ਚੰਡੀਗੜ੍ਹ ''ਚ ਬਸੰਤ ਪੰਚਮੀ ਦੀਆਂ ਰੌਣਕਾਂ, ਚਾਈਨਾ ਡੋਰ ''ਤੇ ਪੁਲਸ ਨੇ ਕੀਤੀ ਸਖ਼ਤੀ

Sunday, Feb 02, 2025 - 11:47 AM (IST)

ਚੰਡੀਗੜ੍ਹ ''ਚ ਬਸੰਤ ਪੰਚਮੀ ਦੀਆਂ ਰੌਣਕਾਂ, ਚਾਈਨਾ ਡੋਰ ''ਤੇ ਪੁਲਸ ਨੇ ਕੀਤੀ ਸਖ਼ਤੀ

ਚੰਡੀਗੜ੍ਹ (ਸ਼ੀਨਾ) : ਸਿਟੀ ਬਿਊਟੀਫੁੱਲ 'ਚ ਬਸੰਤ ਪੰਚਮੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਚੰਡੀਗੜ੍ਹ 'ਚ ਪਤੰਗਬਾਜ਼ੀ ਲਈ ਲੋਕ ਹਰ ਸਾਲ ਸੈਕਟਰ-10 ਆਰਟ ਗੈਲਰੀ ਦੇ ਸਾਹਮਣੇ ਲੀਜ਼ਰ ਵੈਲੀ ਮੈਦਾਨ 'ਚ ਆਉਂਦੇ ਹਨ। ਇਸ ਤੋਂ ਇਲਾਵਾ ਲੋਕ ਰੋਜ਼ ਗਾਰਡਨ ਵੀ ਪਤੰਗਬਾਜ਼ੀ ਅਤੇ ਪ੍ਰੋਗਰਾਮ ਕਰਨ ਲਈ ਪਹੁੰਚਦੇ ਹਨ। 

ਸਿਟੀ ਬਿਊਟੀਫੁਲ 'ਚ ਬਸੰਤ ਪੰਚਮੀ ਨੂੰ ਲੈ ਕੇ ਬਾਜ਼ਾਰਾਂ 'ਚ ਲੋਕ ਪਤੰਗ ਤੇ ਡੋਰ ਖ਼ਰੀਦਦੇ ਹੋਏ ਨਜ਼ਰ ਆਏ। ਸ਼ਹਿਰ 'ਚ ਦੁਕਾਨਾਂ ਖੂਬਸੂਰਤ ਪਤੰਗਾਂ ਨਾਲ ਸਜਾਈਆਂ ਗਈਆਂ ਹਨ ਪਰ ਇਸਦੇ ਨਾਲ ਹੀ ਚਾਈਨਾ ਡੋਰ ਦੀ ਵਿਕਰੀ ਨੂੰ ਲੈ ਕੇ ਪ੍ਰਸ਼ਾਸਨ ਤੇ ਚੰਡੀਗੜ੍ਹ ਪੁਲਸ ਨੇ ਸਖ਼ਤਾਈ ਕੀਤੀ ਹੋਈ ਹੈ। ਚਾਈਨਾ ਡੋਰ ਵੇਚਣ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਹਨ ਅਤੇ ਭਾਰੀ ਜੁਰਮਾਨਾ ਵੀ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਚਾਈਨਾ ਡੋਰ ਵੀ ਵਰਤੋਂ ਨਾ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। ਪ੍ਰਸ਼ਾਸਨ ਵਲੋਂ ਚਾਈਨਾ ਡੋਰ 'ਤੇ ਲੱਗੀ ਪਾਬੰਦੀ ਦਾ ਪੂਰਾ ਅਸਰ ਦੇਖਣ ਨੂੰ ਮਿਲਿਆ। ਇਸ ਦੇ ਬਾਰੇ ਸੈਕਟਰ-22 ਵਿਖੇ ਪਤੰਗ ਅਤੇ ਡੋਰ ਵੇਚਣ ਵਾਲੇ ਵਿਕਰੇਤਾ ਸੰਜੈ ਨੇ ਦੱਸਿਆ ਕਿ ਬਸੰਤ ਪੰਚਮੀ ਦੇ ਤਿਉਹਾਰ ਮੌਕੇ ਹਰ ਸਾਲ ਆਪਣੀ ਪਤੰਗਾਂ ਦੀ ਦੁਕਾਨ ਲਗਾਉਂਦੇ ਹਨ ਅਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਚੰਡੀਗੜ੍ਹ ਪ੍ਰਸ਼ਾਸਨ ਤੇ ਪੁਲਸ ਵਲੋਂ ਬਹੁਤ ਸਖ਼ਤੀ ਅਲ ਚੈਕਿੰਗ ਕੀਤੀ ਜਾ ਰਹੀ ਹੈ। ਉਸ ਨੇ ਦੱਸਿਆ ਕਿ 5 ਰੁਪਏ ਤੋਂ ਲੈ ਕੇ 50 ਰੁਪਏ ਤੱਕ ਦੇ ਪਤੰਗ ਹਨ ਅਤੇ ਡੋਰ ਵਿੱਚ 5 ਰੁਪਏ ਵਾਲੀ ਗੁੱਛੀ ਤੋਂ 600 ਰੁਪਏ ਤੱਕ ਦੀ ਧਾਗੇ ਵਾਲੀ ਚਰਖੜੀ ਵੇਚ ਰਹੇ ਹਾਂ। ਇਸ ਤੋਂ ਇਲਾਵਾ 600 ਤੋਂ 1200 ਤੱਕ ਡੋਰ ਦੇ ਗੱਟੂ ਹਨ ਅਤੇ ਇੱਕ ਗੱਟੂ ਵਿੱਚ 200 ਤੋਂ 250 ਮੀਟਰ ਡੋਰ ਹੁੰਦੀ ਹੈ। ਵਿਕਰੇਤਾ ਨੇ ਚਾਈਨਾ ਡੋਰ ਬਾਰੇ ਗੱਲ ਕਰਦਿਆ ਦੱਸਿਆ ਕਿ ਚਾਈਨਾ ਡੋਰ ਬਿਲਕੁਲ ਬੰਦ ਹੈ। ਇਹ ਸਾਰਾ ਸਮਾਨ ਦਿੱਲੀ ਤੇ ਲੁਧਿਆਣਾ ਤੋਂ ਮੰਗਵਾਇਆ ਜਾਂਦਾ ਹੈ। 

ਇਸ ਤੋਂ ਇਲਾਵਾ ਦੁਕਾਨਦਾਰ ਰਮੇਸ਼ ਨੇ ਕਿਹਾ ਕਿ ਚੰਡੀਗੜ੍ਹ 'ਚ ਨਾਲ ਲੱਗਦੇ ਪਿੰਡਾਂ ਵਿਚ ਚਾਈਨੀਜ਼ ਡੋਰ ਦੀ ਵਿਕਰੀ 400, 500 ਤੇ 600 ਰੁਪਏ ਦੇ ਗੱਟੂ ਦੀ ਹੋ ਰਹੀ ਹੈ, ਉਹ ਵੀ ਜਾਣਕਾਰ ਨੂੰ ਦੁਕਾਨਦਾਰ ਵੇਚ ਰਹੇ ਹਨ। ਚੰਡੀਗੜ੍ਹ ਵਿਚ ਸਖ਼ਤੀ ਹੈ, ਅਸੀਂ ਰੋਜ਼ ਆਪਣੀ ਦੁਕਾਨ ਲਗਾ ਰਹੇ ਹਾਂ ਤੇ ਰੋਜ਼ਾਨਾ ਸਾਡੇ ਸਾਮਾਨ ਦੀ ਜਾਂਚ ਹੁੰਦੀ ਹੈ। ਪ੍ਰਦੂਸ਼ਣ ਤੇ ਵਾਤਾਵਰਣ ਵਿਭਾਗ ਦੇ ਅਧਿਕਾਰੀ ਟੀ. ਸੀ. ਨੌਟਿਆਲ ਨੇ ਕਿਹਾ ਕਿ ਸ਼ਹਿਰ ਵਿਚ ਦੁਕਾਨਦਾਰਾਂ ਨੂੰ ਪਹਿਲਾ ਹੀ ਪ੍ਰਸ਼ਾਸਨ ਵਲੋਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਸਨ। ਇਸ ਦੇ ਲਈ ਭਾਰੀ ਜੁਰਮਾਨਾ ਵੀ ਹੋਣ ਕਾਰਨ ਸ਼ਹਿਰ ਵਿਚ ਚਾਈਨੀਜ਼ ਡੋਰ ਨਾ ਵੇਚੀ ਜਾਵੇ, ਦੇ ਲਈ ਪ੍ਰਸ਼ਾਸ਼ਨ ਤੇ ਪੁਲਸ ਅਧਿਕਾਰੀਆਂ ਵਲੋਂ ਰੋਜ਼ਾਨਾ ਜਾਂਚ ਜਾਰੀ ਹੈ। 


author

Babita

Content Editor

Related News