ਪੰਜਾਬ 'ਚ ਅਫ਼ਸਰਸ਼ਾਹੀ ਦੀਆਂ ਤਰੱਕੀਆਂ 'ਤੇ ਵਿਵਾਦ, ਸੁਖਪਾਲ ਖਹਿਰਾ ਨੇ ਚੁੱਕੇ ਸਵਾਲ
Saturday, Apr 18, 2026 - 11:02 AM (IST)
ਚੰਡੀਗੜ੍ਹ : ਪੰਜਾਬ 'ਚ ਅਫ਼ਸਰਸ਼ਾਹੀ ਦੀਆਂ ਤਰੱਕੀਆਂ ਨੂੰ ਲੈ ਕੇ ਇੱਕ ਨਵਾਂ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਹੈ। ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਭ੍ਰਿਸ਼ਟਾਚਾਰ ਖ਼ਿਲਾਫ਼ ਸਰਕਾਰ ਦੇ 'ਜ਼ੀਰੋ ਟੋਲਰੈਂਸ' ਦਾਅਵਿਆਂ 'ਤੇ ਸਵਾਲ ਚੁੱਕੇ ਹਨ। ਖਹਿਰਾ ਨੇ ਦੋਸ਼ ਲਾਇਆ ਹੈ ਕਿ ਪੰਜਾਬ ਦੇ ਮੁੱਖ ਸਕੱਤਰ ਵੱਲੋਂ ਦੋ ਅਫ਼ਸਰਾਂ, ਤਹਿਸੀਲਦਾਰ ਰਮਨਦੀਪ ਕੌਰ ਅਤੇ ਡੀ. ਆਰ. ਓ. ਕਰੁਣ ਗੁਪਤਾ ਨੂੰ ਪੀ. ਸੀ. ਐੱਸ. ਗ੍ਰੇਡ 'ਚ ਤਰੱਕੀ ਦਿੱਤੀ ਗਈ ਹੈ। ਉਨ੍ਹਾਂ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਤਰੱਕੀਆਂ ਅਜਿਹੇ ਸਮੇਂ ਦਿੱਤੀਆਂ ਗਈਆਂ ਹਨ, ਜਦੋਂ ਇਨ੍ਹਾਂ ਵਿੱਚੋਂ ਇੱਕ ਅਫ਼ਸਰ ਮੁਅੱਤਲ ਹੈ ਅਤੇ ਦੂਜਾ ਚਾਰਜਸ਼ੀਟ ਕੀਤਾ ਗਿਆ ਹੈ।

ਸੁਖਪਾਲ ਖਹਿਰਾ ਨੇ ਸੋਸ਼ਲ ਮੀਡੀਆ ਰਾਹੀਂ ਸਵਾਲ ਕਰਦਿਆਂ ਪੁੱਛਿਆ ਕਿ ਕੀ ਇਹ ਸਰਕਾਰ ਦੀ ਈਮਾਨਦਾਰੀ ਦਾ ਨਵਾਂ ਮਾਪਦੰਡ ਹੈ? ਉਨ੍ਹਾਂ ਨੇ ਇਸ ਨੂੰ ਸਰਕਾਰ ਦੇ ਭ੍ਰਿਸ਼ਟਾਚਾਰ ਵਿਰੋਧੀ ਮਾਡਲ 'ਤੇ ਇੱਕ ਵੱਡੀ ਚੋਟ ਦੱਸਿਆ ਹੈ। ਸੋਸ਼ਲ ਮੀਡੀਆ 'ਤੇ ਪਾਈ ਗਈ ਆਪਣੀ ਇਸ ਪੋਸਟ 'ਚ ਸੁਖਪਾਲ ਖਹਿਰਾ ਨੇ ਉਕਤ ਅਧਿਕਾਰੀਆਂ ਦੀ ਫੋਟੋ ਦੇ ਨਾਲ ਉਨ੍ਹਾਂ ਨੂੰ ਚਾਰਜਸ਼ੀਟ ਅਤੇ ਮੁਅੱਤਲ ਕਰਨ ਦੇ ਨੋਟਿਸ ਦੀ ਕਾਪੀ ਵੀ ਪਾਈ ਹੈ ਅਤੇ ਸਰਕਾਰ 'ਤੇ ਸਵਾਲ ਚੁੱਕੇ ਹਨ।
