ਮੁਅੱਤਲ ਡੀ. ਐੱਸ. ਪੀ. ਪਹੁੰਚਾ ਹਾਈ ਕੋਰਟ, ਮੰਗੀ ਸੁਰੱਖਿਆ
Thursday, Dec 19, 2019 - 03:09 PM (IST)

ਚੰਡੀਗੜ੍ਹ (ਹਾਂਡਾ) : ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੋਂ ਖੁਦ ਨੂੰ ਖਤਰਾ ਦੱਸਦੇ ਹੋਏ ਲੁਧਿਆਣਾ ਦੇ ਡੀ. ਐੱਸ. ਪੀ. ਰਹੇ ਬਲਵਿੰਦਰ ਸਿੰਘ ਨੇ ਸੁਰੱਖਿਆ ਮੁਹੱਈਆ ਕਰਵਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਰਿਟ ਦਾਇਰ ਕੀਤੀ ਹੈ। ਫੇਸਬੁੱਕ ਅਤੇ ਵਟਸਐਪ ਇਤਰਾਜ਼ਯੋਗ ਮੈਸੇਜ ਭੇਜਣ ਦੇ ਮਾਮਲੇ 'ਚ ਮੁਅੱਤਲ ਕੀਤੇ ਗਏ ਬਲਵਿੰਦਰ ਸਿੰਘ ਨੇ ਡੀ. ਐੱਸ. ਪੀ. ਦੇ ਅਹੁਦੇ ਤੋਂ ਆਪਣੀ ਮੁਅੱਤਲੀ ਦੇ ਹੁਕਮਾਂ ਨੂੰ ਹਾਈ ਕੋਰਟ 'ਚ ਚੁਣੌਤੀ ਦਿੱਤੀ ਹੈ।
ਰਿਟ 'ਚ ਖੁਰਾਕ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਵੀ ਪ੍ਰਤੀਵਾਦੀਆਂ 'ਚ ਸ਼ਾਮਲ ਕਰਦਿਆਂ ਦੋਸ਼ ਲਾਇਆ ਕਿ ਉਨ੍ਹਾਂ ਨੂੰ ਆਸ਼ੂ ਅਤੇ ਕਈ ਹੋਰ ਵਿਅਕਤੀਆਂ ਵਲੋ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਰਿਟ 'ਚ ਬਲਵਿੰਦਰ ਸਿੰਘ ਨੇ ਕਿਹਾ ਕਿ ਲੁਧਿਆਣਾ 'ਚ ਨਾਜਾਇਜ਼ ਉਸਾਰੀਆਂ ਦੇ ਮਾਮਲੇ 'ਚ ਉਨ੍ਹਾਂ ਵਲੋਂ ਕੀਤੀ ਜਾਂਚ ਵਿਚ ਪ੍ਰਤੀਵਾਦੀ ਮੰਤਰੀ ਦੇ ਪੱਖ ਵਿਚ ਜਾਂਚ ਰਿਪੋਰਟ ਨਾ ਦੇਣ ਦੇ ਕਾਰਨ ਉਨ੍ਹਾਂ ਨੂੰ ਵਿਭਾਗ ਵਲੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਐਡੀਸ਼ਨਲ ਮੁੱਖ ਸਕੱਤਰ ਸਤੀਸ਼ ਚੰਦਰਾ ਵਲੋਂ 5 ਦਸੰਬਰ ਨੂੰ ਜਾਰੀ ਕੀਤੇ ਗਏ ਮੁਅੱਤਲੀ ਦੇ ਹੁਕਮਾਂ ਨੂੰ ਚੁਣੌਤੀ ਦਿੰਦੇ ਹੋਏ ਰਿਟਕਰਤਾ ਨੇ ਕਿਹਾ ਕਿ ਲੁਧਿਆਣਾ 'ਚ ਨਾਜਾਇਜ਼ ਕਬਜ਼ੇ ਅਤੇ ਨਾਜਾਇਜ਼ ਉਸਾਰੀਆਂ ਦਾ ਮੁੱਦਾ ਅਹਿਮ ਹੈ। ਹਾਈ ਕੋਰਟ ਨੇ ਇਸ ਵਿਸ਼ੇ 'ਤੇ ਖੁਦ ਨੋਟਿਸ ਲੈਂਦੇ ਹੋਏ ਜਾਂਚ ਦੇ ਹੁਕਮ ਦਿੱਤੇ ਸਨ, ਜਿਸ 'ਚ ਰਿਟਕਰਤਾ ਨੂੰ ਇਕ ਬਿਲਡਰ ਵਿਰੁੱਧ ਜਾਂਚ ਦੇ ਹੁਕਮ ਦਿੱਤੇ ਗਏ ਸਨ। ਇਸ 'ਚ ਪ੍ਰਤੀਵਾਦੀ ਮੰਤਰੀ ਨੇ ਜਾਂਚ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਸੀਪਰ ਉਨ੍ਹਾਂ ਨੇ ਉਨ੍ਹਾਂ ਦੀ ਗੱਲ ਨਹੀਂ ਮੰਨਿਆ, ਜਿਸ ਕਾਰਨ ਹੁਣ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਰਿਟਕਰਤਾ ਨੇ ਕਿਹਾ ਕਿ ਸ਼ਹਿਰ 'ਚ ਲਗਭਗ 15 ਹਜ਼ਾਰ ਕਰੋੜ ਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਹਨ। ਵਰਣਨਯੋਗ ਹੈ ਕਿ ਫੂਡ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕੈਬਨਿਟ ਦੀ ਬੈਠਕ 'ਚ ਬਲਵਿੰਦਰ ਸਿੰਘ ਵਿਰੁੱਧ ਆਵਾਜ਼ ਉਠਾਈ ਸੀ, ਜਿਸ 'ਚ ਉਨ੍ਹਾਂ ਕਿਹਾ ਕਿ ਇਕ ਮੰਤਰੀ ਦੇ ਵਿਰੁੱਧ ਇਤਰਾਜ਼ਯੋਗ ਮੈਸੇਜ ਭੇਜਣ ਵਾਲੇ ਪੁਲਸ ਅਧਿਕਾਰੀ ਵਿਰੁੱਧ ਸਰਕਾਰ ਕੋਈ ਕਦਮ ਨਹੀਂ ਚੁੱਕ ਰਹੀ। ਡੀ. ਐੱਸ. ਪੀ. ਬਲਵਿੰਦਰ ਸਿੰਘ ਨੇ ਫੇਸਬੁੱਕ 'ਤੇ ਮੰਤਰੀ ਭਾਰਤ ਭੂਸ਼ਨ ਆਸ਼ੂ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਲਗਾਤਾਰ ਮੈਸੇਜ ਭੇਜੇ ਸਨ ਅਤੇ ਉਨ੍ਹਾਂ ਦੀਆਂ ਕਾਰਗੁਜ਼ਾਰੀਆਂ 'ਤੇ ਤਿੱਖੀਆਂ ਟਿੱਪਣੀਆਂ ਕੀਤੀਆਂ ਸਨ।