ਮਿਲਣੀਆਂ ਹੋਈਆਂ, ਸ਼ਗਨ ਦਿੱਤੇ, ਫਿਰ ਵੀ ਬੇਰੰਗ ਪਰਤੀ ਬਰਾਤ, ਲਾੜੀ ਨੇ ਕਿਹਾ-ਲੜਕੇ ਨੂੰ ਕੋਈ ਬੀਮਾਰੀ ਏ

Monday, Sep 04, 2017 - 08:17 AM (IST)

ਮਾਛੀਵਾੜਾ ਸਾਹਿਬ  (ਟੱਕਰ, ਸਚਦੇਵਾ) - ਮਾਛੀਵਾੜਾ ਇਲਾਕੇ ਦੇ ਬੇਟ ਖੇਤਰ ਦੇ ਇਕ ਪਿੰਡ ਵਿਚ ਵਿਆਹ ਦੀਆਂ ਖੁਸ਼ੀਆਂ ਵਿਚ ਉਸ ਵੇਲੇ 'ਰੰਗ 'ਚ ਭੰਗ' ਪੈ ਗਈ, ਜਦੋਂ ਲਾੜੀ ਨੇ ਲਾਵਾਂ ਤੋਂ ਪਹਿਲਾਂ ਲਾੜੇ ਨੂੰ ਨਾ ਪਸੰਦ ਕਰਕੇ ਬਰਾਤ ਸਮੇਤ ਬੇਰੰਗ ਮੋੜ ਦਿੱਤਾ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਜ਼ਿਲਾ ਹੁਸ਼ਿਆਰਪੁਰ ਦੇ ਇਕ ਪਿੰਡ ਤੋਂ ਬਰਾਤ ਬੜੇ ਚਾਵਾਂ ਤੇ ਮਲਾਰ੍ਹਾਂ ਨਾਲ ਲਾੜੇ ਨੂੰ ਵਿਆਹੁਣ ਲਈ ਮਾਛੀਵਾੜਾ ਬੇਟ ਖੇਤਰ ਦੇ ਇਕ ਪਿੰਡ ਵਿਚ ਪੁੱਜੀ। ਬਰਾਤ ਦਾ ਸਵਾਗਤ ਲਾੜੀ ਦੇ ਪਰਿਵਾਰ ਵਲੋਂ ਕੀਤਾ ਗਿਆ ਤੇ ਮਿਲਣੀਆਂ ਵੀ ਹੋਈਆਂ। ਲਾੜੇ ਨੇ ਰੀਬਨ ਕੱਟ ਕੇ ਆਪਣੀਆਂ ਸਾਲੀਆਂ ਨੂੰ ਸ਼ਗਨ ਵੀ ਦੇ ਦਿੱਤਾ ਤੇ ਜਿਵੇਂ ਹੀ ਉਹ ਪੰਡਾਲ ਵਿਚ ਦਾਖਲ ਹੋਇਆ ਤਾਂ ਉਸ ਨੂੰ ਕੰਬਦਾ ਤੇ ਆਵਾਜ਼ ਥਥਲਾਉਂਦੀ ਦੇਖ ਲੜਕੀ ਵਾਲਿਆਂ ਨੂੰ ਸ਼ੱਕ ਹੋਣ ਲਗ ਪਿਆ ਕਿ ਇਸ ਨੂੰ ਕੋਈ ਦੌਰਾ ਪਿਆ ਹੋਇਆ ਹੈ। ਲਾਲ ਚੂੜਾ ਤੇ ਹੱਥਾਂ 'ਚ ਮਹਿੰਦੀ ਲਾ ਕੇ ਲਹਿੰਗਾ ਪਾਈ ਤਿਆਰ ਹੋਈ ਬੈਠੀ ਲਾੜੀ ਨੂੰ ਜਦੋਂ ਪਤਾ ਲੱਗਾ ਕਿ ਉਸ ਨੂੰ ਵਿਆਹੁਣ ਆਏ ਲਾੜੇ ਨੂੰ ਕੋਈ ਬੀਮਾਰੀ ਹੈ ਤਾਂ ਉਹ ਤੁਰੰਤ ਪੰਡਾਲ ਵਿਚ ਆਈ ਤੇ ਆਪਣੇ ਲਾੜੇ ਨੂੰ ਗਹੁ ਨਾਲ ਤੱਕਿਆ। ਲਾੜੀ ਨੇ ਉਸੇ ਸਮੇਂ ਹੀ ਉਸ ਲੜਕੇ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਕਿ ਲੜਕੇ ਨੂੰ ਕੋਈ ਬੀਮਾਰੀ ਹੈ।
ਲਾੜੇ ਦੇ ਪਰਿਵਾਰਕ ਮੈਂਬਰਾਂ ਵਲੋਂ ਲੜਕੀ ਤੇ ਉਸਦੇ ਰਿਸ਼ਤੇਦਾਰਾਂ ਨੂੰ ਬਹੁਤ ਸਫ਼ਾਈਆਂ ਦਿੱਤੀਆਂ ਗਈਆਂ ਕਿ ਲਾੜੇ ਨੂੰ ਕਈ ਦਿਨਾਂ ਤੋਂ ਬੁਖਾਰ ਚੜ੍ਹਿਆ ਹੋਇਆ ਹੈ ਤੇ ਹੁਣ ਵੀ ਉਸਨੂੰ 100 ਤੋਂ ਉਪਰ ਬੁਖਾਰ ਹੈ, ਜਿਸ ਕਾਰਨ ਉਹ ਕੰਬ ਰਿਹਾ ਹੈ। ਬੇਸ਼ੱਕ ਪਿੰਡ ਦੇ ਡਾਕਟਰ ਨੂੰ ਲਿਆ ਕੇ ਲਾੜੇ ਦਾ ਬੁਖਾਰ ਵੀ ਚੈੱਕ ਕਰਵਾਇਆ ਗਿਆ, ਜੋ ਕਿ 100 ਤੋਂ ਵੱਧ ਦੱਸਿਆ ਪਰ ਲੜਕੀ ਨੇ ਸਪੱਸ਼ਟ ਇਨਕਾਰ ਕਰ ਦਿੱਤਾ ਕਿ ਉਹ ਇਸ ਲੜਕੇ ਨਾਲ ਵਿਆਹ ਨਹੀਂ ਕਰਵਾਏਗੀ।
ਦੋਵਾਂ ਧਿਰਾਂ 'ਚ ਉਥੇ ਤਕਰਾਰਬਾਜ਼ੀ ਸ਼ੁਰੂ ਹੋ ਗਈ ਕਿ ਲੜਕੀ ਵਾਲੇ ਕਹਿ ਰਹੇ ਸੀ ਕਿ ਜੂਨ ਮਹੀਨੇ ਵਿਚ ਰਾਹੋਂ ਵਿਖੇ ਇਕ ਹੋਟਲ 'ਚ ਮੰਗਣੀ ਹੋਈ ਪਰ ਉਸ ਸਮੇਂ ਲੜਕੇ-ਲੜਕੀ ਨੇ ਕਾਫ਼ੀ ਸਮਾਂ ਪਰਿਵਾਰਕ ਮੈਂਬਰਾਂ ਨਾਲ ਬੈਠ ਕੇ ਬਿਤਾਇਆ ਤੇ ਜੇਕਰ ਲੜਕਾ ਪਸੰਦ ਨਹੀਂ ਸੀ ਤਾਂ ਉਸ ਸਮੇਂ ਹੀ ਜਵਾਬ ਦੇ ਦੇਣਾ ਸੀ। ਦੋਵਾਂ ਪਰਿਵਾਰਾਂ ਵਿਚ ਬਹਿਸਬਾਜ਼ੀ ਤੇ ਮਾਹੌਲ ਤਣਾਅਪੂਰਨ ਹੋ ਗਿਆ ਤੇ ਲੜਕੀ ਵਾਲਿਆਂ ਨੇ ਪਿੰਡ ਦੇ ਰਸਤੇ ਵਿਚ ਟ੍ਰੈਕਟਰ ਲਾ ਕੇ ਬਰਾਤ ਰੋਕ ਲਈ ਕਿ ਫੈਸਲਾ ਕਰਨ ਤੋਂ ਬਾਅਦ ਹੀ ਬਰਾਤੀਆਂ ਨੂੰ ਜਾਣ ਦਿੱਤਾ ਜਾਵੇਗਾ। ਇਸ ਦੌਰਾਨ ਹੀ ਮਾਛੀਵਾੜਾ ਪੁਲਸ ਨੂੰ ਵੀ ਸਾਰੀ ਘਟਨਾ ਦੀ ਜਾਣਕਾਰੀ ਮਿਲ ਗਈ ਤੇ ਸਹਾਇਕ ਥਾਣੇਦਾਰ ਮਾਨ ਸਿੰਘ ਪੁਲਸ ਪਾਰਟੀ ਸਮੇਤ ਉਥੇ ਪਹੁੰਚ ਗਏ।
ਲਾੜੇ ਤੇ ਲਾੜੀ ਦੇ ਪਰਿਵਾਰਕ ਮੈਂਬਰਾਂ ਨੂੰ ਬਿਠਾ ਕੇ ਦੋਵਾਂ ਤੋਂ ਜਦੋਂ ਮਾਮਲੇ ਦੀ ਜਾਣਕਾਰੀ ਮੰਗੀ ਤਾਂ ਲੜਕੇ ਵਾਲੇ ਕਹਿ ਰਹੇ ਸਨ ਕਿ ਲੜਕੇ ਦੀ ਇਕ ਬਾਂਹ ਖਰਾਬ ਹੈ, ਜਿਸ ਸਬੰਧੀ ਉਹ ਲੜਕੀ ਵਾਲਿਆਂ ਨੂੰ ਪਹਿਲਾਂ ਹੀ ਦੱਸ ਚੁੱਕੇ ਸਨ ਤੇ ਲੜਕਾ ਲੱਕੜ ਦਾ ਵਧੀਆ ਕਾਰੀਗਰ ਵੀ ਹੈ। ਲਾੜੇ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਬੁਖਾਰ ਕਾਰਨ ਲੜਕਾ ਥੋੜ੍ਹਾ ਕੰਬ ਰਿਹਾ ਸੀ ਪਰ ਲੜਕੀ ਵਾਲਿਆਂ ਨੇ ਜਾਣਬੁੱਝ ਕੇ ਇਹ ਕਲੇਸ਼ ਖੜ੍ਹਾ ਕਰ ਲਿਆ ਤੇ ਹੁਣ ਉਹ ਕਿਹੜੇ ਮੂੰਹ ਨਾਲ ਵਾਪਿਸ ਆਪਣੇ ਪਿੰਡ ਜਾਣ ਕਿਉਂਕਿ ਬਿਨਾਂ ਲਾੜੀ ਤੋਂ ਜਾਣ ਕਾਰਨ ਉਨ੍ਹਾਂ ਦੀ ਪਿੰਡ ਵਿਚ ਬਹੁਤ ਬੇਇੱਜ਼ਤੀ ਹੋਵੇਗੀ।
ਦੂਸਰੇ ਪਾਸੇ ਲਾੜੀ ਨੇ ਭਰੀ ਪੰਚਾਇਤ ਤੇ ਪੁਲਸ ਨੂੰ ਸਪੱਸ਼ਟ ਬਿਆਨ ਦਿੱਤੇ ਕਿ ਜਦੋਂ ਮੰਗਣੀ ਹੋਈ, ਉਦੋਂ ਲੜਕਾ ਠੀਕ ਸੀ ਪਰ ਉਸਨੂੰ ਹੁਣ ਕੋਈ ਦੌਰਾ ਪਿਆ ਹੈ ਜਾਂ ਬੀਮਾਰੀ ਹੈ, ਜਿਸ ਕਾਰਨ ਲਾੜਾ ਨਾ ਤਾਂ ਸਹੀ ਢੰਗ ਨਾਲ ਤੁਰ ਰਿਹਾ ਹੈ ਤੇ ਨਾ ਹੀ ਬੋਲ ਰਿਹਾ ਹੈ, ਇਸ ਲਈ ਉਹ ਇਸ ਨਾਲ ਵਿਆਹ ਨਹੀਂ ਕਰਵਾਏਗੀ। ਪੁਲਸ ਦੀ ਮੌਜੂਦਗੀ 'ਚ ਦੋਵਾਂ ਹੀ ਪਰਿਵਾਰਾਂ ਵਿਚ ਸਮਝੌਤਾ ਹੋ ਗਿਆ, ਮਿਲਣੀ ਵੇਲੇ ਦਿੱਤੀਆਂ ਅੰਗੂਠੀਆਂ ਤੇ ਸ਼ਗਨ ਵਾਪਿਸ ਦਿੱਤਾ ਗਿਆ ਤੇ ਦੋਵਾਂ ਦੇ ਸਮਝੌਤੇ ਦੇ ਬਿਆਨ ਦਰਜ ਕਰ ਲਏ ਗਏ। ਬੇਰੰਗ ਬਰਾਤ ਮੁੜਨ ਕਾਰਨ ਜਿਥੇ ਬਰਾਤੀ ਮਾਯੂਸ ਸਨ, ਉਥੇ ਹੀ ਸਿਹਰਾ ਬੰਨ੍ਹ ਕੇ ਆਇਆ ਲਾੜਾ ਤੇ ਉਸਦੀਆਂ ਭੈਣਾਂ, ਮਾਤਾ-ਪਿਤਾ ਬੇਹੱਦ ਨਿਰਾਸ਼ ਦਿਖਾਈ ਦਿੱਤੇ।


Related News