ਬੈਂਕ ਤੋਂ ਕਰਜ਼ਾ ਦਿਵਾਉਣ ਦਾ ਝਾਂਸਾ ਦੇ ਕੇ ਵਿਧਵਾ ਤੋਂ ਠੱਗੇ 20 ਹਜ਼ਾਰ

Tuesday, Jun 14, 2022 - 06:02 PM (IST)

ਮੋਗਾ (ਅਜ਼ਾਦ) : ਮੋਗਾ ਜ਼ਿਲ੍ਹੇ ਦੇ ਪਿੰਡ ਕੋਕਰੀ ਕਲਾਂ ਨਿਵਾਸੀ ਵਿਧਵਾ ਔਰਤ ਨੂੰ ਬੈਂਕ ਤੋਂ ਕਰਜ਼ਾ ਦਿਵਾਉਣ ਦਾ ਝਾਂਸਾ ਦੇ ਕੇ ਰਾਜ ਕਮਲ ਉਰਫ਼ ਜੋਸ਼ੀ ਨਿਵਾਸੀ ਪਿੰਡ ਬੁੱਗੀਪੁਰਾ ਵਲੋਂ 20 ਹਜ਼ਾਰ ਰੁਪਏ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਜਾਂਚ ਦੇ ਬਾਅਦ ਥਾਣਾ ਅਜੀਤਵਾਲ ਵਿਚ ਕਥਿਤ ਦੋਸ਼ੀ ਖ਼ਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਮੁਖੀ ਬੇਅੰਤ ਸਿੰਘ ਭੱਟੀ ਨੇ ਕਿਹਾ ਕਿ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਪੀੜਤਾ ਮਨਜਿੰਦਰ ਕੌਰ ਨੇ ਕਿਹਾ ਕਿ ਕਥਿਤ ਦੋਸ਼ੀ ਰਾਜ ਕਮਲ ਉਰਫ ਕਮਲ ਜੋਸ਼ੀ ਦੀ ਜਾਣ-ਪਛਾਣ ਮੇਰੀ ਭੈਣ ਰਾਹੀਂ ਹੋਈ ਸੀ ਅਤੇ ਮੈਂ ਉਸ ਨਾਲ ਬੈਂਕ ਤੋਂ ਕਰਜ਼ਾ ਲੈਣ ਦੀ ਗੱਲਬਾਤ ਕੀਤੀ ਕਿਉਂਕਿ ਮੈਨੂੰ ਪੈਸਿਆਂ ਦੀ ਜ਼ਰੂਰਤ ਸੀ ਅਤੇ ਕਥਿਤ ਦੋਸ਼ੀ ਨੇ ਮੈਨੂੰ ਕਿਹਾ ਕਿ ਉਹ ਤੁਹਾਨੂੰ ਬੈਂਕ ਤੋਂ 7 ਲੱਖ ਰੁਪਏ ਦਾ ਕਰਜ਼ਾ ਦਿਵਾ ਦੇਵੇਗਾ ਅਤੇ 8 ਫੀਸਦੀ ਕਮਿਸ਼ਨ ਲਵੇਗਾ।

ਮੈਂ ਉਸ ਦੇ ਝਾਂਸੇ ਵਿਚ ਆ ਗਈ ਅਤੇ ਉਸਨੂੰ ਆਪਣਾ ਆਧਾਰ ਕਾਰਡ, ਬੈਂਕ ਚੈੱਕ, ਘਰ ਦੀ ਰਜਿਸਟਰੀ ਅਤੇ ਹੋਰ ਦਸਤਾਵੇਜ਼ ਦੇ ਦਿੱਤੇ ਪਰ ਬਾਅਦ ਵਿਚ ਉਸਨੇ ਮੈਨੂੰ ਕਿਹਾ ਕਿ ਉਹ ਤੁਹਾਨੂੰ 4 ਲੱਖ 80 ਹਜ਼ਾਰ ਰੁਪਏ ਕਰਜ਼ਾ ਦਿਵਾ ਸਕਦਾ ਹੈ ਅਤੇ ਮੇਰੇ ਕੋਲੋਂ 20 ਹਜ਼ਾਰ ਰੁਪਏ ਲੈ ਗਿਆ ਪਰ ਬਾਅਦ ਵਿਚ ਟਾਲ ਮਟੋਲ ਕਰਨ ਲੱਗਾ। ਇਸ ਤਰ੍ਹਾਂ ਉਸਨੇ ਨਾ ਤਾਂ ਮੈਨੂੰ ਕਰਜ਼ਾ ਦਿਵਾਇਆ ਅਤੇ ਨਾ ਹੀ ਮੇਰੇ ਪੈਸੇ ਵਾਪਸ ਕੀਤੇ। ਇਸ ਤਰ੍ਹਾਂ ਉਸਨੇ ਮੇਰੇ ਨਾਲ ਠੱਗੀ ਮਾਰੀ ਹੈ। ਜ਼ਿਲ੍ਹਾ ਪੁਲਸ ਮੁਖੀ ਮੋਗਾ ਦੇ ਹੁਕਮਾਂ ’ਤੇ ਇਸ ਦੀ ਜਾਂਚ ਡੀ.ਐੱਸ.ਪੀ. ਸਿਟੀ ਮੋਗਾ ਵਲੋਂ ਕੀਤੀ ਗਈ। ਜਾਂਚ ਸਮੇਂ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਕਥਿਤ ਦੋਸ਼ੀ ਖ਼ਿਲਾਫ ਉਕਤ ਮਾਮਲਾ ਦਰਜ ਕੀਤਾ ਹੈ। ਪਹਿਲਾਂ ਵੀ ਕਥਿਤ ਦੋਸ਼ੀ ਖ਼ਿਲਾਫ ਧੋਖਾਧੜੀ ਦੇ ਮਾਮਲੇ ਦਰਜ ਹਨ ਗ੍ਰਿਫਤਾਰੀ ਬਾਕੀ ਹੈ।


Gurminder Singh

Content Editor

Related News