ਟਰੱਕ ਡਰਾਇਵਰ ਨੇ ਸਹੇਲੀ ਦੇ ਨਵੇਂ ਆਸ਼ਿਕ ਨਾਲ ਸਬੰਧ ਬਣਨ ’ਤੇ ਪੱਟ ''ਚ ਮਾਰੀ ਗੋਲ਼ੀ
Friday, Apr 17, 2026 - 06:55 PM (IST)
ਮਾਛੀਵਾੜਾ ਸਾਹਿਬ (ਟੱਕਰ) - ਟਰੱਕ ਡਰਾਇਵਰ ਦਾ ਕਿੱਤਾ ਕਰਦੇ ਹਰਜਿੰਦਰ ਸਿੰਘ ਵਾਸੀ ਪੂਨੀਆ, ਜ਼ਿਲਾ ਨਵਾਂਸ਼ਹਿਰ ਨੇ ਆਪਣੀ ਪ੍ਰੇਮਿਕਾ ਮਨਦੀਪ ਕੌਰ ਦੇ ਨਵੇਂ ਪ੍ਰੇਮੀ ਬਿਕਰਮਜੀਤ ਸਿੰਘ ਵਾਸੀ ਬਾਲਿਓਂ ਨਾਲ ਸਬੰਧ ਬਣਨ ’ਤੇ ਰੰਜਿਸ਼ ਕਾਰਨ ਪ੍ਰੇਮੀ ਦੇ ਪੱਟ ਵਿਚ ਗੋਲੀ ਮਾਰ ਕੇ ਫ਼ਰਾਰ ਹੋ ਗਿਆ ਸੀ। ਮਾਛੀਵਾੜਾ ਪੁਲਸ ਵਲੋਂ ਅੱਜ ਇਸ ਮਾਮਲੇ ਨੂੰ ਸੁਲਝਾਉਂਦਿਆਂ ਮੁਲਜ਼ਮ ਹਰਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਲੰਘੀ ਜਨਵਰੀ ਮਹੀਨੇ ’ਚ ਟਰੱਕ ਡਰਾਇਵਰ ਹਰਜਿੰਦਰ ਸਿੰਘ ਆਪਣੀ ਪ੍ਰੇਮਿਕਾ ਮਨਦੀਪ ਕੌਰ ਦੇ ਘਰ ਮਿਲਣ ਲਈ ਗਿਆ ਜਿਸ ਕਾਰਨ ਉੱਥੇ ਜਾ ਕੇ ਉਹ ਝਗੜਾ ਕਰਨ ਲੱਗਾ। ਮਨਦੀਪ ਕੌਰ ਨੇ ਫੋਨ ਕਰਕੇ ਬਿਕਰਮਜੀਤ ਸਿੰਘ ਨੂੰ ਬੁਲਾ ਲਿਆ ਅਤੇ ਜਦੋਂ ਉਹ ਉੱਥੇ ਪੁੱਜਾ ਤਾਂ ਹਰਜਿੰਦਰ ਸਿੰਘ ਉਸਦੇ ਪੱਟ ਵਿਚ ਗੋਲੀ ਮਾਰ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਮਾਛੀਵਾੜਾ ਪੁਲਸ ਵਲੋਂ ਇਸ ਸਬੰਧੀ ਮਾਮਲਾ ਦਰਜ ਕਰ ਹਰਜਿੰਦਰ ਸਿੰਘ ਦੀ ਤਲਾਸ਼ ਕੀਤੀ ਜਾ ਰਹੀ ਸੀ ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਉਸ ਕੋਲੋਂ ਇੱਕ 32 ਬੋਰ ਰਿਵਾਲਵਰ ਤੇ ਜ਼ਿੰਦਾ ਕਾਰਤੂਸ ਵੀ ਬਰਾਮਦ ਹੋਏ ਜਿਸ ਨਾਲ ਉਸਨੇ ਬਿਕਰਮਜੀਤ ਸਿੰਘ ’ਤੇ ਗੋਲੀ ਮਾਰ ਕੇ ਕਾਤਲਾਨਾ ਹਮਲਾ ਕੀਤਾ ਸੀ।
ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਵਜ੍ਹਾ ਰੰਜਿਸ਼ ਇਹ ਸਾਹਮਣੇ ਆਈ ਕਿ ਮਨਦੀਪ ਕੌਰ ਦੀ ਪਹਿਲਾਂ ਹਰਜਿੰਦਰ ਸਿੰਘ ਨਾਲ ਦੋਸਤੀ ਸੀ ਜਿਸ ਦਾ ਉਸਦੇ ਘਰ ਆਉਣਾ ਜਾਣਾ ਸੀ। ਕੁਝ ਸਮੇਂ ਤੋਂ ਮਨਦੀਪ ਕੌਰ ਦੀ ਦੋਸਤੀ ਬਿਕਰਮਜੀਤ ਸਿੰਘ ਨਾਲ ਹੋ ਗਈ ਜਿਸ ਕਾਰਨ ਉਹ ਰੰਜਿਸ਼ ਰੱਖਦਾ ਸੀ ਅਤੇ ਉਸਨੇ ਇਹ ਗੋਲੀ ਮਾਰ ਦਿੱਤੀ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਹਰਜਿੰਦਰ ਸਿੰਘ ਯੂ.ਪੀ. ਤੋਂ ਜਾ ਕੇ 90 ਹਜ਼ਾਰ ਰੁਪਏ ਵਿਚ ਇਹ ਨਾਜਾਇਜ਼ ਅਸਲਾ ਤੇ ਕਾਰਤੂਸ ਲੈ ਕੇ ਆਇਆ ਸੀ ਜਿਸ ਦਾ ਉਦੇਸ਼ ਰੰਜਿਸ਼ ਕਾਰਨ ਬਿਕਰਮਜੀਤ ਸਿੰਘ ’ਤੇ ਹਮਲਾ ਕਰਨਾ ਸੀ। ਥਾਣਾ ਮੁਖੀ ਪਵਿੱਤਰ ਸਿੰਘ ਨੇ ਕਿਹਾ ਕਿ ਇਹ ਸਾਰਾ ਮਾਮਲਾ ਸੁਲਝਾ ਲਿਆ ਹੈ ਅਤੇ ਜਾਂਚ ਦੌਰਾਨ ਜਿਹੜੇ ਵੀ ਢਾਬੇ ਤੋਂ ਅਸਲਾ ਖਰੀਦ ਕੇ ਲਿਆਇਆ ਉਸਦੀ ਵੀ ਭਾਲ ਕੀਤੀ ਜਾਵੇਗੀ।
