ਲਾਰੈਂਸ ਦੀ ਰਾਹ ’ਤੇ ਬੰਬੀਹਾ ਗਰੁੱਪ, ਪੈਸਿਆਂ ਦਾ ਲਾਲਚ ਦੇ ਕੇ ਨਾਬਾਲਗ ਨੌਜਵਾਨਾਂ ਤੋਂ ਕਰਵਾ ਰਿਹੈ ਸੰਗੀਨ ਅਪਰਾਧ

Saturday, Dec 31, 2022 - 02:18 AM (IST)

ਲਾਰੈਂਸ ਦੀ ਰਾਹ ’ਤੇ ਬੰਬੀਹਾ ਗਰੁੱਪ, ਪੈਸਿਆਂ ਦਾ ਲਾਲਚ ਦੇ ਕੇ ਨਾਬਾਲਗ ਨੌਜਵਾਨਾਂ ਤੋਂ ਕਰਵਾ ਰਿਹੈ ਸੰਗੀਨ ਅਪਰਾਧ

ਲੁਧਿਆਣਾ (ਪੰਕਜ) : ਪੰਜਾਬ ’ਚ ਦਬਦਬੇ ਦੀ ਲੜਾਈ ਕਾਰਨ ਇਕ-ਦੂਜੇ ਦੇ ਕਈ ਸਾਥੀਆਂ ਦੇ ਕਤਲ ਕਰ ਚੁੱਕੇ ਲਾਰੈਂਸ ਬਿਸ਼ਨੋਈ ਅਤੇ ਦਵਿੰਦਰ ਬੰਬੀਹਾ ਗੈਂਗ, ਜਿਨ੍ਹਾਂ ਦੇ ਜ਼ਿਆਦਾਤਰ ਸ਼ੂਟਰ ਜਾਂ ਤਾਂ ਫੜੇ ਜਾ ਚੁੱਕੇ ਹਨ ਜਾਂ ਐਨਕਾਊਂਟਰ ਕੀਤੇ ਜਾ ਚੁੱਕੇ ਹਨ। ਹੁਣ ਆਪਣੀਆਂ ਗਤੀਵਿਧੀਆਂ ਨੂੰ ਜਾਰੀ ਰੱਖਣ ਲਈ ਪੰਜਾਬ ਤੇ ਹਰਿਆਣਾ ਸਮੇਤ ਹੋਰਨਾਂ ਸੂਬਿਆਂ ਦੇ ਨਾਬਾਲਗ ਨੌਜਵਾਨਾਂ ਦੀ ਭਰਤੀ ਕਰਨ ਦੀ ਖ਼ਬਰ ਨਾਲ ਪੰਜਾਬ ਪੁਲਸ ਨੂੰ ਚਿੰਤਾ ’ਚ ਪਾ ਦਿੱਤਾ ਹੈ।

ਪਹਿਲਾਂ ਬੰਬੀਹਾ ਗਰੁੱਪ ਇਸ ਮਾਮਲੇ ’ਚ ਲਗਾਤਾਰ ਲਾਰੈਂਸ ਗਰੁੱਪ ਨੂੰ ਨਿਸ਼ਾਨਾ ਬਣਾਉਂਦਾ ਸੀ ਕਿ ਉਹ ਘੱਟ ਉਮਰ ਦੇ ਨੌਜਵਾਨਾਂ ਨੂੰ ਜੁਰਮ ਦੀ ਦੁਨੀਆ ’ਚ ਧੱਕ ਰਿਹਾ ਹੈ ਪਰ ਜਦੋਂ ਚੰਡੀਗੜ੍ਹ ਦੇ ਸੈਕਟਰ-7 ’ਚ ਸਥਿਤ ਇਕ ਨਾਈਟ ਕਲੱਬ ਦੇ ਮਾਲਕ ਤੋਂ 1 ਕਰੋੜ ਦੀ ਰੰਗਦਾਰੀ ਮੰਗਣ ਅਤੇ ਉਸ ਨੂੰ ਧਮਕਾਉਣ ਲਈ 15 ਦਸੰਬਰ ਨੂੰ ਕਲੱਬ ਦੇ ਬਾਹਰ ਫਾਇਰਿੰਗ ਕਰਨ ਦੇ ਦੋਸ਼ ’ਚ ਪੰਜਾਬ ਪੁਲਸ ਦੇ ਸਪੈਸ਼ਲ ਸੈੱਲ ਵੱਲੋਂ ਹਰਿਆਣਾ ਦੇ ਸਿਰਸਾ ਤੋਂ ਜਿਨ੍ਹਾਂ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਨ੍ਹਾਂ ’ਚੋਂ ਇਕ ਦੀ ਉਮਰ ਸਿਰਫ 13 ਸਾਲ ਦੀ ਹੈ। ਪੁਲਸ ਨੇ ਇਨ੍ਹਾਂ ਤੋਂ ਹਥਿਆਰ ਵੀ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੀ ਰਿਹਾਈ ਨੂੰ ਲੈ ਕੇ ਬੋਲੇ ਰਾਜਾ ਵੜਿੰਗ, ਸਾਹਮਣੇ ਆਇਆ ਇਹ ਬਿਆਨ

ਇੰਨਾ ਹੀ ਨਹੀਂ, ਜਾਂਚ ’ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਉਕਤ ਨਾਬਾਲਗ ’ਤੇ ਸਿਰਸਾ ’ਚ ਹੋਏ ਇਕ ਕਤਲ ’ਚ ਸ਼ਾਮਲ ਹੋਣ ਦਾ ਵੀ ਦੋਸ਼ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਸੀ। ਪੰਜਾਬ ਪੁਲਸ ਲਈ ਉਸ ਤੋਂ ਵੀ ਪ੍ਰੇਸ਼ਾਨੀ ਦਾ ਕਾਰਨ ਪੁੱਛਗਿੱਛ ਦੌਰਾਨ ਉਕਤ ਮੁਲਜ਼ਮ ਵੱਲੋਂ ਕੀਤਾ ਖੁਲਾਸਾ ਹੈ, ਜਿਸ ਵਿੱਚ ਉਸ ਨੇ ਦੱਸਿਆ ਕਿ ਉਨ੍ਹਾਂ ਨਾਲ ਸਬੰਧਤ ਗੈਂਗ ਨੇ ਹਰਿਆਣਾ ’ਚ 60 ਦੇ ਕਰੀਬ ਨੌਜਵਾਨਾਂ ਨੂੰ ਨਾ ਸਿਰਫ ਆਪਣੇ ਨਾਲ ਭਰਤੀ ਕੀਤਾ ਹੋਇਆ ਹੈ, ਸਗੋਂ ਉਨ੍ਹਾਂ ਨੂੰ ਬਾਕਾਇਦਾ ਹਥਿਆਰ ਵੀ ਮੁਹੱਈਆ ਕਰਵਾਏ ਹੋਏ ਹਨ, ਜਿਨ੍ਹਾਂ ਨੂੰ ਉਹ ਉੱਪਰੋਂ ਮਿਲਣ ਵਾਲੇ ਹੁਕਮ ਤੋਂ ਬਾਅਦ ਅੱਗੇ ਪਹੁੰਚਾਉਣ ਦਾ ਕੰਮ ਕਰ ਰਹੇ ਹਨ।

ਇਹ ਪਹਿਲਾ ਮਾਮਲਾ ਨਹੀਂ ਹੈ, ਜਦੋਂ ਖਤਰਨਾਕ ਅਪਰਾਧਕ ਵਾਰਦਾਤਾਂ ’ਚ ਸ਼ਾਮਲ ਖਤਰਨਾਕ ਗੈਂਗਸਟਰਾਂ ਦੇ ਨਾਲ-ਨਾਲ ਕਈ ਨਾਬਾਲਗ ਨੌਜਵਾਨ ਵੀ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਹਨ। ਇਸ ਤੋਂ ਪਹਿਲਾਂ ਵੀ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਹੋਏ ਕਤਲ ਦੇ ਮਾਮਲੇ ’ਚ ਇਕ ਨਾਬਾਲਗ ਸ਼ੂਟਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂਕਿ ਮੋਹਾਲੀ ’ਚ ਪੁਲਸ ਹੈੱਡ ਕੁਆਰਟਰ ’ਤੇ ਹੋਏ ਆਰ. ਪੀ. ਜੀ. ਹਮਲੇ ’ਚ ਇਕ ਨਾਬਾਲਗ ਦੀ ਸ਼ਮੂਲੀਅਤ ਸਾਹਮਣੇ ਆਈ ਸੀ।

ਇਹ ਵੀ ਪੜ੍ਹੋ : ਰਿਸ਼ਭ ਪੰਤ ਕਾਰ ਹਾਦਸਾ: ਬੱਸ ਡਰਾਈਵਰ ਨੇ ਦੇਖਿਆ ਲਾਈਵ ਐਕਸੀਡੈਂਟ, ਕਿਹਾ- 'ਮੈਨੂੰ ਲੱਗਾ ਉਸ ਦੀ ਹੋ ਗਈ ਹੈ ਮੌਤ'

ਪਹਿਲਾਂ ਬੰਬੀਹਾ ਗੈਂਗ ਲਾਰੈਂਸ ਗੈਂਗ ’ਤੇ ਨਾਬਾਲਗ ਨੌਜਵਾਨਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਅਪਰਾਧ ਦੀ ਦੁਨੀਆ ’ਚ ਸ਼ਾਮਲ ਕਰਨ ਦੇ ਦੋਸ਼ ਲਾਉਂਦਾ ਸੀ ਪਰ ਜਦੋਂ ਤੋਂ ਪੰਜਾਬ ਪੁਲਸ ਵੱਲੋਂ ਦਿੱਲੀ ਦੇ ਸਪੈਸ਼ਲ ਸੈੱਲ ਸਮੇਤ ਹੋਰ ਏਜੰਸੀਆਂ ਨਾਲ ਮਿਲ ਕੇ ਗੈਂਗਸਟਰਾਂ ਖਿਲਾਫ਼ ਮੁਹਿੰਮ ਛੇੜੀ ਗਈ ਹੈ, ਜਿਸ ਦੇ ਨਤੀਜੇ ਵਜੋਂ ਜਿਥੇ ਕਈ ਨਾਮੀ ਗੈਂਗਸਟਰ ਜਾਂ ਤਾਂ ਮਾਰੇ ਜਾ ਚੁੱਕੇ ਹਨ ਜਾਂ ਫਿਰ ਫੜੇ ਜਾ ਚੁੱਕੇ ਹਨ, ਉਦੋਂ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਇਸ ਦਲਦਲ ’ਚ ਧੱਕਣ ਦੀ ਖੇਡ ਸ਼ੁਰੂ ਹੋਈ ਹੈ।

ਇਹ ਵੀ ਪੜ੍ਹੋ : 31 ਦਸੰਬਰ ਨੂੰ 9 ਵਜੇ ਤੋਂ ਬਾਅਦ ਰਾਜੀਵ ਚੌਕ ਮੈਟਰੋ ਸਟੇਸ਼ਨ ਦਿੱਲੀ ਤੋਂ ਬਾਹਰ ਨਹੀਂ ਨਿਕਲ ਸਕਣਗੇ ਯਾਤਰੀ

ਅੰਮ੍ਰਿਤਸਰ ਦੇ ਹਸਪਤਾਲ ’ਚ ਨਾਮੀ ਗੈਂਗਸਟਰ ਦੇ ਹੋਏ ਕਤਲ ’ਚ ਵੀ ਇਕ ਨਾਬਾਲਗ ਦੀ ਸ਼ਮੂਲੀਅਤ ਸਾਹਮਣੇ ਆਈ ਸੀ। ਅਸਲ ’ਚ ਗੈਂਗਸਟਰਾਂ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਹੈ ਕਿ ਨਾਬਾਲਗਾਂ ਲਈ ਕਾਨੂੰਨ ਬੇਹੱਦ ਸੰਵੇਦਨਸ਼ੀਲ ਹੈ। ਉਨ੍ਹਾਂ ਕੋਲੋਂ ਦੂਜੇ ਅਪਰਾਧੀਆਂ ਦੇ ਬਰਾਬਰ ਨਾ ਤਾਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਸਜ਼ਾ ਦੀ ਵਿਵਸਥਾ ਹੈ। ਇਸੇ ਦਾ ਫਾਇਦਾ ਉਠਾਉਣ ਲਈ ਗੈਂਗਸਟਰਾਂ ਵੱਲੋਂ ਨਾਬਾਲਗ ਨੌਜਵਾਨਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਸੰਗੀਨ ਅਪਰਾਧਿਕ ਵਾਰਦਾਤਾਂ ਕਰਵਾਈਆਂ ਜਾ ਰਹੀਆਂ ਹਨ, ਜੋ ਕਿ ਬੇਹੱਦ ਚਿੰਤਾ ਦਾ ਵਿਸ਼ਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News