ਬਲਤੇਜ ਪੰਨੂ ਨੇ ਅਮਿਤ ਸ਼ਾਹ 'ਤੇ ਲਗਾਏ ਪਾਰਟੀ ਨੂੰ ਤੋੜਨ ਦੇ ਦੋਸ਼
Friday, Apr 24, 2026 - 02:02 PM (IST)
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਆਗੂ ਬਲਤੇਜ ਪੰਨੂ ਨੇ ਕੇਂਦਰ ਸਰਕਾਰ 'ਤੇ ਗੰਭੀਰ ਦੋਸ਼ ਲਗਾਏ ਹਨ। ਬਲਤੇਜ ਪੰਨੂ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਸੱਤਾ ਵਿਚ ਆਏ ਚਾਰ ਸਾਲ ਪੂਰੇ ਹੋ ਚੁੱਕੇ ਹਨ ਅਤੇ ਪਾਰਟੀ 5ਵੇਂ ਸਾਲ ਵਿਚ ਦਾਖਲ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਸਰਕਾਰ ਨੂੰ ਤੋੜਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਕਦੇ ਵਿਧਾਇਕਾਂ ਨੂੰ ਖਰੀਦਣ ਅਤੇ ਕਦੇ ਤੋੜਣ ਦੀ ਸਾਜ਼ਿਸ਼ ਰਚੀ ਗਈ ਹੈ। ਪੰਨੂ ਨੇ ਕਿਹਾ ਕਿ ਕੋਈ ਆਗੂ ਕਹਿ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ 35 ਵਿਧਾਇਕ ਉਨ੍ਹਾਂ ਦੇ ਸੰਪਰਕ ਵਿਚ ਹਨ। ਕਦੇ ਵਿਧਾਇਕਾਂ ਨੂੰ ਲਾਲਚ ਵੀ ਦਿੱਤਾ ਗਿਆ ਪਰ ਪਾਰਟੀ ਵਿਚ ਉਹ ਆਗੂ ਸ਼ਾਮਲ ਹਨ ਜਿਹੜੇ ਲਾਲਚ ਵਿਚ ਆ ਕੇ ਟੁੱਟੇ ਨਹੀਂ। ਪੰਨੂ ਨੇ ਭਾਜਪਾ 'ਤੇ ਦੋਸ਼ ਲਗਾਏ ਹਨ ਕਿ ਜਦੋਂ ਤੋਂ ਭਾਜਪਾ ਕੇਂਦਰ ਦੀ ਸੱਤਾ ਵਿਚ ਆਈ ਹੈ, ਉਦੋਂ ਤੋਂ ਗੈਰ ਭਾਜਪਾ ਸਰਕਾਰ ਵਿਚ ਆਗੂਆਂ ਨੂੰ ਲੈ ਕੇ ਖਰੀਦ-ਫਰੋਖਤ ਕਰਕੇ ਅਤੇ ਡਰਾ ਧਮਕਾ ਕੇ ਸਰਕਾਰਾਂ ਤੋੜੀਆਂ ਗਈਆਂ।
ਪੰਨੂ ਨੇ ਕਿਹਾ ਕਿ ਭਾਜਪਾ ਦਿੱਲੀ ਅਤੇ ਪੰਜਾਬ ਵਿਚ ਸਰਕਾਰਾਂ ਤੋੜਨ ਵਿਚ ਸਫਲ ਨਹੀਂ ਹੋ ਸਕੀ ਕਿਉਂਕਿ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਅਤੇ ਸੰਸਦ ਮੈਂਬਰ ਕਿਸੇ ਮਿਸ਼ਨ ਦੇ ਤਹਿਤ ਸੱਤਾ ਵਿਚ ਸ਼ਾਮਲ ਹੋਏ ਹਨ। ਪਿਛਲੇ ਦਿਨਾਂ ਦੌਰਾਨ ਸੰਸਦ ਮੈਂਬਰ ਅਤੇ ਮੰਤਰੀ ’ਤੇ ਈ. ਡੀ. ਵੱਲੋਂ ਰੇਡਾਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਰੋਬਾਰੀਆਂ ’ਤੇ ਪਹਿਲਾਂ ਕਦੇ ਵੀ ਇਸ ਤਰ੍ਹਾਂ ਦੀਆਂ ਰੇਡਾਂ ਨਹੀਂ ਹੋਈਆਂ। ਜਿੱਥੇ-ਜਿੱਥੇ ਚੋਣਾਂ ਸ਼ੁਰੂ ਹੁੰਦੀਆਂ ਹਨ, ਉੱਥੇ ਸਭ ਤੋਂ ਪਹਿਲਾਂ ਭਾਜਪਾ ਲਈ ਸੀਬੀਆਈ, ਈਡੀ ਅਤੇ ਚੋਣ ਕਮਿਸ਼ਨ ਐਕਟਿਵ ਹੋ ਜਾਂਦੇ ਹਨ। ਪੰਨੂ ਨੇ ਦੋਸ਼ ਲਾਇਆ ਕਿ ਦੂਜੇ ਆਗੂਆਂ ਨੂੰ ਪਾਰਟੀ ਵਿਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਦੌਰਾਨ ਕੇਜਰੀਵਾਲ, ਮਨਿਸ਼ ਸਿਸੋਦੀਆ ਸਮੇਤ ਹੋਰ ਨੇਤਾਵਾਂ ਨੂੰ ਜੇਲ੍ਹ ਭੇਜਿਆ ਗਿਆ ਅਤੇ ਉਨ੍ਹਾਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਗਏ ਪਰ ਕੇਸਾਂ ਵਿਚ ਕੁਝ ਵੀ ਸਾਹਮਣੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਅਦਾਲਤ ਅਨੁਸਾਰ ਇਹ ਕੇਸ ਚੱਲਣ ਯੋਗ ਨਹੀਂ ਹਨ। ਉਨ੍ਹਾਂ ਕਿਹਾ ਕਿ ਇਕ ਵਾਰ ਫਿਰ ਸੰਸਦ ਮੈਂਬਰਾਂ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਸੰਸਦ ਮੈਂਬਰਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਜਿਸ ਦੇ ਤਹਿਤ ਅਮਿਤ ਸ਼ਾਹ ਨੇ ਰਾਘਵ ਚੱਢਾ ਨੂੰ ਇਕ ਟੂਲ ਵਜੋਂ ਵਰਤਣਾ ਸ਼ੁਰੂ ਕਰ ਦਿੱਤਾ ਹੈ। ਰਾਘਵ ਦੇ ਜ਼ਰੀਏ ਸੰਸਦ ਮੈਂਬਰਾਂ ਨੂੰ ਤੋੜ ਕੇ ਪਾਰਟੀ ਦੀ ਆਵਾਜ਼ ਨੂੰ ਲੋਕ ਸਭਾ ਅਤੇ ਰਾਜ ਸਭਾ ਵਿਚ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਾਰਟੀ ਕੋਲ ਰਿਪੋਰਟ ਹੈ ਕਿ ਰਾਘਵ ਚੱਢਾ ਨੂੰ ਕਿਹਾ ਗਿਆ ਹੈ ਕਿ ਜੇ ਉਹ 7 ਸੰਸਦ ਮੈਂਬਰਾਂ ਨੂੰ ਤੋੜ ਕੇ ਲਿਆਉਂਦਾ ਹੈ ਤਾਂ ਉਸ ਨੂੰ ਮੰਤਰੀ ਅਹੁਦਾ ਦਿੱਤਾ ਜਾ ਸਕਦਾ ਹੈ।
ਪੰਨੂ ਨੇ ਕਿਹਾ ਕਿ ਛੋਟੀ ਉਮਰ ਵਿਚ ਪਾਰਟੀ ਨੇ ਰਾਘਵ ਚੱਢਾ ਨੂੰ ਸੰਸਦ ਮੈਂਬਰ ਬਣਾਇਆ। ਪਾਰਟੀ ਨੇ ਰਾਘਵ ਚੱਢਾ ਨੂੰ ਸਭ ਕੁਝ ਦਿੱਤਾ ਪਰ ਅੱਜ ਉਹ ਅਮਿਤ ਸ਼ਾਹ ਦੀਆਂ ਗੱਲਾਂ ਵਿਚ ਆ ਕੇ ਪਾਰਟੀ ਦੀ ਪਿੱਠ ਵਿਚ ਛੁਰਾ ਮਾਰ ਰਹੇ ਹਨ। ਪੰਜਾਬ ਕਦੇ ਵੀ ਪਿੱਠ ’ਚ ਛੁਰਾ ਮਾਰਣ ਵਾਲਿਆਂ ਨੂੰ ਬਰਦਾਸ਼ਤ ਨਹੀਂ ਕਰੇਗਾ। ਭਾਜਪਾ 2027 ਵਿਚ ਪੰਜਾਬ ਅੰਦਰ ਚੋਣ ਲੜਨ ਦੇ ਦਾਅਵੇ ਕਰ ਰਹੀ ਹੈ ਅਤੇ ਉਹ ਚੋਣ ਲੜ ਵੀ ਸਕਦੀ ਹੈ ਪਰ ਜਿਸ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਅਤੇ ਪੰਜਾਬੀਆਂ ’ਤੇ ਹਮਲੇ ਕੀਤੇ ਜਾ ਰਹੇ ਹਨ, ਇਹ ਭੁੱਲ ਜਾਵੇ ਕਿ ਪੰਜਾਬੀ ਚੁੱਪ ਰਹਿਣਗੇ। ਆਮ ਆਦਮੀ ਪਾਰਟੀ ਦੇ ਨੇਤਾ ਕਿਸੇ ਏਜੰਸੀ ਦੀ ਰੇਡ ਤੋਂ ਨਹੀਂ ਡਰਦੇ। ਇਹ ਕੋਸ਼ਿਸ਼ਾਂ ਪਹਿਲਾਂ ਵੀ ਹੋ ਚੁੱਕੀਆਂ ਹਨ। ਭਾਜਪਾ ਤੋਂ ਪਹਿਲਾਂ ਕਾਂਗਰਸ ਦੇ ਪ੍ਰਤਾਪ ਬਾਜਵਾ ਵੀ ਪਾਰਟੀ ਦੇ 35 ਵਿਧਾਇਕਾਂ ਨਾਲ ਸੰਪਰਕ ਦਾ ਦਾਅਵਾ ਕਰ ਚੁੱਕੇ ਹਨ। ਪੰਨੂ ਨੇ ਕਿਹਾ ਕਿ ਹੁਣ ਹੋਰ ਪਾਰਟੀਆਂ ਨੂੰ ਆਪਣੇ ਮੈਨਿਫੈਸਟੋ ਬਦਲਣੇ ਪੈ ਰਹੇ ਹਨ।
