁੱਤਰ ਭਜਨ ਸਿੰਘ ਵਾਸੀ ਟਾਹਲੀ ਵਾਲਾ ਚੌਕ ਅੰਮ੍ਰਿਤਸਰ ਹਾਲ ਨਿਵਾਸੀ ਗੁਰਦੁਆਰਾ ਸਾਹਿਬ ਪਿੰਡ ਜਰਗ ਤੇ ਪਰਵਿੰਦਰ ਸਿੰਘ ਉਰਫ਼ ਗੱਗੀ ਪੁੱਤਰ ਮਹਿੰਦਰ ਸਿੰਘ ਵਾਸੀ ਭੂਦਨ ਜ਼ਿਲ੍ਹਾ ਸੰਗਰੂਰ ਨੂੰ ਗ੍ਰਿਫ਼ਤਾਰ ਕਰ ਲਿਆ।
ਇਸ ਸਬੰਧੀ ਥਾਣਾ ਬੱਸੀ ਪਠਾਣਾਂ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਅਮਨੀਤ ਕੌਂਡਲ ਨੇ ਦੱਸਿਆ ਕਿ ਐੱਸ.ਐੱਚ.ਓ. ਮਨਪ੍ਰੀਤ ਸਿੰਘ ਦਿਓਲ ਨੂੰ ਇਹ ਸੂਚਨਾ ਮਿਲੀ ਸੀ ਕਿ ਪਿੰਡ ਰਾਮਪੁਰ ਕਲੇਰਾਂ ਵਿਖੇ ਪਰਮਜੀਤ ਸਿੰਘ ਉਰਫ਼ ਰਾਜੂ ਪੁੱਤਰ ਗੁਰਦੀਪ ਸਿੰਘ ਵਾਸੀ ਰਾਮਪੁਰ ਕਲੇਰਾਂ ਦਾ ਕਿਸੇ ਨੇ ਕਤਲ ਕਰ ਦਿੱਤਾ ਹੈ, ਜਿਸ 'ਤੇ ਇੰਸ. ਮਨਪ੍ਰੀਤ ਸਿੰਘ ਨੇ ਸ਼ਿਕਾਇਤਕਰਤਾ ਮੰਗਲਦੀਪ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਰਾਮਪੁਰ ਕਲੇਰਾਂ ਦੇ ਬਿਆਨਾਂ 'ਤੇ ਥਾਣਾ ਬੱਸੀ ਪਠਾਣਾਂ ਵਿਖੇ ਆਈ.ਪੀ.ਸੀ. ਦੀ ਧਾਰਾ 302, 34, 120ਬੀ ਅਧੀਨ ਮਾਮਲਾ ਦਰਜ ਕਰ ਲਿਆ, ਜਿਸ 'ਤੇ ਉਹ ਖੁਦ ਐੱਸ. ਪੀ. (ਡੀ) ਹਰਪਾਲ ਸਿੰਘ, ਡੀ. ਐੱਸ. ਪੀ. ਸੁਖਮਿੰਦਰ ਸਿੰਘ ਚੌਹਾਨ, ਐੱਸ.ਐੱਚ.ਓ. ਮਨਪ੍ਰੀਤ ਸਿੰਘ ਦਿਓਲ ਤੇ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਬਾਰੀਕੀ ਨਾਲ ਤਫ਼ਤੀਸ਼ ਕੀਤੀ ਗਈ ਤਾਂ ਉਕਤ ਕਥਿਤ ਦੋਸ਼ੀਆਂ ਬਾਰੇ ਪਤਾ ਲੱਗ ਗਿਆ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਦੇ ਹੋਏ ਇਕ ਮੋਟਰਸਾਈਕਲ ਨੰਬਰ ਪੀ. ਬੀ.10ਈ.ਯੂ.-7186 ਤੇ ਡੇਕ ਦੀ ਤਾਜ਼ੀ ਲੱਕੜ ਦਾ ਡੰਡਾ ਵੀ ਬਰਾਮਦ ਕੀਤਾ ਗਿਆ। ਐੱਸ . ਐੱਸ . ਪੀ. ਨੇ ਬੱਸੀ ਪਠਾਣਾਂ ਪੁਲਸ ਦੀ ਕਾਰਜਸ਼ੈਲੀ ਦੀ ਸ਼ਲਾਘਾ ਕੀਤੀ।
ਇਹ ਵੀ ਪੜ੍ਹੋ: ਕੈਪਟਨ ਜੀ, ਦਾਅਵਾ 4 ਹਫਤਿਆਂ ਦਾ ਸੀ ਪਰ ਬੀਤ ਗਏ 40 ਹਫਤੇ, ਕਦੋਂ ਹੋਵੇਗਾ ਪੰਜਾਬ ਨਸ਼ਾਮੁਕਤ
ਇਸ ਤਰ੍ਹਾਂ ਮਾਮਲੇ ਦਾ ਹੋਇਆ ਪਰਦਾਫਾਸ਼
ਸ਼ਿਕਾਇਤਕਰਤਾ ਮੰਗਲਦੀਪ ਸਿੰਘ ਵਾਸੀ ਰਾਮਪੁਰ ਕਲੇਰਾਂ ਨੇ ਜਾਂਚ ਦੌਰਾਨ ਪੁਲਸ ਨੂੰ ਦੱਸਿਆ ਕਿ ਬੀਤੇ ਦਿਨ ਉਹ ਜਦੋਂ ਆਪਣੀ ਮਾਸੀ ਦੇ ਮੁੰਡੇ ਹਰਪ੍ਰੀਤ ਸਿੰਘ ਵਾਸੀ ਲੁਹਾਰੀ ਕਲਾਂ ਦੇ ਵਿਆਹ ਦੇ ਮੇਲ 'ਚ ਸ਼ਾਮਲ ਹੋਣ ਉਪਰੰਤ ਰਾਤ ਨੂੰ ਆਪਣੀ ਕਾਰ 'ਚ ਵਾਪਸ ਪਿੰਡ ਨੂੰ ਆ ਰਿਹਾ ਸੀ ਤਾਂ ਜਦੋਂ ਉਹ ਮੇਨ ਰੋਡ ਤੋਂ ਆਪਣੇ ਪਿੰਡ ਵਾਲੀ ਲਿੰਕ ਸੜਕ ਨੂੰ ਮੁੜਿਆ ਤਾਂ ਪੁਲੀ ਨੇੜੇ ਇਕ ਮੋਟਰਸਾਈਕਲ ਨੰਬਰ ਪੀ. ਬੀ.10ਈ.ਯੂ.-7186 ਖੜ੍ਹਾ ਸੀ ਅਤੇ ਪੁਲੀ 'ਤੇ ਉਸ ਦੇ ਸ਼ਰੀਕੇ 'ਚ ਲੱਗਦੇ ਭਰਾ ਪਰਮਜੀਤ ਸਿੰਘ ਉਰਫ਼ ਰਾਜੂ ਦਾ ਸਾਂਢੂ ਮਨਿੰਦਰ ਸਿੰਘ ਉਰਫ਼ ਮਨੀ ਤੇ ਪਰਵਿੰਦਰ ਸਿੰਘ ਉਰਫ਼ ਗੱਗੀ ਬੈਠੇ ਸਨ। ਕੁਝ ਦੂਰ ਰੇਲਵੇ ਫਾਟਕ ਤੋਂ ਪਹਿਲਾਂ ਉਕਤ ਪਰਮਜੀਤ ਸਿੰਘ ਨੂੰ ਉਸ ਦਾ ਸਾਲਾ ਸੰਨੀ ਉਰਫ਼ ਸੁੱਖਾ ਹੱਥ ਤੋਂ ਫੜ੍ਹ ਕੇ ਮੇਨ ਸੜਕ ਵੱਲ ਨੂੰ ਲੈ ਕੇ ਜਾ ਰਿਹਾ ਸੀ, ਜਦੋਂ ਸ਼ਿਕਾਇਤਕਰਤਾ ਮੰਗਲਦੀਪ ਸਿੰਘ ਆਪਣੇ ਘਰ ਚਲਾ ਗਿਆ ਤਾਂ ਉਸ ਦੀ ਭਾਬੀ ਕੁਲਦੀਪ ਕੌਰ ਨੇ ਉਸ ਨੂੰ ਫੋਨ ਕਰ ਕੇ ਦੱਸਿਆ ਕਿ ਪਰਮਜੀਤ ਸਿੰਘ ਨੂੰ ਕਿਸੇ ਨੇ ਮਾਰ ਦਿੱਤਾ ਹੈ, ਜਿਸ ਦੀ ਲਾਸ਼ ਸੜਕ ਕਿਨਾਰੇ ਪਈ ਹੈ। ਇਸ ਤੋਂ ਬਾਅਦ ਸ਼ਿਕਾਇਤਕਰਤਾ ਆਪਣੇ ਸਾਥੀ ਗੁਰਸੇਵਕ ਸਿੰਘ ਨੂੰ ਨਾਲ ਲੈ ਕੇ ਮੌਕੇ 'ਤੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਰਾਜੂ ਦੀ ਲਾਸ਼ ਪਿੰਡ ਦੇ ਪ੍ਰਗਟ ਸਿੰਘ ਦੇ ਝੋਨੇ ਵਾਲੇ ਖੇਤ ਨੇੜੇ ਲਿੰਕ ਸੜਕ 'ਤੇ ਪਈ ਸੀ ਜਿੱਥੇ ਉਕਤ ਸੁੱਖਾ ਸਿੰਘ ਦਾ ਆਧਾਰ ਕਾਰਡ ਡਿੱਗਿਆ ਪਿਆ ਸੀ ਅਤੇ ਰਾਜੂ ਦੇ ਸਿਰ 'ਚ ਡੂੰਘੀ ਸੱਟ ਮਾਰੀ ਗਈ ਸੀ, ਜਿਸ ਦੇ ਮੂੰਹ ਤੇ ਸਿਰ 'ਚੋਂ ਖੂਨ ਵਗ ਰਿਹਾ ਸੀ ਅਤੇ ਨੇੜੇ ਹੀ ਇਕ ਲੱਕੜ ਦਾ ਡੰਡਾ ਪਿਆ ਸੀ। ਇੱਥੇ ਇਕ ਵਾਰ ਫ਼ਿਰ ਰਿਸ਼ਤੇ ਤਾਰ-ਤਾਰ ਹੁੰਦੇ ਦਿਖਾਈ ਦਿੱਤੇ ਅਤੇ ਇਸ ਮਾਮਲੇ 'ਚ ਪਤਨੀ ਨੇ ਸਾਜ਼ਿਸ਼ ਕਰ ਕੇ ਆਪਣੇ ਭਰਾ, ਜੀਜੇ ਤੇ ਉਸ ਦੇ ਦੋਸਤ ਨਾਲ ਮਿਲ ਕੇ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ।