ਬੈਂਕ ''ਚ ਪੈਸੇ ਜਮ੍ਹਾ ਕਰਵਾਉਣ ਗਏ ਬੱਚੇ ਨਾਲ 40 ਹਜ਼ਾਰ ਦੀ ਠੱਗੀ
Tuesday, Feb 13, 2018 - 11:57 AM (IST)

ਮੋਹਾਲੀ (ਰਾਣਾ, ਕੁਲਦੀਪ) : ਫੇਜ਼-1 ਸਥਿਤ ਇਕ ਸਰਕਾਰੀ ਬੈਂਕ ਵਿਚ ਪੈਸੇ ਜਮ੍ਹਾ ਕਰਵਾਉਣ ਗਏ 16 ਸਾਲਾ ਬੱਚੇ ਤੋਂ ਫਾਰਮ ਭਰਵਾਉਣ ਬਹਾਨੇ ਦੋ ਮੁਲਜ਼ਮ 40 ਹਜ਼ਾਰ ਰੁਪਏ ਤੇ ਚਾਂਦੀ ਦਾ ਬਰੈਸਲੇਟ ਖੋਹ ਕੇ ਲੈ ਗਏ। ਪਰਿਵਾਰ ਵਾਲਿਆਂ ਨੇ ਇਸ ਸਬੰਧੀ ਥਾਣਾ ਫੇਜ਼-1 ਵਿਚ ਸ਼ਿਕਾਇਤ ਕੀਤੀ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਪੁਲਸ ਵਾਲਿਆਂ ਨੇ ਮੰਗਲਵਾਰ ਸਵੇਰੇ ਉਨ੍ਹਾਂ ਨੂੰ ਬੁਲਾਇਆ ਹੈ ਤੇ ਬੈਂਕ ਵਿਚ ਲੱਗੇ ਕੈਮਰਿਆਂ ਦੀ ਰਿਕਾਰਡਿੰਗ ਵੇਖੀ ਜਾਵੇਗੀ।
ਜਾਣਕਾਰੀ ਮੁਤਾਬਕ ਇਹ ਮਾਮਲਾ ਸੋਮਵਾਰ ਦੁਪਹਿਰ 3 ਵਜੇ ਦਾ ਹੈ । ਇਸ ਬਾਰੇ ਫੇਜ਼-1 ਨਿਵਾਸੀ ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਪੇਸ਼ੇ ਤੋਂ ਠੇਕੇਦਾਰ ਹੈ । ਉਨ੍ਹਾਂ ਆਪਣੇ 16 ਸਾਲਾ ਬੇਟੇ ਵਿੱਕੀ ਨੂੰ ਫੇਜ਼-1 ਸਥਿਤ ਪੰਜਾਬ ਨੈਸ਼ਨਲ ਬੈਂਕ ਵਿਚ ਪੈਸੇ ਜਮ੍ਹਾ ਕਰਵਾਉਣ ਲਈ ਭੇਜਿਆ । ਉਨ੍ਹਾਂ ਦਾ ਕਹਿਣਾ ਹੈ ਕਿ ਵਿੱਕੀ ਦਾ ਕਹਿਣਾ ਹੈ ਕਿ ਜਦੋਂ ਉਹ ਉਥੇ ਪੈਸੇ ਜਮ੍ਹਾ ਕਰਵਾਉਣ ਪਹੁੰਚਿਆ ਤਾਂ ਉਥੇ ਮੌਜੂਦ ਦੋ ਵਿਅਕਤੀਆਂ ਨੇ ਉਸ ਨੂੰ ਬਹਾਨਾ ਲਾਇਆ ਕਿ ਉਹ ਉਨ੍ਹਾਂ ਦਾ ਵੀ ਫਾਰਮ ਭਰ ਦੇਵੇ, ਜਿਸ 'ਤੇ ਵਿੱਕੀ ਨੇ ਜਵਾਬ ਦਿੱਤਾ ਕਿ ਉਹ ਖੁਦ ਹੀ ਫਾਰਮ ਭਰ ਲੈਣ ਪਰ ਇਸ ਤੋਂ ਬਾਅਦ ਵੀ ਪਿੱਛੇ ਨਹੀਂ ਹਟੇ । ਅਖੀਰ ਵਿਚ ਦੋਵਾਂ ਨੇ ਵਿੱਕੀ ਨੂੰ ਫਾਰਮ ਭਰਨ ਵਿਚ ਮਦਦ ਕਰਨ ਲਈ ਰਾਜ਼ੀ ਕਰ ਲਿਆ, ਨਾਲ ਹੀ ਮੌਕਾ ਪਾ ਕੇ ਉਸ ਦੇ ਪੈਸੇ ਖੋਹ ਕੇ ਫਰਾਰ ਹੋ ਗਏ । ਇੰਨਾ ਹੀ ਨਹੀਂ, ਮੁਲਜ਼ਮ ਜਾਂਦੇ ਸਮੇਂ ਵਿੱਕੀ ਦੇ ਹੱਥੋਂ ਬਰੈਸਲੇਟ ਵੀ ਝਪਟ ਕੇ ਲੈ ਗਏ। ਉਨ੍ਹਾਂ ਕਿਹਾ ਕਿ ਘਟਨਾ ਤੋਂ ਬਾਅਦ ਵਿੱਕੀ ਕਾਫੀ ਡਰ ਗਿਆ ਸੀ ਤੇ ਉਨ੍ਹਾਂ ਨੇ ਤੁਰੰਤ ਪੁਲਸ ਨੂੰ ਸ਼ਿਕਾਇਤ ਦਿੱਤੀ। ਪੁਲਸ ਵਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਲਗਾਤਾਰ ਬੈਂਕਾਂ ਵਿਚ ਸਾਹਮਣੇ ਆ ਰਹੀਆਂ ਹਨ । ਕੁਝ ਸਮਾਂ ਪਹਿਲਾਂ ਕੁਰਾਲੀ ਵਿਚ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ, ਜਦੋਂਕਿ ਮੁੱਲਾਂਪੁਰ ਵਿਚ ਫਾਰਮ ਭਰਨ ਦੇ ਨਾਂ 'ਤੇ ਠੱਗੀ ਦਾ ਕੇਸ ਹੋ ਚੁੱਕਾ ਹੈ । ਉਥੇ ਹੀ ਬੈਂਕਾਂ ਵਲੋਂ ਲਗਾਤਰ ਲੋਕਾਂ ਨੂੰ ਇਸ ਬਾਰੇ ਜਾਗਰੂਕ ਵੀ ਕੀਤਾ ਜਾਂਦਾ ਹੈ ।