ਬਾਸਪੁਰ ਦੀ ਫਿਜ਼ਾ 'ਚੋਂ ਗਾਇਬ ਹੋ ਰਹੀ 'ਬਾਸਮਤੀ ਦੀ ਮਹਿਕ'

03/23/2019 5:48:14 PM

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)—ਬਾਸਪੁਰ ਇਕ ਛੋਟਾ ਜਿਹਾ ਪਿੰਡ ਹੈ, ਜਿਹੜਾ ਜੰਮੂ ਜ਼ਿਲੇ ਦੇ ਆਰ. ਐੱਸ. ਪੁਰਾ ਅਸੈਂਬਲੀ ਹਲਕੇ 'ਚ ਸਥਿਤ ਹੈ। ਪਾਕਿਸਤਾਨ ਨਾਲ ਲੱਗਦੀ ਸਰਹੱਦ ਤੋਂ ਮਸਾਂ 2 ਕਿਲੋਮੀਟਰ ਪਿੱਛੇ ਹੋਵੇਗਾ। ਕਿਸਾਨਾਂ ਦੀ ਬਹੁਲਤਾ ਵਾਲੇ ਇਸ ਪਿੰਡ 'ਚ ਕੁਝ ਗਿਣਤੀ ਦੁਕਾਨਦਾਰਾਂ, ਛੋਟੇ-ਮੋਟੇ ਕਾਰੋਬਾਰੀਆਂ ਅਤੇ ਮਜ਼ਦੂਰਾਂ ਦੀ ਹੈ। 

ਪਿੰਡ ਵਿਚ ਇਕ ਮੰਦਰ ਅਤੇ ਗੁਰਦੁਆਰਾ ਵੀ ਸਥਿਤ ਹੈ, ਜੋ ਇਹ ਦਰਸਾਉਂਦਾ ਹੈ ਕਿ ਇਥੋਂ ਦੇ ਲੋਕ ਮਿਹਨਤੀ ਅਤੇ ਧਾਰਮਕ ਨਿਹਚਾ ਵਾਲੇ ਹਨ। ਅਪਰਾਧਾਂ ਦਾ ਕੋਈ ਨਾਂ-ਨਿਸ਼ਾਨ ਨਹੀਂ ਅਤੇ ਮਾਹੌਲ ਵਿਚ ਲੋਕਾਂ ਦੀ ਆਪਸੀ ਸਾਂਝ, ਪਿਆਰ ਅਤੇ ਸਦਭਾਵਨਾ ਦੀ ਮਹਿਕ ਘੁਲੀ ਹੋਈ ਮਹਿਸੂਸ ਹੁੰਦੀ ਹੈ। ਇਕ ਹੋਰ ਮਹਿਕ ਨਾਲ ਵੀ ਇਸ ਇਲਾਕੇ ਦੀ ਪਛਾਣ ਜੁੜੀ ਹੋਈ ਹੈ ਅਤੇ ਉਹ ਹੈ ਇਸ ਧਰਤੀ 'ਚੋਂ ਪੈਦਾ ਹੋਣ ਵਾਲੀ 'ਬਾਸਮਤੀ ਦੀ ਮਹਿਕ'। ਹਾਲਾਤ ਦੇ ਥਪੇੜਿਆਂ, ਸਮੇਂ ਦੇ ਚੱਕਰ, ਪਾਣੀ ਦੀ ਘਾਟ ਅਤੇ ਸਭ ਤੋਂ ਵਧ ਕੇ ਸਰਹੱਦੀ ਖੇਤਰਾਂ ਦੇ ਅਤਿ-ਨਾਜ਼ੁਕ ਮਾਹੌਲ

ਕਾਰਨ ਹੁਣ ਬਾਸਮਤੀ ਦੀ ਮਹਿਕ ਬਾਸਪੁਰ ਦੀ ਫਿਜ਼ਾ 'ਚੋਂ ਗਾਇਬ ਹੁੰਦੀ ਜਾ ਰਹੀ ਹੈ। ਇਸ ਖੇਤਰ ਅਤੇ ਆਲੇ-ਦੁਆਲੇ ਦੇ ਹਾਲਾਤ ਨੂੰ ਜਾਣਨ-ਸਮਝਣ ਅਤੇ ਸਮੁੱਚੇ ਆਰ. ਐੱਸ. ਪੁਰਾ ਹਲਕੇ ਦੀ ਤਸਵੀਰ 'ਤੇ ਝਾਤੀ ਮਾਰਨ ਦਾ ਮੌਕਾ ਉਦੋਂ ਮਿਲਿਆ, ਜਦੋਂ ਪੰਜਾਬ ਕੇਸਰੀ ਪੱਤਰ ਸਮੂਹ ਦੀ ਟੀਮ 500ਵੇਂ ਟਰੱਕ ਦੀ ਰਾਹਤ ਸਮੱਗਰੀ ਵੰਡਣ ਲਈ ਬਾਸਪੁਰ ਪਿੰਡ 'ਚ ਪੁੱਜੀ ਸੀ।

ਵਿਦੇਸ਼ਾਂ 'ਚ ਵੀ ਪਸੰਦ ਹੈ 'ਬਾਸਮਤੀ' : ਆਰ. ਐੱਸ. ਪੁਰਾ ਦੇ ਨਾਲ-ਨਾਲ ਸਾਂਬਾ, ਕਠੂਆ ਅਤੇ ਜੰਮੂ ਨਾਲ ਸਬੰਧਤ ਜ਼ਮੀਨਾਂ 'ਚ ਕਿਸਾਨਾਂ ਵਲੋਂ ਉਗਾਈ ਜਾਣ ਵਾਲੀ ਬਾਸਮਤੀ ਨੂੰ ਵਿਦੇਸ਼ਾਂ 'ਚ ਵੀ ਬੇਹੱਦ ਪਸੰਦ ਕੀਤਾ ਜਾਂਦਾ ਹੈ। ਇਸ ਖਿੱਤੇ ਦੇ 45 ਹਜ਼ਾਰ ਹੈਕਟੇਅਰ (ਲਗਭਗ 1 ਲੱਖ 15 ਹਜ਼ਾਰ ਏਕੜ) ਰਕਬੇ ਵਿਚ ਬਾਸਮਤੀ ਦੀ ਖੇਤੀ ਕੀਤੀ ਜਾਂਦੀ ਸੀ ਪਰ ਹੁਣ ਇਹ ਰਕਬਾ ਘਟਣ ਲੱਗਾ ਹੈ। 
ਕਿਸੇ ਵੇਲੇ ਆਰ. ਐੱਸ. ਪੁਰਾ ਸੈਕਟਰ ਦੇ ਪਿੰਡਾਂ (ਬਾਸਪੁਰ, ਅਬਦੁੱਲੀਆਂ, ਸੁਚੇਤਗੜ੍ਹ, ਬਿਸ਼ਨਾਹ, ਤਰੇਵਾ, ਅਰਨੀਆ ਆਦਿ) 'ਚ ਪੈਦਾ ਕੀਤੀ ਜਾਣ ਵਾਲੀ ਬਾਸਮਤੀ ਦੀ ਤੂਤੀ ਬੋਲਦੀ ਸੀ। ਇਸ ਦੇ ਚਾਵਲ ਦਾ ਆਕਾਰ, ਖੁਸ਼ਬੂ ਅਤੇ ਸੁਆਦ ਕਿਸੇ ਵੀ ਹੋਰ ਇਲਾਕੇ 'ਚ ਪੈਦਾ ਕੀਤੀ ਜਾਣ ਵਾਲੀ ਬਾਸਮਤੀ ਦੇ ਮੁਕਾਬਲੇ ਵੱਖਰਾ ਅਤੇ ਉੱਤਮ ਸੀ। ਇਹੋ ਕਾਰਨ ਸੀ ਕਿ ਕਿਸਾਨਾਂ ਕੋਲੋਂ ਸਸਤੇ ਭਾਅ ਫਸਲ ਖਰੀਦਣ ਪਿੱਛੋਂ ਵਪਾਰੀਆਂ ਨੇ ਇਸ ਦੇ ਚਾਵਲ ਨੂੰ ਵੱਖ-ਵੱਖ ਬਰਾਂਡ-ਨਾਵਾਂ ਹੇਠ ਦੇਸ਼-ਵਿਦੇਸ਼ ਦੀਆਂ ਮੰਡੀਆਂ ਅਤੇ ਬਾਜ਼ਾਰਾਂ 'ਚ ਪਹੁੰਚਾ ਕੇ ਹੱਥ ਰੰਗ ਲਏ। ਆਰ. ਐੱਸ. ਪੁਰਾ ਦੀ ਬਾਸਮਤੀ ਅਮਰੀਕਾ, ਕੈਨੇਡਾ, ਆਸਟਰੇਲੀਆ ਦੇ ਸਟੋਰਾਂ 'ਚ ਵੀ ਪਹੁੰਚ ਗਈ ਅਤੇ ਉਥੋਂ ਦੇ ਖਪਤਕਾਰਾਂ ਦੀ ਪਹਿਲੀ ਪਸੰਦ ਬਣ ਗਈ।

ਝਨਾਂ ਦੇ ਪਾਣੀ ਦਾ ਅਸਰ : ਜੰਮੂ ਖੇਤਰ ਦੀ ਬਾਸਮਤੀ ਦੇ ਜਿਸ ਵਧੀਆ ਸੁਆਦ, ਮਹਿਕ ਅਤੇ ਗੁਣਵੱਤਾ ਕਾਰਨ ਇਸ ਨੂੰ ਹਰ ਜਗ੍ਹਾ ਪਸੰਦ ਕੀਤਾ ਜਾਂਦਾ ਹੈ, ਉਸ ਦਾ ਕਾਰਨ ਫਸਲ ਪਾਲਣ ਲਈ ਵਰਤਿਆ ਜਾਣ ਵਾਲਾ ਝਨਾਂ ਦਾ ਪਾਣੀ ਹੈ। ਜ਼ਮੀਨ ਦੀ ਉਪਜਾਊ ਸ਼ਕਤੀ ਅਤੇ ਪਾਣੀ ਦੇ ਖੁਰਾਕੀ ਤੱਤਾਂ ਨੇ ਇਸ ਇਲਾਕੇ ਦੀ ਬਾਸਮਤੀ ਨੂੰ ਲੋਕਾਂ ਦੀ ਪਸੰਦ ਦੇ ਸਿਖਰ 'ਤੇ ਪਹੁੰਚਾ ਦਿੱਤਾ।

ਝਨਾਂ ਦੇ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਵਿਚ ਰਣਬੀਰ ਕੈਨਾਲ ਵੱਡੀ ਭੂਮਿਕਾ ਨਿਭਾਅ ਰਹੀ ਹੈ। ਤਲਖ ਹਕੀਕਤ ਇਹ ਵੀ ਹੈ ਕਿ ਆਰ. ਐੱਸ. ਪੁਰਾ ਸੈਕਟਰ ਅਤੇ ਹੋਰ ਇਲਾਕਿਆਂ ਦੀਆਂ ਜ਼ਮੀਨਾਂ ਦੀ ਸਿੰਚਾਈ ਲਈ ਹੁਣ ਇਸ ਨਹਿਰ ਦਾ ਪਾਣੀ ਬਹੁਤ ਥੋੜ੍ਹਾ ਸਮਝਿਆ ਜਾ ਰਿਹਾ ਹੈ। ਪਾਣੀ ਦੀ ਘਾਟ ਨੇ ਬਾਸਮਤੀ ਦੀ ਕਾਸ਼ਤ 'ਤੇ ਅਸਰ ਪਾਇਆ ਹੈ ਅਤੇ ਹੌਲੀ-ਹੌਲੀ ਇਸ ਹੇਠਲਾ ਰਕਬਾ ਘਟਣ ਲੱਗਾ ਹੈ।

ਹਜ਼ਾਰਾਂ ਏਕੜ ਜ਼ਮੀਨ ਦੀਆਂ ਫਸਲਾਂ ਪਾਲਣ ਲਈ ਨਹਿਰੀ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਸਰਕਾਰ ਵਲੋਂ ਕੋਈ ਕਦਮ ਨਹੀਂ ਚੁੱਕਿਆ ਗਿਆ। ਕਿਸਾਨ ਵੱਡੀ ਹੱਦ ਤੱਕ ਬਰਸਾਤ 'ਤੇ ਨਿਰਭਰ ਕਰਦੇ ਹਨ, ਜਿਹੜੀ ਲੋੜ ਅਨੁਸਾਰ ਕਦੇ ਵੀ ਨਹੀਂ ਪੈਂਦੀ। ਕਿਸੇ ਸੀਜ਼ਨ ਵਿਚ ਡੋਬਾ ਅਤੇ ਕਿਸੇ ਵਿਚ ਸੋਕਾ। ਕਣਕ ਦੀ ਮੌਜੂਦਾ ਫਸਲ ਵੀ ਕਈ ਇਲਾਕਿਆਂ ਵਿਚ ਬੇਮੌਸਮੀ ਬਾਰਿਸ਼ ਕਾਰਨ ਬਰਬਾਦ ਹੋ ਗਈ ਹੈ। ਜੇ ਹਾਲਤ ਇਹੋ ਹੀ ਰਹੀ ਤਾਂ ਬਾਸਮਤੀ ਦੀ ਕਾਸ਼ਤ 'ਤੇ ਸੰਕਟ ਡੂੰਘਾ ਹੋ ਸਕਦਾ ਹੈ।

ਨਵਾਂਸ਼ਹਿਰ ਦੇ ਬਾਸਮਤੀ-ਪਿੰਡ : ਆਰ. ਐੱਸ. ਪੁਰਾ (ਰਣਬੀਰ ਸਿੰਘ ਪੁਰਾ) ਨੂੰ ਨਵਾਂਸ਼ਹਿਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦਾ ਕਾਰਨ ਇਹ ਹੈ ਕਿ ਮਹਾਰਾਜਾ ਰਣਬੀਰ ਸਿੰਘ ਦੇ ਰਾਜ ਦੌਰਾਨ ਸਾਲ 1800 ਦੇ ਆਸ-ਪਾਸ ਇਸ ਸ਼ਹਿਰ ਦਾ ਨਿਰਮਾਣ ਬਕਾਇਦਾ ਯੋਜਨਾਬੱਧ ਢੰਗ ਨਾਲ ਕੀਤਾ ਗਿਆ ਸੀ। ਮਹਾਰਾਜਾ ਦੇ ਦੀਵਾਨ ਜਵਾਲਾ ਸਹਾਏ ਨੇ ਇਸ ਦੀ ਉਸਾਰੀ ਵਿਚ ਪੂਰੀ ਨਵੀਨਤਾ ਵਰਤੀ ਅਤੇ ਇਸ ਕਰ ਕੇ ਇਸ ਦਾ ਨਾਂ 'ਨਵਾਂਸ਼ਹਿਰ' ਵੀ ਪ੍ਰਸਿੱਧ ਹੋ ਗਿਆ।

ਸਾਲ 2015 'ਚ ਭਾਜਪਾ-ਪੀ. ਡੀ. ਪੀ. ਦੇ ਗਠਜੋੜ ਵਾਲੀ ਸੂਬਾਈ ਸਰਕਾਰ ਨੇ ਆਰ. ਐੱਸ. ਪੁਰਾ ਖੇਤਰ ਦੇ ਤਿੰਨ ਪਿੰਡਾਂ ਨੂੰ 'ਬਾਸਮਤੀ-ਪਿੰਡ' ਐਲਾਨਿਆ ਸੀ ਅਤੇ ਇਸ ਮਕਸਦ ਨਾਲ 3 ਕਰੋੜ ਰੁਪਏ ਦੀ ਰਾਸ਼ੀ ਵੀ ਅਲਾਟ ਕੀਤੀ ਸੀ। ਸਕੀਮ ਦਾ ਮਕਸਦ ਕੋਰੋਟਾਣਾ ਖੁਰਦ, ਵਿਧੀਪੁਰ ਅਤੇ ਸੁਚੇਤਗੜ੍ਹ ਨਾਮੀ ਪਿੰਡਾਂ ਨੂੰ ਸਿਰਫ ਬਾਸਮਤੀ ਦੀ ਕਾਸ਼ਤ ਨਾਲ ਜੋੜਨਾ ਸੀ। ਇਨ੍ਹਾਂ ਪਿੰਡਾਂ ਦੇ 200 ਏਕੜ ਰਕਬੇ ਦੀ ਨਿਸ਼ਾਨਦੇਹੀ ਕੀਤੀ ਗਈ ਅਤੇ ਇਸ ਪ੍ਰਾਜੈਕਟ ਨੂੰ ਵਿਕਸਿਤ ਕਰਨ ਦਾ ਵੱਡਾ ਜ਼ਿੰਮਾ ਸ਼ੇਰੇ ਕਸ਼ਮੀਰ ਖੇਤੀਬਾੜੀ ਯੂਨੀਵਰਸਿਟੀ ਨੂੰ ਸੌਂਪਿਆ ਗਿਆ ਸੀ।ਬਾਅਦ 'ਚ ਗਠਜੋੜ ਦੀ ਸਰਕਾਰ ਟੁੱਟ ਗਈ ਅਤੇ ਹੋਰ ਪ੍ਰਾਜੈਕਟਾਂ ਵਾਂਗ 'ਬਾਸਮਤੀ-ਪਿੰਡ' ਦਾ ਕੰਮ ਵੀ ਲਟਕ ਗਿਆ। ਬਾਸਮਤੀ ਦੀ ਪੈਦਾਵਾਰ ਦੇ ਨਜ਼ਰੀਏ ਤੋਂ ਇਹ ਵੀ ਇਕ ਵੱਡਾ ਝਟਕਾ ਸੀ।

ਮਿਲਾਵਟਖੋਰਾਂ ਦੀ ਸੱਟ : ਇਸ ਖੇਤਰ ਦੀ ਬਾਸਮਤੀ ਨੂੰ ਢਾਹ ਲਾਉਣ ਵਿਚ ਹੋਰ ਕਾਰਨਾਂ ਦੇ ਨਾਲ-ਨਾਲ ਜਿਥੇ ਸਰਹੱਦ ਪਾਰ ਤੋਂ ਕੀਤੀ ਜਾਂਦੀ ਗੋਲੀਬਾਰੀ ਵੱਡੀ ਹੱਦ ਤੱਕ ਜ਼ਿੰਮੇਵਾਰ ਹੈ, ਉਥੋਂ ਮਿਲਾਵਟਖੋਰਾਂ ਨੇ ਵੀ ਇਸ ਨੂੰ ਲੱਕ-ਤੋੜਵੀਂ ਸੱਟ ਮਾਰੀ ਹੈ।
ਇਥੋਂ ਦੇ ਚਾਵਲ ਵਿਚ ਹੋਰ ਖੇਤਰਾਂ ਦਾ ਚਾਵਲ ਮਿਲਾ ਕੇ ਅਤੇ ਉੱਪਰ ਬਰਾਂਡ ਦਾ ਠੱਪਾ ਲਾ ਕੇ ਉਸ ਨੂੰ ਵੇਚਿਆ ਜਾ ਰਿਹਾ ਹੈ। ਇਸ ਕਾਰਨ ਸਥਾਨਕ ਫਸਲ ਦੀ ਬੇਕਦਰੀ ਹੋ ਰਹੀ ਹੈ ਅਤੇ ਕਿਸਾਨ ਘਾਟਾ ਸਹਿਣ ਕਰ ਰਹੇ ਹਨ, ਜਦੋਂ ਕਿ ਮੁਨਾਫਾ ਵਪਾਰੀ ਲੋਕ ਕਮਾ ਰਹੇ ਹਨ।
ਇਸ ਗੋਰਖ-ਧੰਦੇ ਵਿਚ ਕੁਝ ਸ਼ੈਲਰਾਂ ਵਾਲੇ, ਸਰਕਾਰੀ ਅਧਿਕਾਰੀ ਅਤੇ ਬਰਾਮਦਕਾਰ ਵੀ ਮਿਲੇ ਹੋਏ ਹਨ। ਇਸ ਦੇ ਨਾਲ ਹੀ ਬਰਾਂਡ ਦੇ ਨਾਂ 'ਤੇ ਖਪਤਕਾਰਾਂ ਨਾਲ ਵੀ ਧੋਖਾ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਵਧੀਆ ਚਾਵਲ ਦੀ ਜਗ੍ਹਾ ਹਲਕਾ ਚਾਵਲ ਵੇਚਿਆ ਜਾ ਰਿਹਾ ਹੈ।

ਗੰਨਾ ਹੋਇਆ 'ਗਾਇਬ' : ਆਰ. ਐੱਸ. ਪੁਰਾ ਸੈਕਟਰ ਨੂੰ ਬਾਸਮਤੀ ਅਤੇ ਕਣਕ ਤੋਂ ਬਾਅਦ ਗੰਨੇ ਦੀ ਕਾਸ਼ਤ ਲਈ ਵੀ ਜਾਣਿਆ ਜਾਂਦਾ ਜੀ। ਦੇਸ਼ ਦੀ ਵੰਡ ਸਮੇਂ ਇਥੇ ਇਕ ਵੱਡੀ ਖੰਡ ਮਿੱਲ ਸੀ, ਜਿਥੇ ਆਲੇ-ਦੁਆਲੇ ਦੇ ਪਿੰਡਾਂ ਤੋਂ ਇਲਾਵਾ ਮੌਜੂਦਾ ਪਾਕਿਸਤਾਨੀ ਇਲਾਕੇ ਦੇ ਕਿਸਾਨ ਵੀ ਆਪਣਾ ਗੰਨਾ ਲੈ ਕੇ ਆਉਂਦੇ ਸਨ। 1947 ਤੋਂ ਬਾਅਦ ਪਾਕਿਸਤਾਨ ਵਾਲੇ ਪਾਸੇ ਤੋਂ ਗੰਨਾ ਆਉਣਾ ਬੰਦ ਹੋ ਗਿਆ ਅਤੇ ਇਸ ਪਾਸੇ ਦੇ ਕਿਸਾਨ ਵੀ ਇਸ ਫਸਲ ਤੋਂ ਬੇਮੁੱਖ ਹੋ ਗਏ।
ਅੱਜ ਸਥਿਤੀ ਇਹ ਬਣ ਗਈ ਹੈ ਕਿ ਖੇਤਾਂ 'ਚ ਗੰਨੇ ਦੀ ਫਸਲ ਦੇਖਣ ਨੂੰ ਵੀ ਨਹੀਂ ਮਿਲਦੀ। ਖੰਡ ਮਿੱਲ ਵੀ ਆਪਣੀ ਹੋਂਦ ਗੁਆ ਬੈਠੀ ਹੈ। ਗੰਨੇ ਨੂੰ ਤਿਆਗਣ ਵਾਲੇ ਕਿਸਾਨ ਹੋਰ ਫਸਲਾਂ ਦੇ ਰਾਹ ਪੈ ਗਏ ਹਨ। ਬਹੁਤ ਥੋੜ੍ਹੀਆਂ ਜ਼ਮੀਨਾਂ 'ਚ ਸਬਜ਼ੀਆਂ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਇਸ ਖੇਤਰ 'ਚ ਬਾਗਬਾਨੀ ਪ੍ਰਤੀ ਵੀ ਕਿਸਾਨਾਂ ਦੀ ਕੋਈ ਦਿਲਚਸਪੀ ਨਹੀਂ ਜਾਪਦੀ। ਕੁਲ ਮਿਲਾ ਕੇ ਕਿਰਸਾਨੀ ਦੀ ਜ਼ਿਆਦਾ ਟੇਕ ਕਣਕ 'ਤੇ ਹੀ ਹੈ।

ਡੋਗਰੀ ਭਾਸ਼ਾ ਦਾ ਬੋਲਬਾਲਾ : ਆਰ. ਐੱਸ. ਪੁਰਾ ਦੇ ਨਾਲ-ਨਾਲ ਸਾਂਬਾ, ਕਠੂਆ, ਅਰਨੀਆ ਆਦਿ ਇਲਾਕਿਆਂ 'ਚ ਡੋਗਰੀ ਭਾਸ਼ਾ ਦਾ ਬੋਲਬਾਲਾ ਹੈ। ਇਸ ਖੇਤਰ ਦੀ 80 ਫੀਸਦੀ ਆਬਾਦੀ ਹਿੰਦੂ ਹੈ ਅਤੇ ਇਹ ਸਾਰੇ ਲੋਕ ਡੋਗਰੀ ਹੀ ਬੋਲਦੇ ਹਨ। ਇਸ ਖਿੱਤੇ ਵਿਚ ਦੂਜੇ ਨੰਬਰ 'ਤੇ ਪੰਜਾਬੀ ਬੋਲੀ ਜਾਂਦੀ ਹੈ, ਜਦੋਂ ਕਿ ਲਹਿੰਦੀ ਭਾਸ਼ਾ ਅਤੇ ਹਿੰਦੀ ਬੋਲਣ ਵਾਲਿਆਂ ਦੀ ਗਿਣਤੀ ਬਹੁਤ ਥੋੜ੍ਹੀ ਹੈ। ਡੋਗਰੀ ਭਾਸ਼ਾ ਵਿਚ ਬਹੁਤ ਰਵਾਨਗੀ ਅਤੇ ਲਹਿਜ਼ੇ ਵਿਚ ਮਿਠਾਸ ਹੁੰਦੀ ਹੈ ਅਤੇ ਇਸ ਨੂੰ ਸਮਝਣ ਵਿਚ ਕੋਈ ਮੁਸ਼ਕਲ ਨਹੀਂ ਆਉਂਦੀ।
ਇਸ ਦੇ ਨਾਲ ਹੀ ਇਸ ਖੇਤਰ ਨੇ ਬਹੁਤ ਸਾਰੀਆਂ ਪ੍ਰਾਚੀਨ ਰਵਾਇਤਾਂ, ਰਸਮਾਂ, ਤਿਉਹਾਰਾਂ ਆਦਿ ਨੂੰ ਵੀ ਸੰਭਾਲ ਕੇ ਰੱਖਿਆ ਹੋਇਆ ਹੈ। ਸੁਆਣੀਆਂ ਵਿਚ ਆਪਣੇ ਘਰਾਂ ਨੂੰ ਸੰਵਾਰਨ-ਸ਼ਿੰਗਾਰਨ ਦਾ ਬਹੁਤ ਸ਼ੌਕ ਦੇਖਣ ਨੂੰ ਮਿਲਦਾ ਹੈ। 
(sandhu.js002@gmail.com) 9417402327


Bharat Thapa

Content Editor

Related News