ਗੈਂਗਸਟਰ ਲਾਰੈਂਸ ਬਿਸ਼ਨੋਈ ’ਤੇ ਮੁਕਾਮਾ ਤਹਿਤ 40 ਕੇਸ ਦਰਜ! ਐੱਨ.ਆਈ.ਏ. ਦੀ ਰਿਪੋਰਟ ਤੋਂ ਹੋਇਆ ਖ਼ੁਲਾਸਾ

Saturday, Jan 03, 2026 - 02:09 PM (IST)

ਗੈਂਗਸਟਰ ਲਾਰੈਂਸ ਬਿਸ਼ਨੋਈ ’ਤੇ ਮੁਕਾਮਾ ਤਹਿਤ 40 ਕੇਸ ਦਰਜ! ਐੱਨ.ਆਈ.ਏ. ਦੀ ਰਿਪੋਰਟ ਤੋਂ ਹੋਇਆ ਖ਼ੁਲਾਸਾ

ਫ਼ਿਲੌਰ (ਭਾਖੜੀ)- ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਵਿਰੁੱਧ ਐੱਨ.ਆਈ.ਏ. ਨੇ ਜੋ ਚਾਰਜਸ਼ੀਟ ਜਾਰੀ ਕੀਤੀ ਹੈ, ਉਸ ਮੁਤਾਬਕ ਲਾਰੈਂਸ ’ਤੇ ਮੁਕਾਮਾ ਤਹਿਤ 40 ਕੇਸ ਦਰਜ ਹਨ ਜਿਸ ਦੇ ਟ੍ਰਾਇਲ ਵੱਖ ਵੱਖ ਅਦਾਲਤਾਂ ਵਿਚ ਚੱਲ ਰਹੇ ਹਨ। ਲਾਰੈਂਸ ਬਿਸ਼ਨੋਈ ਜੋ ਆਏ ਦਿਨ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਪਹਿਲਾਂ ਪੰਜਾਬੀ ਗਾਇਕ ਮੂਸੇਵਾਲਾ, ਫਿਰ ਐੱਨ.ਸੀ.ਪੀ. ਨੇਤਾ ਬਾਬਾ ਸਦੀਕੀ ਨੂੰ ਜਾਨ ਤੋਂ ਮਾਰਨ ਤੇ ਸਲਮਾਨ ਖਾਨ ਦੇ ਘਰ ’ਤੇ ਫਾਈਰਿੰਗ ਕਰਵਾਉਣ ਦੀ ਜਿੰਮੇਵਾਰੀ ਲੈਂਦਾ ਹੈ, ਦਾ ਦੂਜਾ ਰੂਪ ਵੀ ਸਾਹਮਣੇ ਆਇਆ ਹੈ। ਲਾਰੈਂਸ ਨੇ ਆਪਣੇ ਵਕੀਲਾਂ ਦੇ ਜ਼ਰੀਏ ਅਦਾਲਤ ਵਿਚ ਗੁਹਾਰ ਲਗਾਈ ਹੈ ਕਿ ਉਸ ਨੇ ਅੱਜ ਤੱਕ ਅਜੇ ਕੋਈ ਕ੍ਰਾਈਮ ਕੀਤਾ ਹੀ ਨਹੀਂ, ਉਸ ਦੇ ਨਾਂ ’ਤੇ ਜੋ ਜ਼ਿੰਮੇਵਾਰੀਆਂ ਚੁੱਕੀਆਂ ਜਾ ਰਹੀਆਂ ਹਨ, ਉਸ ਨਾਲ ਉਸ ਦਾ ਕੋਈ ਲੈਣਾ-ਦੇਣਾ ਨਹੀਂ, ਨਾ ਤਾਂ ਜੇਲ ਵਿਚ ਉਸ ਦੇ ਕੋਲ ਕੋਈ ਮੋਬਾਇਲ ਫੋਨ ਹੈ ਤੇ ਨਾ ਹੀ ਪੁਲਸ ਨੇ ਕਦੇ ਜੇਲ ਵਿਚ ਰਹਿੰਦੇ ਉਸ ਤੋਂ ਕੋਈ ਮੋਬਾਇਲ ਫੋਨ ਬਰਾਮਦ ਕੀਤਾ ਹੈ ਤਾਂ ਉਹ ਕਿਵੇਂ ਕਿਸੇ ਨੂੰ ਮਰਵਾਉਣ ਦੇ ਨਿਰਦੇਸ਼ ਦੇ ਸਕਦਾ ਹੈ।

ਜੇਕਰ ਜੇਲ੍ਹ ਵਿਚ ਉਸ ਦੇ ਕੋਲ ਮੋਬਾਇਲ ਫੋਨ ਹੈ ਤਾਂ ਅੱਜ ਤੱਕ ਪੁਲਸ ਉਸ ਤੋਂ ਬਰਾਮਦ ਕਿਉਂ ਨਹੀਂ ਕਰ ਸਕੀ। ਜਦੋਂ ਉਸ ਦੇ ਵਕੀਲਾਂ ਤੋਂ ਪੁੱਛਿਆ ਕਿ ਲਾਰੈਂਸ ਨੇ ਇਕ ਚੈਨਲ ’ਤੇ ਬਾਕਾਇਦਾ ਆਪਣੀ ਇੰਟਰਵਿਊ ਦਿੱਤੀ ਸੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਲਾਰੈਂਸ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਉਹ ਉਸ ਦਾ ਕੋਈ ਬਹਿਰੂਪੀਆ ਸੀ। ਲਾਰੈਂਸ ਬਿਸ਼ਨੋਈ ਜਿਸ ’ਤੇ ਵੱਡੇ 40 ਅਪਰਾਧਕ ਕੇਸ ਦਰਜ ਹਨ, ਦੀ ਪੈਰਵਾਈ 3 ਵਕੀਲ ਕਰ ਰਹੇ ਹਨ। ਲਾਰੈਂਸ ਨੇ ਇਕ ਵਕੀਲ ਪੰਜਾਬ ਵਿਚ ਰੱਖਿਆ ਹੈ। ਦੂਜਾ ਦਿੱਲੀ ਵਿਚ ਮਹਿਲਾ ਵਕੀਲ ਦਰਜ ਕੇਸ ਲੜ ਰਹੀ ਹੈ, ਜਦੋਂਕਿ ਤੀਜਾ ਵਕੀਲ ਉਸ ਨੇ ਰਾਜਸਥਾਨ ਦਾ ਕੀਤਾ ਹੋਇਆ ਹੈ ਜੋ ਉਥੋਂ ਦੇ ਕੇਸ ਲੜ ਰਿਹਾ ਹੈ। ਲਾਰੈਂਸ ਦੇ ਤਿੰਨੋ ਵਕੀਲਾਂ ਤੋਂ ਅੱਜ ਉਕਤ ਪੱਤਰਕਾਰ ਨੇ ਫੋਨ ’ਤੇ ਗੱਲ ਕੀਤੀ ਜਿਨ੍ਹਾਂ ਵਿਚੋਂ ਦੋ ਵਕੀਲਾਂ ਨੇ ਲਾਰੈਂਸ ਦੇ ਜੀਵਨ ਦੇ ਸਬੰਧ ਵਿਚ ਕਈ ਜਾਣਕਾਰੀਆਂ ਦਿੱਤੀਆਂ।

ਐੱਨ.ਆਈ.ਏ. ਦੀ ਰਿਪੋਰਟ ਮੁਤਾਬਕ ਲਾਰੈਂਸ ਬਿਸ਼ਨੋਈ, ਜਿਸ ’ਤੇ 40 ਕੇਸ ਮੁਕਾਮਾ ਦੇ ਤਹਿਤ ਦਰਜ ਹਨ, ਉਸ ਦੇ ਗੈਂਗ ਵਿਚ 700 ਸ਼ੂਟਰ ਹਨ ਜੋ ਉਸ ਦੇ ਇਕ ਨਿਰਦੇਸ਼ ਮਿਲਦੇ ਹੀ ਕਿਸੇ ਦਾ ਵੀ ਕੰਮ ਤਮਾਮ ਕਰ ਦਿੰਦੇ ਹਨ। ਕੰਮ ਹੋਣ ਤੋਂ ਬਾਅਦ ਲਾਰੈਂਸ ਬਾਕਾਇਦਾ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਉਸ ਦੀ ਜਿੰਮੇਵਾਰੀ ਵੀ ਲੈਂਦਾ ਹੈ। ਹੁਣ ਉਸ ਦਾ ਦੂਜਾ ਪੱਖ ਸਾਹਮਣੇ ਆ ਗਿਆ ਹੈ ਕਿ ਲਾਰੈਂਸ ਜੇਲ ਵਿਚ ਬੰਦ ਹੈ, ਉਸ ਦੇ ਕੋਲ ਕੋਈ ਫੋਨ ਨਹੀਂ। ਜੇਕਰ ਹੁੰਦਾ ਤਾਂ ਪੁਲਸ ਅੱਜ ਤੱਕ ਬਰਾਮਦ ਕਿਉਂ ਨਹੀਂ ਕਰ ਸਕੀ। ਇਸ ਲਈ ਬਾਹਰ ਜੋ ਵੀ ਕਤਲੋ ਗਾਰਤ ਦਾ ਕੰਮ ਚੱਲ ਰਿਹਾ ਹੈ, ਉਸ ਵਿਚ ਉਸ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਅਦਾਲਤ ਸਬੂਤ ਮੰਗਦੀ ਹੈ। ਪੁਲਸ ਨੇ ਅੱਜ ਤੱਕ ਜੋ ਚਾਰਜਸ਼ੀਟਾਂ ਅਦਾਲਤ ਵਿਚ ਦਾਇਰ ਕੀਤੀਆਂ ਹਨ, ਉਸ ਵਿਚ ਅਜਿਹਾ ਕੋਈ ਪੁਖਤਾ ਸਬੂਤ ਪੇਸ਼ ਨਹੀਂ ਕਰ ਸਕੀ ਜਿਸ ਤੋਂ ਪਤਾ ਲਗ ਜਾਵੇ ਕਿ ਜੇਲ੍ਹ ਵਿਚ ਬੈਠਾ ਲਾਰੈਂਸ ਬਾਹਰ ਲੋਕਾਂ ਨੂੰ ਮਰਵਾ ਰਿਹਾ ਹੈ।

ਲਾਰੈਂਸ ਅਤੇ ਦਾਊਦ ਇਬਰਾਹਿਮ ਵਿਚ ਜੋ ਇਕ ਗੱਲ ਮਿਲਦੀ ਹੈ, ਉਹ ਇਹ ਹੈ ਕਿ ਦਾਊਦ ਦੇ ਪਿਤਾ ਵੀ ਪੁਲਸ ਵਿਚ ਸਨ ਅਤੇ ਗੈਂਗਸਟਰ ਲਾਰੈਂਸ ਦੇ ਪਿਤਾ ਵੀ ਪੁਲਸ ਵਿਚ ਸਨ। ਐੱਨ.ਆਈ.ਏ. ਨੇ ਆਪਣੀ ਰਿਪੋਰਟ ਵਿਚ ਜੋ ਇਕ ਵੱਡਾ ਖੁਲਾਸਾ ਕੀਤਾ ਹੈ, ਉਹ ਇਹ ਹੈ ਕਿ ਲਾਰੈਂਸ ਬਿਸ਼ਨੋਈ ਦੇ ਸਬੰਧ ਖਾਲਿਸਤਾਨੀ ਅੱਤਵਾਦੀਆਂ ਨਾਲ ਹਨ ਤੇ ਲਾਰੈਂਸ ਨੂੰ ਚਾਰਜਸ਼ੀਟ ਵਿਚ ਖਾਲਿਸਤਾਨੀਆਂ ਦਾ ਸਾਥੀ ਦੱਸਦੇ ਅੱਤਵਾਦੀ ਦੱਸਿਆ ਗਿਆ ਹੈ।

ਹਰ ਕਿਸੇ ਨੂੰ ਪਤਾ ਹੈ ਕਿ ਸੁਪਰ ਸਟਾਰ ਸਲਮਾਨ ਖਾਨ ਨੂੰ ਕਾਲੇ ਹਿਰਨ ਸ਼ਿਕਾਰ ਦੇ ਮਾਮਲੇ ਵਿਚ 5 ਸਾਲ ਦੀ ਸਜ਼ਾ ਸੁਣਾਈ ਸੀ। ਉਸ ਸਮੇਂ ਤੱਕ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਕੋਈ ਨਹੀਂ ਜਾਣਦਾ ਸੀ। ਪੁਲਸ ਉਸ ਨੂੰ ਇਕ ਕੇਸ ਵਿਚ ਪੇਸ਼ੀ ’ਤੇ ਲੈ ਕੇ ਆਈ। ਪੱਤਰਕਾਰਾਂ ਨੇ ਲਾਰੈਂਸ ਬਿਸ਼ਨੋਈ ਤੋਂ ਉਸ ਸਮੇਂ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਉਹ ਆਪਣੇ ਹੱਥਾਂ ਨਾਲ ਸਲਮਾਨ ਖਾਨ ਨੂੰ ਮਾਰਨਾ ਚਾਹੁੰਦਾ ਹੈ। ਉਸ ਨੇ ਕਾਲੇ ਹਿਰਨ ਦਾ ਸ਼ਿਕਾਰ ਕੀਤਾ ਹੈ। ਸਾਡਾ ਬਿਸ਼ਨੋਈ ਸਮਾਜ ਉਸ ਦੀ ਪੂਜਾ ਕਰਦਾ ਹੈ। ਜੇਕਰ ਸਲਮਾਨ ਖਾਨ ਬੀਕਾਨੇਰ ਦੇ ਕੋਲ ਉਨ੍ਹਾਂ ਦੇ ਮੰਦਰ ਵਿਚ ਜਾ ਕੇ ਬਿਸ਼ਨੋਈ ਸਮਾਜ ਤੋਂ ਮੁਆਫੀ ਮੰਗ ਲੈਂਦਾ ਹੈ ਤਾਂ ਉਹ ਉਸ ਨੂੰ ਛੱਡ ਦੇਵੇਗਾ, ਨਹੀਂ ਤਾਂ ਉਹ ਜਦੋਂ ਵੀ ਆਪਣੇ ਹੱਥ ਨਾਲ ਅਪਰਾਧ ਕਰੇਗਾ, ਸਲਮਾਨ ਖਾਨ ਨੂੰ ਮਾਰੇਗਾ। ਇਸ ਗੱਲ ਦੀ ਪੁਸ਼ਟੀ ਉਸ ਦੇ ਵਕੀਲਾਂ ਨੇ ਵੀ ਕੀਤੀ ਕਿ ਲਾਰੈਂਸ ਨੇ ਹੁਣ ਤੱਕ ਆਪਣੇ ਹੱਥ ਨਾਲ ਕੋਈ ਅਪਰਾਧ ਨਹੀਂ ਕੀਤਾ ਜੋ ਗੱਲ ਉਸ ਨੇ ਪੱਤਰਕਾਰਾਂ ਨੂੰ ਕਹੀ ਹੈ, ਉਹ ਬਿਲਕੁਲ ਸੱਚ ਹੈ।

ਸਟੂਡੈਂਟ ਪੋਲੀਟਿਕਸ ਦੌਰਾਨ ਦਰਜ ਪਹਿਲੇ ਕੇਸ ਵਿਚ ਲਾਰੈਂਸ 14 ਸਾਲ ਬਾਅਦ ਜਾ ਕੇ ਹੋਇਆ ਬਰੀ

ਲਾਰੈਂਸ ਬਿਸ਼ਨੋਈ ’ਤੇ ਸਾਲ 2011 ਵਿਚ ਪਹਿਲਾ ਕੇਸ ਦਰਜ ਹੋਇਆ ਸੀ। ਜਦੋਂ ਉਹ ਵਿਦਿਆਰਥੀ ਪੋਲੀਟਿਕਸ ਵਿਚ ਸਰਗਰਮ ਹੋਇਆ ਸੀ, ਉਦੋਂ ਉਸ ਦਾ ਸੀਨੀਅਰ ਵਿੱਕੀ ਮਿੱਢੂ ਖੇੜਾ ਸੀ ਜਿਸ ਨੂੰ ਉਹ ਆਪਣਾ ਵੱਡਾ ਭਰਾ ਮੰਨਦਾ ਸੀ। ਸਾਲ 2011 ਵਿਚ ਮਿੱਢੂ ਖੇੜਾ ਨੇ ਉਸ ਨੂੰ ਸੋਪੂ ਦਾ ਅਗਲਾ ਪ੍ਰਧਾਨ ਬਣਾ ਦਿੱਤਾ। ਵਿਰੋਧੀ ਪਾਰਟੀ ਨੂੰ ਇਹ ਹਜ਼ਮ ਨਹੀਂ ਹੋਇਆ ਜਿਸ ਤੋਂ ਬਾਅਦ ਲਾਰੈਂਸ ’ਤੇ ਦੋਸ਼ ਲੱਗੇ ਕਿ ਉਸ ਨੇ ਆਪਣੇ ਵਿਰੋਧੀਆਂ ਦੇ ਘਰ ਵਿਚ ਦਾਖਲ ਹੋ ਕੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਤੇ ਗੋਲੀਆਂ ਚਲਾਈਆਂ। ਉਸ ’ਤੇ ਇਹ ਪਹਿਲਾ ਕੇਸ ਸੀ। 14 ਸਾਲ ਬਾਅਦ ਬੀਤੇ ਹਫਤੇ ਅਦਾਲਤ ਨੇ ਉਸ ਨੂੰ ਕੇਸ ਵਿਚੋਂ ਬਰੀ ਕਰ ਦਿੱਤਾ।

ਅਨੁਜ ਥਾਪਨ ਦੀ ਮੌਤ ਦਾ ਬਦਲਾ ਲੈਣ ਲਈ ਬਾਬਾ ਸਦੀਕੀ ਨੂੰ ਮਾਰਿਆ

ਸੁਪਰ ਸਟਾਰ ਸਲਮਾਨ ਖਾਨ ਦੇ ਘਰ ’ਤੇ ਫਾਈਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ। ਇਸ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ’ਤੇ ਬਿਸ਼ਨੋਈ ਗੈਂਗ ਨੇ ਲਈ। ਇਸ ਮਾਮਲੇ ਵਿਚ ਮੁੰਬਈ ਪੁਲਸ ਨੇ ਲਾਰੈਂਸ ਗੈਂਗ ਦੇ 4 ਸ਼ੂਟਰਾਂ ਸੋਨੂੰ, ਵਿੱਕੀ, ਸਾਗਰ ਅਤੇ ਅਨੁਜ ਥਾਪਨ ਨੂੰ ਗ੍ਰਿਫਤਾਰ ਕਰ ਲਿਆ। ਅਨੂਜ ਥਾਪਨ ਦੀ ਪੁਲਸ ਕਸਟਡੀ ਵਿਚ ਮੌਤ ਹੋ ਗਈ। ਪੁਲਸ ਨੇ ਮੀਡੀਆ ਵਿਚ ਬਿਆਨ ਜਾਰੀ ਕਰ ਦਿੱਤਾ ਕਿ ਅਨੁਜ ਥਾਪਨ ਨੇ ਬਾਂਦ੍ਰਾ ਪੁਲਸ ਥਾਣੇ ਵਿਚ ਕੱਪੜੇ ਨਾਲ ਫਾਂਸੀ ਲਗਾ ਕੇ ਜਾਨ ਦੇ ਦਿੱਤੀ। ਅਨੁਜ ਦੀ ਮੌਤ ਤੋਂ ਬਾਅਦ ਬਿਸ਼ਨੋਈ ਸਮਾਜ ਵਿਚ ਰੋਸ ਭੜਕ ਗਿਆ। ਉਸ ਸਮੇਂ ਰਾਜਸਥਾਨ ਵਿਚ ਕਈ ਦਿਨਾਂ ਤੱਕ ਵਿਰੋਧ ਪ੍ਰਦਰਸ਼ਨ ਚਲਦੇ ਸਨ। ਥਾਪਨ ਲਾਰੈਂਸ ਦਾ ਸਭ ਤੋਂ ਕਰੀਬੀ ਸੀ। ਥਾਪਨ ਦੀ ਮੌਤ ਦਾ ਬਦਲਾ ਲੈਣ ਲਈ ਲਾਰੈਂਸ ਨੇ ਸਲਮਾਨ ਖਾਨ ਦੇ ਸਭ ਤੋਂ ਕਰੀਬੀ ਮਹਾਰਾਸ਼ਟਰ ਦੇ ਐੱਨ.ਸੀ.ਪੀ ਨੇਤਾ ਬਾਬਾ ਸਦੀਕੀ ਨੂੰ ਆਪਣੇ ਸ਼ੂਟਰ ਭੇਜ ਕੇ ਜਾਨ ਤੋਂ ਮਰਵਾ ਦਿੱਤਾ। ਇਸ ਮਾਮਲੇ ਵਿਚ ਲਾਰੈਂਸ ਦੇ ਭਰਾ ਅਨਮੋਲ ਨੂੰ ਵੀ ਐੱਨ.ਆਈ.ਏ. ਅਮਰੀਕਾ ਤੋਂ ਭਾਰਤ ਲੈ ਆਈ ਹੈ।

ਲਾਰੈਂਸ ਨੇ ਅੱਜ ਤੱਕ ਅਦਾਲਤ ਵਿਚ ਕਦੇ ਵੀ ਆਪਣੀ ਜ਼ਮਾਨਤ ਪਟੀਸ਼ਨ ਦਾਖਲ ਨਹੀਂ ਕੀਤੀ

ਗੈਂਗਸਟਰ ਅਨਮੋਲ ਬਿਸ਼ਨੋਈ ਸਾਲ 2011 ਵਿਚ ਸਟੂਡੈਂਟ ਪੋਲੀਟਿਕਸ ਦੇ ਸਮੇਂ ਜੇਲ ਗਿਆ ਸੀ। ਕੁਝ ਮਹੀਨੇ ਬਾਅਦ ਉਸ ਦੀ ਜ਼ਮਾਨਤ ਹੋ ਗਈ, ਉਹ ਬਾਹਰ ਆ ਗਿਆ ਤੇ ਉਸ ਤੋਂ ਬਾਅਦ ਮੁੜ ਇਕ ਅਪਰਾਧਕ ਮਾਮਲੇ ਵਿਚ ਫੜਿਆ ਗਿਆ ਜੋ ਪਹਿਲਾਂ ਪੰਜਾਬ ਦੀ ਜੇਲ ਵਿਚ ਚਲਿਆ ਗਿਆ। ਉਸ ਤੋਂ ਬਾਅਦ ਤਿਹਾੜ ਜੇਲ ਰਿਹਾ ਤੇ ਮੌਜੂਦਾ ਸਮੇਂ ਵਿਚ ਉਹ ਗੁਜਰਾਤ ਦੀ ਸਾਬਰਮਤੀ ਜੇਲ ਵਿਚ ਬੰਦ ਹੈ। ਲਾਰੈਂਸ ਵਿਦਿਆਰਥੀ ਰਹਿੰਦੇ ਲਾਅ ਦਾ ਵਿਦਿਆਰਥੀ ਸੀ, ਜਦੋਂ ਤੋਂ ਉਹ ਜੇਲ ਵਿਚ ਬੰਦ ਹੈ, ਉਸ ਨੇ ਅੱਜ ਤੱਕ ਕਦੇ ਵੀ ਅਦਾਲਤ ਵਿਚ ਜੇਲ ਤੋਂ ਬਾਹਰ ਆਉਣ ਲਈ ਜ਼ਮਾਨਤ ਪਟੀਸ਼ਨ ਇਕ ਵਾਰ ਵੀ ਦਾਖਲ ਨਹੀਂ ਕੀਤੀ। ਇਸ ਨੂੰ ਹੁਣ ਵਿਰੋਧੀਆਂ ਦਾ ਡਰ ਸਮਝੋ ਜਾਂ ਉਹ ਜੇਲ ਵਿਚ ਰਹਿ ਕੇ ਖੁਦ ਨੂੰ ਮਹਿਫੂਜ਼ ਸਮਝਦਾ ਹੈ।

ਲਾਰੈਂਸ ਬ੍ਰਹਮਚਾਰੀ ਜੀਵਨ ਬਤੀਤ ਕਰ ਰਿਹੈ, ਜੇਲ ਵਿਚ ਰਹਿੰਦੇ ਹੋਏ 8 ਸਾਲਾਂ ਤੋਂ ਨਹੀਂ ਖਾਧਾ ਅੰਨ੍ਹ ਦਾ ਇਕ ਵੀ ਦਾਣਾ

ਲਾਰੈਂਸ ਬਿਸ਼ਨੋਈ ਜੋ ਮੌਜੂਦਾ ਸਮੇਂ ਸਾਬਰਮਤੀ ਜੇਲ ਵਿਚ ਬੰਦ ਹੈ, ਉਸ ਦੀ ਦਿੱਲੀ ਦੀ ਰਹਿਣ ਵਾਲੀ ਮਹਿਲਾ ਵਕੀਲ ਨੇ ਉਸ ਦੇ ਜੀਵਨ ਬਾਰੇ ਦੱਸਿਆ ਕਿ ਉਹ ਪੂਰੀ ਤਰ੍ਹਾਂ ਬ੍ਰਹਮਚਾਰੀ ਜੀਵਨ ਬਤੀਤ ਕਰਨਾ ਚਾਹੁੰਦਾ ਹੈ। ਉਸ ਦੇ ਦਿਨ ਦੀ ਸ਼ੁਰੂਆਤ ਰੋਜ਼ ਸਵੇਰ ਉੱਠ ਕੇ ਸੂਰਜ ਨਮਸਕਾਰ ਨਾਲ ਹੁੰਦੀ ਹੈ। ਸਾਲ 2018 ਵਿਚ ਜੇਲ ਵਿਚ ਰਹਿੰਦੇ ਉਸ ਨੇ ਅੰਨ ਖਾਣਾ ਛੱਡ ਦਿੱਤਾ ਸੀ। 8 ਸਾਲਾਂ ਤੋਂ ਉਹ ਕੇਵਲ ਫਲ, ਦੁੱਧ ਜਾਂ ਫਿਰ ਦਹੀ ਲੈਂਦਾ ਹੈ। ਲਾਅ ਦਾ ਵਿਦਿਆਰਥੀ ਹੋਣ ਕਾਰਨ ਉਹ ਆਪਣੇ ’ਤੇ ਦਰਜ ਕੇਸਾਂ ਦੀਆਂ ਫਾਈਲਾਂ ਪੜ੍ਹਦਾ ਹੈ।

ਖ਼ਤਰਨਾਕ ਗੈਂਗਸਟਰ ਦੀਆਂ ਦੋ ਸਟੂਡੈਂਟ ਲੜਕੀਆਂ ਹਨ ਫੈਨ, ਉਸ ਦੀ ਇਕ ਝਲਕ ਪਾਉਣ ਲਈ ਕਈ ਵਾਰ ਪੁੱਜ ਚੁੱਕੀਆਂ ਜੇਲ੍ਹ

ਤੁਸੀਂ ਇਹ ਗੱਲ ਜਾਣ ਕੇ ਹੈਰਾਨ ਹੋ ਜਾਵੋਗੇ ਕਿ ਇਨਸਾਨ ਜੇਲ ਵਿਚ ਬੈਠਾ ਫੋਨ ਕਰ ਕੇ ਕਿਸੇ ਨੂੰ ਕਦੇ ਵੀ ਮਰਵਾਉਣ ਦੇ ਹੁਕਮ ਦੇ ਦਿੰਦਾ ਹੈ, ਉਸ ਦੀ ਵੀ ਕੋਈ ਫੈਨ ਹੋ ਸਕਦੀ ਹੈ। ਇਹ ਗੱਲ ਬਿਲਕੁਲ ਸੱਚ ਹੈ। ਦੋ ਲੜਕੀਆਂ ਜੋ ਗ੍ਰੈਜੂਏਟ ਹਨ, ਲਾਰੈਂਸ ਦੀਆਂ ਸਭ ਤੋਂ ਵੱਡੀਆਂ ਫੈਨ ਹਨ। ਜਦੋਂ ਲਾਰੈਂਸ ਨੂੰ ਪੁੱਛਗਿਛ ਲਈ ਪੰਜਾਬ ਲਿਆਂਦਾ ਗਿਆ ਤਾਂ ਉਹ ਲਾਰੈਂਸ ਨੂੰ ਮਿਲਣ ਪੰਜਾਬ ਦੀ ਜੇਲ ਵਿਚ ਪੁੱਜ ਗਈਆਂ। ਜਦੋਂ ਉਨ੍ਹਾਂ ਨੂੰ ਨਹੀਂ ਮਿਲਵਾਇਆ ਗਿਆ ਤਾਂ ਉਸ ਤੋਂ ਬਾਅਦ ਉਹ ਤਿਹਾੜ ਜੇਲ ਪੁੱਜ ਗਈਆਂ ਉਥੇ ਵੀ ਜਦੋਂ ਉਹ ਨਹੀਂ ਮਿਲ ਸਕੀ ਤਾਂ ਮੌਜੂਦਾ ਵਿਚ ਉਹ ਸਾਬਰਮਤੀ ਜੇਲ ਪੁੱਜ ਗਈ। ਲਾਰੈਂਸ ਦੇ ਵਕੀਲਾਂ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜਦੋਂ ਵੀ ਲਾਰੈਂਸ ਦੀ ਅਦਾਲਤ ਵਿਚ ਤਰੀਕ ਹੁੰਦੀ ਹੈ ਤਾਂ ਉਹ ਇਕ ਝਲਕ ਪਾਉਣ ਲਈ ਉਥੇ ਵੀ ਪੁੱਜ ਜਾਂਦੀ ਹੈ। ਜੇਲ ਪ੍ਰਸ਼ਾਸਨ ਮੁਤਾਬਕ ਉਸ ਦੇ ਪਰਿਵਾਰ ਵਾਲਿਆਂ ਨੇ ਤੇ ਨਾ ਹੀ ਕਿਸੇ ਹੋਰ ਨੇ ਲਾਰੈਂਸ਼ ਨਾਲ ਕਦੇ ਵੀ ਕੋਈ ਮੁਲਾਕਾਤ ਨਹੀਂ ਕੀਤੀ।


author

Anmol Tagra

Content Editor

Related News