ਬਰਨਾਲਾ ''ਚ ਵਧਦਾ ਜਾ ਰਿਹੈ ਕੈਂਸਰ ਦਾ ਕਹਿਰ, ਦੇਖੋ 2012 ਤੋਂ 2019 ਦੇ ਅੰਕੜੇ

Tuesday, Feb 04, 2020 - 04:48 PM (IST)

ਬਰਨਾਲਾ ''ਚ ਵਧਦਾ ਜਾ ਰਿਹੈ ਕੈਂਸਰ ਦਾ ਕਹਿਰ, ਦੇਖੋ 2012 ਤੋਂ 2019 ਦੇ ਅੰਕੜੇ

ਬਰਨਾਲਾ (ਪੁਨੀਤ ਮਾਨ) : ਅੱਜ ਵਿਸ਼ਵ ਕੈਂਸਰ ਦਿਹਾੜਾ ਹੈ, ਕੈਂਸਰ ਇਕ ਨਾਮੁਰਾਦ ਬਿਮਾਰੀ ਹੈ, ਜੋ ਦੁਨੀਆ ਭਰ 'ਚ ਸਭ ਤੋਂ ਤੇਜ਼ ਫੈਲਣ ਵਾਲੀ ਬਿਮਾਰੀ ਬਣ ਰਹੀ ਹੈ। ਸਾਡਾ ਦੇਸ਼ ਭਾਰਤ ਤੇ ਜਿਥੇ ਅਸੀਂ ਰਹਿੰਦੇ ਹਾਂ ਪੰਜਾਬ ਸੂਬਾ ਕੈਂਸਰ ਦੀ ਚਪੇਟ 'ਚ ਤੇਜੀ ਨਾਲ ਆ ਰਿਹਾ ਹੈ, ਖਾਸ ਤੌਰ 'ਤੇ ਮਾਲਵਾ ਖੇਤਰ। ਕੈਂਸਰ ਬਾਜੋ ਮਾਲਵੇ ਦੇ 3 ਜ਼ਿਲੇ ਕਾਫੀ ਪ੍ਰਭਾਵਿਤ ਨੇ ਬਰਨਾਲਾ, ਬਠਿੰਡਾ ਤੇ ਮਾਨਸਾ, ਇਹ ਮਾੜੀ ਕਿਸਮਤ ਹੈ ਪੰਜਾਬ ਦੀ ਕਿ ਬਠਿੰਡੇ ਤੋਂ ਕੈਂਸਰ ਦੇ ਮਰੀਜ਼ਾਂ ਨਾਲ ਇਕ ਟਰੇਨ ਭਰਕੇ ਇਲਾਜ ਲਈ ਬੀਕਾਨੇਰ ਜਾਂਦੀ ਹੈ ਤੇ ਉਸ ਨੂੰ ਹੁਣ ਕੈਂਸਰ ਟਰੇਨ ਨਾਲ ਜਾਣਿਆ ਜਾਂਦਾ ਹੈ। ਅੱਜ ਅਸੀਂ ਤੁਹਾਡੇ ਨਾਲ ਬਰਨਾਲਾ ਜ਼ਿਲੇ 'ਚ ਫੈਲੇ ਕੈਂਸਰ ਦੀ ਰਿਪੋਰਟ, ਜੋ ਕਿ 2012 ਤੋਂ 2019 ਤੱਕ ਦੀ ਹੈ ਸਾਂਝੀ ਕਰ ਰਹੇ ਹਾਂ, ਜਿਸ 'ਚ ਹੁਣ ਤੱਕ 1594 ਮਰੀਜ਼ ਸਾਹਮਣੇ ਆਏ ਹਨ ਜੋ ਸਰਕਾਰੀ ਰਿਕਾਰਡ 'ਚ ਦਰਜ ਹਨ। ਜਦ ਇਸ ਸਬੰਧੀ ਬਰਨਾਲਾ ਦੇ ਸਰਕਾਰੀ ਹਸਪਤਾਲ ਦੇ ਐੱਸ.ਐੱਮ.ਓ. ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੌਜੂਦਾ ਵਾਤਾਵਰਨ, ਖਾਣਾ, ਪਾਣੀ, ਤੰਬਾਕੂ ਦਾ ਵਧਣਾ, ਦਿਨੋਂ-ਦਿਨ ਪਾਣੀ ਜ਼ਹਿਰੀਲਾ ਹੋਣਾ, ਇਨ੍ਹਾਂ ਕਾਰਨ ਅੱਜ ਕੈਂਸਰ ਤੇਜ਼ੀ ਨਾਲ ਫੈਲ ਰਿਹਾ ਹੈ।

ਬਰਨਾਲਾ ਦੇ ਖੇਤੀਬਾੜੀ ਵਿਭਾਗ ਦੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਬਰਨਾਲਾ ਜ਼ਿਲੇ 'ਚ 78 ਫ਼ੀਸਦੀ ਪਾਣੀ ਖੇਤੀਬਾੜੀ ਲਈ ਹਾਨੀਕਾਰਕ ਹੈ ਅਤੇ ਬਾਕੀ ਬੱਚਦਾ 22 ਫ਼ੀਸਦੀ ਪਾਣੀ ਖੇਤੀਯੋਗ ਹੈ ਅਤੇ ਉਹ ਵੀ ਪੂਰਾ ਸ਼ੁੱਧ ਨਹੀਂ ਹੈ। ਤੇਜ਼ੀ ਨਾਲ ਵੱਧ ਰਹੇ ਕੈਂਸਰ 'ਤੇ ਪੰਜਾਬ ਸਰਕਾਰ ਪਿਛਲੇ 5 ਸਾਲਾਂ 'ਚ ਹੁਣ ਤੱਕ 19 ਕਰੋੜ, 91 ਲੱਖ 29 ਹਜ਼ਾਰ ਤੇ 517 ਰੁਪਏ ਕੈਂਸਰ ਪੀੜਤਾਂ ਨੂੰ ਦੇ ਚੁੱਕੀ ਹੈ। ਸਰਕਾਰ 1.5 ਲੱਖ ਪ੍ਰਤੀ ਕੈਂਸਰ ਦੇ ਮਰੀਜ਼ ਨੂੰ ਇਲਾਜ ਲਈ ਦੇ ਰਹੀ ਹੈ। ਇਹ ਤ੍ਰਾਸਦੀ ਹੈ ਸਾਡੇ ਪੰਜਾਬ ਦੀ ਜੋ ਨੌਜਵਾਨੀ ਤੋਂ ਸਿਆਣਿਆਂ ਦੀ ਉਮਰ ਤੱਕ ਕੈਂਸਰ ਦਾ ਕੋਹੜ ਲੱਗਿਆ ਹੋਇਆ ਹੈ। ਅਜਿਹੇ ਵਿਚ ਲੋੜ ਹੈ ਸਰਕਾਰੀ ਤੇ ਗੈਰ ਸਰਕਾਰੀ ਜਥੇਬੰਦੀਆਂ ਨੂੰ ਇਕੱਠੇ ਹੋਕੇ ਕੈਂਸਰ ਖਿਲਾਫ ਲੜਾਈ ਲੜਨ ਦੀ ਤਾਂ ਜੋ ਇਸ ਨੂੰ ਖਤਮ ਕੀਤਾ ਜਾ ਸਕੇ।


author

cherry

Content Editor

Related News