ਬਾਦਸ਼ਾਹ ਸੜਕ ਅਤੇ ਅੱਜ ਦਾ ਖ਼ਸਤਾ ਜੀ.ਟੀ. ਰੋਡ
Friday, Apr 17, 2020 - 11:59 AM (IST)
ਹਰਪ੍ਰੀਤ ਸਿੰਘ ਨਾਜ਼
ਗਰੈਂਡ ਟਰੰਕ ਰੋਡ ਜਾਂ ਜੀ.ਟੀ. ਰੋਡ ਹਿੰਦੇਸਤਾਨ ਦੀ ਰੀਡ ਦੀ ਹੱਡੀ ਹੈ। ਇਸਦਾ ਦਾ ਇਤਿਹਾਸ ਬਹੁਤ ਪੁਰਾਣਾ ਹੈ। ਪ੍ਰਾਚੀਨ ਕਾਲ ਵਿੱਚ ਇਸਨੂੰ 'ਉੱਤਰਾਪਥ' ਕਿਹਾ ਜਾਂਦਾ ਸੀ। ਪ੍ਰਾਚੀਨ ਕਾਲ ਵਿੱਚ ਵਿੰਧਿਆਚਲ ਦੇ ਉੱਤਰ ਵਿੱਚ ਸਥਿਤ ਪ੍ਰਦੇਸ਼ ਨੂੰ 'ਉੱਤਰੀ ਪ੍ਰਦੇਸ਼' ਕਿਹਾ ਜਾਂਦਾ ਸੀ ਅਤੇ ਪਿਹੋਵੇ ਤੋਂ ਅੱਗੇ ਸਥਿਤ ਰਾਹ ਨੂੰ 'ਉੱਤਰਾਪਥ' ਕਿਹਾ ਜਾਂਦਾ ਸੀ। ਇਹ ਪੂਰਬੀ ਭਾਰਤ ਦੇ ਨਗਰਾਂ ਨੂੰ ਪੰਜਾਬ ਨਾਲ ਜੋੜਦੇ ਹੋਏ, ਖੈਬਰ ਦੱਰਾ ਪਾਰ ਕਰਦੀ ਹੋਈ ਅਫਗਾਨਿਸਤਾਨ ਦੇ ਕੇਂਦਰ ਤੱਕ ਜਾਂਦਾ ਸੀ।
ਤੀਜੀ ਸ਼ਤਾਬਦੀ ਈਸਾ ਪੂਰਬ ਮੌਰਿਆ ਰਾਜਾਵਾਂ ਨੇ ਟੈਕਸਲਾ ਤੋਂ ਪਾਟਲੀਪੁਤਰ ਤੱਕ ਇਹ ਰਾਜ ਮਾਰਗ ਬਣਵਾਇਆ ਸੀ। ਜੋ ਭਾਰਤ ਦੇ ਵਿੱਚੋ ਤਕਸ਼ਿਲਾ ਜਾਂ ਟੈਕਸਲਾ (ਵਰਤਮਾਨ ਪਾਕਿਸਤਾਨ) ਤੋਂ ਹੁੰਦੇ ਹੋਏ ਯੂਨਾਨ ਦੇ ਉੱਤਰ-ਪੱਛਮ ਵੱਲ ਦੇ ਨਗਰਾਂ ਤੱਕ ਚੱਲੀ ਜਾਂਦੀ ਸੀ। ਇਸੇ ਰਾਹੀਂ ਥਲ ਵਪਾਰ ਹੁੰਦਾ ਸੀ। ਮੈਗਸਥਨੀਜ ਲਗਭਗ 15 ਸਾਲ ਤੱਕ ਮੌਰਿਆ ਦਰਬਾਰ ਵਿੱਚ ਰਿਹਾ ਸੀ, ਦੇ ਅਨੁਸਾਰ ਚੰਦਰਗੁਪਤ ਮੌਰਿਆ ਦੀ ਫੌਜ ਇਸ ਰਾਜ ਮਾਰਗ ਦੀ ਦੇਖਭਾਲ ਕਰਦੀ ਸੀ। ਇਹ ਰਸਤਾ ਸਦੀਆਂ ਤੱਕ ਪ੍ਰਯੋਗ ਹੁੰਦਾ ਰਿਹਾ। ਮੌਰਿਆ ਕਾਲ ਵਿੱਚ ਬੋਧੀ ਧਰਮ ਦਾ ਪ੍ਰਸਾਰ ਇਸੇ 'ਉੱਤਰਾਪਥ' ਦੇ ਰਾਹੀਂ ਗੰਧਾਰ ਤੱਕ ਗਿਆ ਸੀ। ਫਿਰ 16ਵੀਂ ਸ਼ਤਾਬਦੀ ਵਿੱਚ ਦਿੱਲੀ ਦੇ ਸੁਲਤਾਨ ਸ਼ੇਰਸ਼ਾਹ ਸੂਰੀ ਨੇ ਇਸ ਵੱਲ ਧਿਆਨ ਦਿੱਤਾ। ਸ਼ੇਰਸ਼ਾਹ ਸੂਰੀ ਨੇ 1542 ਈ. ਵਿੱਚ ਬੰਗਾਲ ਦੇ ਸੋਨਾ (ਸੋਨਾਗਾਂਵ) ਨਾਮਕ ਪਿੰਡ ਤੋਂ ਸਿੰਧ ਪ੍ਰਾਂਤ ਤੱਕ ਲਗਭਗ ਦੋ ਹਜ਼ਾਰ ਮੀਲ ਲੰਬੀ ਪੱਕੀ ਸੜਕ ਬਣਵਾਈ ਸੀ, ਤਾਂਕਿ ਆਵਾਜਾਈ ਦੀ ਉੱਤਮ ਵਿਵਸਥਾ ਹੋ ਸਕੇ। ਸ਼ੇਰਸ਼ਾਹ ਨੇ ਇਸ ਸੜਕ ਤੇ ਛਾਂਦਾਰ ਰੁੱਖ ਲਗਵਾਏ, ਰਾਹਗੀਰਾਂ ਲਈ ਸਰਾਵਾਂ ਬਣਵਾਈਆਂ, ਬਾਉਲੀਆਂ ਲਵਾਈਆਂ। ਉਸਨੇ ਦੂਰੀ ਨਾਪਣ ਲਈ ਜਗ੍ਹਾ-ਜਗ੍ਹਾ ਸੜਕਾਂ ਉੱਤੇ ਮੀਲ ਪੱਥਰ ਜਾਂ ਕੋਹ ਜਾਂ ਕੋਸ ਮੀਨਾਰ ਵੀ ਬਣਵਾਏ।
ਇੱਥੇ ਕੋਹ ਬਾਰੇ ਦੱਸਣਾਂ ਕੁਥਾਂ ਨਹੀਂ ਹੋਵੇਗਾ। ਕੋਹ ਸ਼ਬਦ ਦੂਰੀ ਨਾਪਣ ਦਾ ਇੱਕ ਪੈਮਾਨਾ ਹੈ। ਕੋਹ ਦਾ ਸ਼ਾਬਦਿਕ ਮਤਲਬ ਹੈ- ਦੂਰੀ ਨਾਪਣ ਦਾ ਇੱਕ ਮਾਪ ਜੋ ਲਗਭਗ ਦੋ ਮੀਲ ਅਰਥਾਤ ਸਵਾ ਤਿੰਨ ਕਿ.ਮੀ. ਦੇ ਬਰਾਬਰ ਹੁੰਦਾ ਸੀ । ਪ੍ਰਾਚੀਨ ਸਮਾਂ ਵਿੱਚ ਕਿਲੋਮੀਟਰ ਨਹੀਂ, ਕੋਹ ਵਿੱਚ ਦੂਰੀ ਮਿਣੀ ਜਾਂਦੀ ਸੀ। ਦੱਸਦੇ ਹਨ ਕਿ ਮੀਨਾਰਾਂ ਦੇ ਕੋਲ ਹਮੇਸ਼ਾ ਇੱਕ ਖੂਹ ਜਾਂ ਬਾਉਲੀ ਹੁੰਦੀ ਸੀ, ਜਿੱਥੇ ਉੱਤੇ ਕੁੱਝ ਦੇਰ ਬੈਠਕੇ ਆਰਾਮ ਕੀਤਾ ਜਾ ਸਕੇ ਅਤੇ ਪਾਣੀ ਪੀਕੇ ਪਿਆਸ ਬੁਝਾਈ ਜਾ ਸਕੇ। ਹਰ ਮੀਨਾਰ ਦੇ ਕੋਲ ਹਰੇ ਭਰੇ ਦਰਖਤ ਵੀ ਜਰੂਰ ਹੁੰਦੇ ਸਨ, ਜਿਸਸੇ ਛਾਇਆ ਵਿੱਚ ਬੈਠਕੇ ਰਾਹਗੀਰ ਆਰਾਮ ਕਰ ਸਕਣ। ਇਸ ਮੀਨਾਰਾਂ ਉੱਤੇ ਸ਼ਾਸਨ ਵਲੋਂ ਆਦਮੀ ਨਿਯੁਕਤ ਹੁੰਦੇ ਸਨ। ਇਹ ਦਿਨ ਵਿੱਚ ਲੋਕਾਂ ਦੀ ਸੇਵਾ ਕਰਦੇ ਸਨ ਅਤੇ ਰਾਤ ਵਿੱਚ ਮੀਨਾਰ ਦੇ ਉੱਤੇ ਰੋਸ਼ਨੀ ਕਰਦੇ ਸਨ, ਜਿਸਦੇ ਨਾਲ ਰਾਤ ਵਿੱਚ ਭਟਕੇ ਰਾਹਗੀਰ ਨੂੰ ਰਸਤਾ ਮਿਲ ਜਾਵੇ। ਉਹਨੇ ਨਾਲ ਹੀ ਮੁਸਾਫਰਾਂ ਅਤੇ ਵਪਾਰੀਆਂ ਦੀ ਸੁਰੱਖਿਆ ਦਾ ਵੀ ਸੰਤੋਸ਼ਜਨਕ ਪ੍ਰਬੰਧ ਕੀਤਾ। ਉਸਨੇ ਡਾਕ ਵਿਵਸਥਾ ਨੂੰ ਦੁਰੁਸਤ ਕੀਤਾ ਅਤੇ ਘੁੜਸਵਾਰਾਂ ਦੁਆਰਾ ਡਾਕ ਨੂੰ ਲਿਆਉਣ ਲੈ ਜਾਣ ਦੀ ਵਿਵਸਥਾ ਕੀਤੀ। ਰਿਵਾਇਤੀ ਇਤਿਹਾਸ ਅਨੁਸਾਰ ਸ਼ੇਰਸ਼ਾਹ ਸੂਰੀ ਨੇ ਸ਼ੰਭੂ ਤੇ ਖੰਨਾ ਵਿੱਚ ਸਰਾਂ ਬਣਵਾਈ ਸੀ। ਇਸਤੋਂ ਇਹੋ ਲਗਦਾ ਹੈ ਕਿ ਉਹ ਇਹ ਕੰਮ ਪੂਰਾ ਨਹੀ ਕਰਵਾ ਸਕਿਆ ਅਤੇ ਪੰਜਾਬ ਵਿੱਚ ਇਹ ਕੰਮ ਮੁਗਲਾਂ ਨੇ ਪੂਰਾ ਕਰਵਾਇਆ। ਕੋਹ ਮੀਨਾਰਾਂ ਦੀ ਉਸਾਰੀ ਦਾ ਕੰਮ ਸ਼ੇਰਸ਼ਾਹ ਸੂਰੀ ਨੇ ਆਰੰਭ ਕਰਵਾਇਆ ਸੀ ਅਤੇ ਇਸਦਾ ਵਿਸਥਾਰ ਮੁਗ਼ਲ ਸ਼ਾਸਕਾਂ ਨੇ ਕੀਤਾ ਸੀ। ਇਹ ਰਸਤਾ ਉਸ ਸਮੇਂ 'ਸੜਕ-ਏ-ਆਜ਼ਮ' ਜਾਂ 'ਬਾਦਸ਼ਾਹੀ ਸੜਕ' ਕਹਾਉਂਦਾ ਸੀ।
ਫਿਰ ਮੁਗ਼ਲ ਸ਼ਾਸਕਾਂ ਨੇ ਇਸ ਵੱਲ ਧਿਆਨ ਦਿੱਤਾ ਅਤੇ ਲਗਭਗ ਇੱਕ ਹਜਾਰ ਕੋਹ ਮੀਨਾਰਾਂ ਦਾ ਉਸਾਰੀ ਕਰਵਾਈ। ਅਕਬਰਨਾਮਾ ਵਿੱਚ ਵੀ 'ਕੋਹ ਮੀਨਾਰਾਂ' ਦਾ ਚਰਚਾ ਹੈ। ਕੋਹ ਮੀਨਾਰਾਂ ਬੰਗਾਲ ਦੇ ਪਿੰਡ ਸੋਨਾਰ ਵਲੋਂ ਆਰੰਭ ਹੋ ਕੇ ਆਗਰਾ,ਮਥੁਰਾ, ਦਿੱਲੀ, ਹਰਿਆਣਾ, ਪੰਜਾਬ ਦੇ ਖੇਤਰਾਂ ਵਲੋਂ ਹੁੰਦੇ ਹੋਏ ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਤੱਕ ਬਣੇ ਹੋਏ ਹਨ। ਇਸ ਕੋਹ ਮੀਨਾਰਾਂ ਨਾਲ ਮੁਸਾਫਰਾਂ ਨੂੰ ਰਸਤਾ ਪਛਾਣਨ ਅਤੇ ਦੂਰੀ ਨਾਪਣ ਵਿੱਚ ਮਦਦ ਮਿਲਦੀ ਸੀ ਅਤੇ ਇਸ ਕੋਹ ਮੀਨਾਰਾਂ ਉੱਤੇ ਪ੍ਰਸ਼ਾਸਨ ਵਲੋਂ ਇੱਕ ਘੁੜਸਵਾਰ ਕਾਸਿਦ ਅਤੇ ਸ਼ਾਹੀ ਸੈਨਿਕਾਂ ਦੀ ਨਿਯੁਕਤੀ ਹੁੰਦੀ ਸੀ ਜੋ ਸ਼ਾਹੀ ਸੁਨੇਹਾ ਅਤੇ ਪੱਤਰ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚਾਣ ਦਾ ਕਾਰਜ ਕਰਦੇ ਸਨ। ਭਾਰਤ ਵਿੱਚ ਪੱਤਰ ਭੇਜਣ ਦੀ ਵਿਵਸਥਾ ਇਸ ਸਮੇਂ ਤੋਂ ਅਰੰਭ ਹੋਈ ਸੀ। ਕੋਹ ਮੀਨਾਰਾਂ ਵਿੱਚ ਇੱਕ ਵੱਡਾ ਨਗਾਰਾ ਵੀ ਰੱਖਿਆ ਜਾਂਦਾ ਸੀ, ਜੋ ਹਰ ਇੱਕ ਘੰਟੇ ਦੀ ਅੰਤ ਉੱਤੇ ਵਜਾਇਆ ਜਾਂਦਾ ਸੀ। ਕੋਹ ਮੀਨਾਰਾਂ ਦੇ ਕੋਲ ਸਥਿਤ ਸਰਾਏ ਉੱਤੇ ਪਾਂਧੀ ਅਰਾਮ ਕਰ ਆਪਣੀ ਥਕਾਣ ਦੂਰ ਕਰਦੇ ਸਨ। ਪੰਜਾਬ ਵਿੱਚ ਇਹ ਸੜਕ ਅੰਬਾਲਾ, ਸੰਭੂ, ਚਮਾਰੂ, ਰਾਜਪੁਰਾ, ਪਤਾਰਸੀ, ਸਰਾਏ ਬੰਜਾਰਾ, ਸਰਹੰਦ, ਜੰਡਾਲੀ, ਮੰਡੀ ਗੋਬਿੰਦਗੜ੍ਹ, ਖੰਨਾ, ਘੁੰਗਰਾਲੀ ਰਾਜਪੂਤਾਂ, ਕੋਟਾਂ, ਦੋਰਾਹੇ, ਕਨੇਚ, ਸਾਹਨੇਵਾਲ, ਢੰਡਾਰੀ, ਸ਼ੇਰਪੁਰ, ਫਿਲੌਰ, ਸ਼ਾਮਪੁਰ, ਚੀਮਾਂ, ਨੂਰਮਹਿਲ, ਬੀੜ, ਨਕੋਦਰ, ਦੱਖਣੀ ਸਰਾਂ, ਦਾਦਾਂ ਖਾਨਪੁਰ, ਡੱਡਵੰਡੀ, ਸੁਲਤਾਨਪੁਰ ਲੋਧੀ, ਗੋਇੰਦਵਾਲ, ਫਤਿਹਾਬਾਦ, ਭਰੋਵਾਲ, ਨੌਰੰਗਾਬਾਦ, ਤਰਨਤਾਰਨ, ਨੂਰਦੀ, ਝਬਾਲ, ਸਰਾਏ ਅਮਾਨਤ ਖਾਨ ਤੋਂ ਰਾਜਾ ਤਾਲ ਹੁੰਦੀ ਲਾਹੌਰ ਜਾਂਦੀ ਸੀ।
ਸ਼ੇਰਸ਼ਾਹ ਸੂਰੀ ਤੋਂ ਬਾਅਦ ਅਕਬਰ ਦੇ ਸਮੇਂ ਇਸ ਤੇ ਧਿਆਨ ਦਿੱਤਾ ਗਿਆ। ਅਕਬਰ ਨੇ ਅਬੁਲਫਜਲ ਨੂੰ ਹੁਕਮ ਦੇ ਸੁਲਤਾਨਪੁਰ ਅਤੇ ਨਕੋਦਰ ਵਿੱਚ ਪੁਲ ਬਣਵਾਏ। ਅਕਬਰ ਦੇ ਸਮੇ ਹੀ ਸਰਹੰਦ ਵਿੱਚ ਬਾਗ ਤੇ ਸਰਾਂ ਬਣੀ, ਜਿਸਨੂੰ ਹੁਣ 'ਆਮ-ਖਾਸ ਬਾਗ' ਕਹਿੰਦੇ ਹਾਂ। ਪੱਛਮੀ ਪੰਜਾਬ ਦੇ ਨਗਰ ਚੂਹਣੀਆਂ (ਵਰਤਮਾਨ ਪਾਕਿਸਤਾਨ) ਦਾ ਵਸਨੀਕ ਇੱਕ ਖਤ੍ਰੀ ਟੋਡਰਮੱਲ, ਆਪਣੀ ਲਿਆਕ਼ਤ ਨਾਲ ਵਧਦਾ ਵਧਦਾ ਅਕਬਰ ਬਾਦਸ਼ਾਹ ਦਾ ਦੀਵਾਨ ਬਣ ਗਿਆ ਸੀ। ਇਸ ਦੇ ਬਣਾਏ ਹੋਏ ਮਾਲ ਦੇ ਨਿਯਮ ਅਕਬਰ ਨੂੰ ਬਹੁਤ ਪਸੰਦ ਆਏ। ਟੋਡਰਮੱਲ ਦੀ ਗਿਣਤੀ ਅਕਬਰ ਦੇ 'ਨੌ ਰਤਾਂ' ਵਿੱਚ ਕੀਤੀ ਜਾਂਦੀ ਸੀ। ਅਕਬਰ ਨੇ ਇਸਨੂੰ ਰਾਜਾ ਦੀ ਉਪਾਧੀ ਦਿੱਤੀ ਸੀ। ਅਕਬਰ ਦੇ ਸਨ ਜਲੂਸੀ 34 ਵਿੱਚ ਇਹ ਲਾਹੌਰ ਦਾ ਹਾਕਿਮ ਬਣਿਆ। ਇਸਨੇ ਦਿੱਲੀ ਤੋਂ ਲਾਹੌਰ ਜਾਣ ਵਾਲੇ ਮਾਰਗ ਤੇ ਯਾਤਰੀਆਂ ਦੀ ਸਹੂਲਤ ਲਈ ਇੱਕ ਤਾਲ ਖੁਦਵਾਇਆ। ਇਸ ਦਾ ਨਾਮ ਰਾਜਾਤਾਲ ਹੋ ਗਿਆ। ਫਿਰ ਹੌਲੀ ਹੌਲੀ ਇਸਦੇ ਗਿਰਦੇ ਆਬਾਦੀ ਹੋ ਗਈ ਤੇ ਛੋਟਾ ਜਿਹਾ ਪਿੰਡ ਰਾਜਾਤਾਲ (ਜਿਲ੍ਹਾ ਅੰਮ੍ਰਿਤਸਰ) ਬਣ ਗਿਆ। ਇਸਨੇ ਇਸੇ ਮਾਰਗ ਤੇ ਸਰਹੰਦ ਤੋਂ ਅੱਗੇ ਇੱਕ ਸਰ੍ਹਾਂ ਵੀ ਬਣਵਾਈ। ਇਸਦੇ ਗਿਰਦ ਦਾ ਆਬਾਦੀ ਦਾ ਨਾਮ ਵੀ ਇਸਨੂੰ ਮਿਲੀ ਉਪਾਧੀ ਤੋਂ ਰਾਜਪੁਰਾ ਕਹਾਈ। ਗੁਰੂ ਅਮਰਦਾਸ ਜੀ ਨੇ ਵੀ ਇਸੇ ਮਾਰਗ ਤੇ ਗੋਇੰਦਵਾਲ ਵਸਾਇਆ। ਗੁਰੂ ਜੀ ਨੇ ਵੀ ਇੱਥੇ ਬਾਉਲੀ ਲਗਵਾਈ ਅਅਤੇ ਲੰਗਰ ਚਲਾਇਆ। ਜਿਸ ਨਾਲ ਯਾਤਰੀਆਂ ਨੂੰ ਬਹੁਤ ਸੁਖ ਪਹੁੰਚਿਆ।ਗੁਰੂ ਜੀ ਦਾ ਲੰਗਰ ਚਲਦਾ ਦੇਖ ਬਾਦਸ਼ਾਹ ਅਕਬਰ ਨੇ ਗੁਰੂ ਘਰ ਦੇ ਨਾਮ ਜਗੀਰ ਵੀ ਲਾਈ ਸੀ।
ਅੰਮ੍ਰਿਤਸਰ ਨਗਰੀ ਲਾਹੌਰ-ਦਿੱਲੀ ਦੀ ਪੁਰਾਣੀ ਜਰਨੈਲੀ ਸੜਕ ਤੋਂ ਹਟਵੀਂ ਪੈਂਦੀ ਸੀ। ਇਸ ਲਈ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਸੜਕ ਦੇ ਐਨ ਉੱਪਰ ਨਗਰੀ ਵਸਾਉਣ ਦੀ ਸੋਚੀ। ਇਸੇ ਰਸਤੇ ਹੀ ਹਾਕਮ ਅਤੇ ਵਪਾਰੀ, ਦਿੱਲੀ ਤੋਂ ਲਾਹੌਰ ਨੂੰ ਆਇਆ-ਜਾਇਆ ਕਰਦੇ ਸਨ। ਗੁਰੂ ਜੀ ਦੇਸ਼-ਵਿਦੇਸ਼ ਰਹਿੰਦੇ ਯਾਤਰੂਆਂ ਨੂੰ ਆਤਮਿਕ ਗਿਆਨ ਦੀ ਲੋਅ ਨਾਲ ਮਾਲਾ-ਮਾਲ ਕਰਨਾ ਚਾਹੁੰਦੇ ਸਨ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ 1593 ਈਸਵੀ ਵਿੱਚ ਮੱਸਿਆ ਵਾਲੇ ਦਿਨ ਸਰੋਵਰ ਪੱਕਾ ਕਰਨ ਦਾ ਕੰਮ ਆਰੰਭਿਆ ਗਿਆ। ਇੱਟਾਂ ਦੇ ਆਵੇ ਚੜ੍ਹਾਏ ਗਏ। ਜਦ ਆਵੇ ਪੱਕ ਕੇ ਤਿਆਰ ਹੋ ਗਏ ਤਾਂ ਅਜੇ ਥੋੜ੍ਹੇ ਕੁ ਹੀ ਵਰਤੇ ਸਨ ਕਿ ਨੂਰੁੱਦੀਨ ਦੇ ਪੁੱਤ ਅਮੀਰੁੱਦੀਨ ਨੇ ਜਬਰਨ ਇੱਟਾਂ ਖੋਹਕੇ ਸਰਾਇ ਨੂੰ ਲਾ ਲਈਆਂ ਅਤੇ ਆਪਣੇ ਮਕਾਨ ਬਣਵਾਏ। ਜਦੋਂ ਸਿੱਖਾਂ ਨੇ ਇਸ ਬਾਰੇ ਗੁਰੂ ਜੀ ਕੋਲ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸ਼ਾਂਤ ਰਹੋ, ਸਮਾਂ ਪਾ ਕੇ ਇਹ ਇੱਟਾਂ ਹੀ ਨਹੀਂ, ਸਗੋਂ ਉਨ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਇੱਟਾਂ ਵੀ ਇਸੇ ਤਲਾਬ ਨੂੰ ਲੱਗਣਗੀਆਂ। ਸੰਮਤ 1823 ਵਿੱਚ ਸਰਦਾਰ ਜੱਸਾ ਸਿਘ ਰਾਮਗੜ੍ਹੀਏ ਨੇ ਇਹ ਇਮਾਰਤਾਂ ਢਾਹਕੇ ਤਰਨਤਾਰਨ ਤਾਲ ਦੇ ਦੋ ਪਾਸੇ ਬਣਵਾਏ।
ਜਹਾਂਗੀਰ ਨੇ ਤਖਤ ਤੇ ਬੈਠਦੇ ਹੀ ਬਾਰਾਂ ਫੁਰਮਾਨ ਜਾਰੀ ਕੀਤੇ। ਜਿਹਨਾਂ ਵਿੱਚੋਂ ਇੱਕ ਸੀ ਕਿ ਸੜਕਾਂ ਦੇ ਕਿਨਾਰੇ ਸਰਾਵਾਂ, ਖੂਹ ਤੇ ਮਸਜਿਦਾਂ ਬਣਾਈਆਂ ਜਾਣ। ਇਸੇ ਤੇ ਅਮਲ ਕਰਦੇ ਹੋਏ ਕਈ ਥਾਵੇਂ ਪੁਰਾਣੀਆਂ ਇਮਾਰਤਾਂ ਨੂੰ ਜਾਂ ਬਾਗਾਂ ਨੂੰ ਸਰਾਂ ਦਾ ਰੂਪ ਦਿੱਤਾ ਗਿਆ ਅਤੇ ਕਵੀ ਥਾਵਾਂ ਤੇ ਨਵੀਆਂ ਸਰਾਵਾਂ ਉਸਾਰੀਆਂ ਗਈਆਂ। ਇਸੇ ਸਮੇਂ ਇਸਨੇ ਖੁਸਰੇ ਤੇ ਫਤੇ ਦੀ ਯਾਦ ਵਿੱਚ ਫਤਿਹਾਬਾਦ ਵਿੱਚ ਸਰਾਂ ਬਣਵਾਈ। ਇਸਦੀ ਪਿਆਰੀ ਪਤਨੀ ਨੂਰਜਹਾਂ ਨੇ ਇੱਕ ਸਰਾਂ 1620 ਬਣਵਾਈ, ਜੋ ਨੂਰਮਹਿਲ ਦੀ ਸਰਾਂ ਕਹਾਈ। ਇੱਕ ਰਿਵਾਇਤ ਅਨੁਸਾਰ ਬਾਦਸ਼ਾਹ ਨੇ ਆਪਣੇ ਨਾਮ ਤੇ ਜਹਾਂਗੀਰ (ਜਿਲ੍ਹਾ ਜਲੰਧਰ) ਪਿੰਡ ਵਸਾਇਆ ਤੇ ਇਸ ਪਾਸ ਇੱਕ ਸਰਾਂ ਵੀ ਬਣਵਾਈ। ਇਹ ਵੀ ਮੰਨਿਆ ਜਾਂਦਾ ਹੈ ਕਿ ਇਸਨੇ ਸ਼ੰਭੂ ਦੇ ਦੋਰਾਹੇ ਦੀਆਂ ਸਰਾਵਾਂ ਦੀ ਵੀ ਮੁੜ ਉਸਾਰੀ ਕਰਵਾਈ। ਸਰਹੰਦ ਦੇ ਬਾਗੇ ਹਫੀਜ ਵਿੱਚ ਹੋਰ ਇਮਾਰਤਾਂ ਬਣਵਾਇਆਂ ਗਈਆਂ।
ਫਿਰ ਸ਼ਾਹਜਹਾਂ ਨੇ ਵੀ ਇਸ ਕੰਮ ਵਿੱਚ ਆਪਣਾ ਯੋਗਦਾਨ ਪਾਇਆ। ਉਸਨੇ ਇਸ ਰਾਹ ਤੇ ਸਰਹੰਦ ਵਿੱਚ ਹੰਸਲਾ ਨਦੀ ਤੇ ਪੁਲ ਬਣਵਾਇਆ। ਇਸਨੇ ਸਤਲੁਜ ਕੰਢੇ ਫਿਲੌਰ ਵਿੱਚ ਇੱਕ ਸਰਾਂ ਬਣਵਾਈ। ਇਸ ਦੇ ਸਮੇਂ ਵਿੱਚ ਅਮਾਨਤ ਖਾਨ ਨੇ ਸਰਾਂ ਬਣਵਾਈ। ਜਿੱਥੇ ਹੁਣ ਪਿੰਡ ਸਰਾਂ ਅਮਾਨਤ ਖਾਨ (ਜਿਲ੍ਹਾ ਅੰਮ੍ਰਿਤਸਰ) ਹੈ। ਬਾਦਸ਼ਾਹ ਔਰੰਗਜੇਬ ਨੇ ਵੀ ਇਸ ਕੰਮ ਹੋਰ ਵਧਾਇਆ। ਉਸਨੇ ਖੰਨਾ ਵਿੱਚ ਇੱਕ ਸਰਾਂ ਬਣਵਾਈ। ਇਸਦੇ ਇੱਕ ਸਰਦਾਰ ਲਸ਼ਕਰ ਖਾਂ ਨੇ ਖੰਨੇ ਤੋਂ ਅੱਗੇ ਕੋਟਾਂ ਪਾਸ ਸਰਾਏ ਲਸ਼ਕਰੀ ਖਾਂ ਬਣਵਾਈ।ਇਸ ਕਰਕੇ ਪੰਜਾਬ ਵਿੱਚ ਵਪਾਰ ਚੰਗਾ ਚਲ ਪਿਆ ਸੀ। ਸੁਲਤਾਨਪੁਰ ਅਤੇ ਸਰਹਿੰਦ ਵਪਾਰ ਦੇ ਭਾਰੀ ਕੇਂਦਰ ਬਣ ਗਏ। ਸਰਾਵਾਂ ਦੇ ਗਿਰਦ ਪਿੰਡ ਆਬਾਦ ਹੋ ਗਏ। ਜਿੱਥੇ ਮੁਸਾਫਰਾਂ ਨੂੰ ਲੋੜੀਦੀਆਂ ਵਸਤਾਂ ਮਿਲ ਜਾਂਦੀਆਂ ਸਨ।
ਫਿਰ ਇਸ ਬਾਦਸ਼ਾਹੀ ਸੜਕ ਨੂੰ ਅੰਗਰੇਜਾਂ ਨੇ ਰਾਜਿਆਂ ਦੀ ਮਦਦ ਨਾਲ ਪੱਕਾ ਕਰਵਾਕੇ ਗਰੈਂਡ ਟਰੰਕ ਰੋਡ ਨਾਮ ਦਿੱਤਾ। ਇਹ ਦੱਖਣ ਏਸ਼ੀਆ ਦੀ ਸਭ ਤੋਂ ਪੁਰਾਣੀ ਅਤੇ ਮੁੱਖ ਸੜਕ ਹੈ। ਇਹ ਕਈ ਸਦੀਆਂ ਤੋਂ ਭਾਰਤੀ ਉਪ ਮਹਾਦਵੀਪ ਦੇ ਪੂਰਬੀ ਅਤੇ ਪੱਛਮੀ ਖੇਤਰਾਂ ਨੂੰ ਜੋੜਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾ ਰਹੀ ਹੈ। ਇਹ ਸੜਕ ਬਾਂਗਲਾ ਦੇਸ਼, ਪੂਰੇ ਉੱਤਰ ਭਾਰਤ ਅਤੇ ਪਾਕਿਸਤਾਨ ਦੇ ਪੇਸ਼ਾਵਰ ਵਲੋਂ ਹੁੰਦੀ ਹੋਈ ਅਫਗਾਨਿਸਤਾਨ ਦੇ ਕਾਬੁਲ ਤੱਕ ਜਾਂਦੀ ਹੈ।
ਮੁਹੰਮਦ ਫਾਰੂਕੀ ਨੇ ਆਪਣੀ ਕਿਤਾਬ ‘ਰੋਡਜ਼ ਐਂਡ ਕਮਿਊਨੀਕੇਸ਼ਨਜ਼ ਇਨ ਮੁਗਲ ਇੰਡੀਆ (1977 ਈ) ਚਾਰੇ ਪਾਸਿਆਂ ਤੋਂ ਆਉਂਦੇ ਜਾਂਦੇ ਸ਼ਾਹੀ ਰਾਹਾਂ ਦੀ ਸੂਚੀ, ਪੜਾਵਾਂ ਤੇ ਸਰਾਵਾਂ ਸਮੇਤ ਦਿੱਤੀ ਹੈ। ਆਗਰੇ ਜਾਂ ਦਿੱਲੀ ਤੋਂ ਕਾਬੁਲ ਤੱਕ ਦੇ ਪੜਾਵਾਂ ਦਾ ਬਿਓਰਾ ਇਉਂ ਹੈ:
(ੳ) ਆਗਰਾ, ਰਣਕਾਟਾ, ਬਾਦ ਕੀ ਸਰਾਂ, ਅਕਬਰਪੁਰ, ਹੋਡਲ, ਪਲਵਲ, ਫਰੀਦਾਬਾਦ, ਦਿੱਲੀ, ਸਰਾਇ ਬਉਲੀ, ਨਰੇਲਾ, ਸੌਨੀਪਤ, ਕਨੁਰ, ਪਾਨੀਪਤ, ਘਰੋਡਾ, ਕਰਨਾਲ, ਅਜਾਮਾਬਾਦ, ਥਾਨੇਸਰ, ਸ਼ਾਹਬਾਦ, ਅੰਬਾਲਾ, ਸਰਾਇ ਅਲੁਣਾ, ਸਰਹਿੰਦ, ਸਰਾਇ ਲਸ਼ਕਰ ਖਾਂ, ਲੁਧਿਆਣਾ, ਫਿਲੌਰ, ਨੂਰਮਹਿਲ ਦੇ ਖਾਨੀ, ਨਕੌਦਰ, ਸੁਲਤਾਨਪੁਰ, ਫਤਿਹਪੁਰ, ਹਾਜੀ ਮਹੁੱਯੁਦੀਨ, ਖਾਨ ਖਾਨਾ ਕੀ ਸਰਾਇ, ਲਹੌਰ, ਫਜ਼ਲਾਬਾਦ, ਪੁਲ ਸ਼ਾਹ ਦੌਲਾ, ਏਮਨਾਬਾਦ, ਸਰਾਇ ਕੱਛੀ, ਸਰਾਇ ਜੁੰਮਾ ਗੱਖੜ, ਨਿਜ਼ਾਮਾਬਾਦ, ਵਜੀਰਾਬਾਦ, ਗੁਜ਼ਰਾਤ, ਖਵਾਸਪੁਰ, ਕਾਸਗਰੀਆ, ਔਰੰਗਾਬਾਦ, ਰੁਹਤਾਸ਼, ਸਰਾਇ ਕੁਸ਼ੀਆ, ਪੀਰ ਜਲਾਲ, ਸਰਾਇ ਢਾਕਾ, ਸਰਾਇ ਕਾਲੇ ਖਾਂ, ਸਰਾਇ ਤਕੀਆ, ਰਾਵਲਪਿੰਡੀ, ਸਰਾਇ ਖਰਬੂਜਾ, ਹਸਨ ਅਬਦਾਲ, ਸਰਾਇ ਵੀਰਾ, ਸ਼ੰਮਸਾਬਾਦ, ਖੈਰਾਬਾਦ, ਕੌਰਾ, ਸ਼ਾਹਬਾਦ, ਪਿਸ਼ਾਵਰ, ਜਮਰੋਦ, ਅਲੀ ਮਸਜਿਦ, ਡਾਕਾ ਬਸੂਲ, ਜਲਾਲਾਬਾਦ, ਚਾਹਬਾਦ, ਫਤਿਹਬਾਦ, ਬਾਗ ਨਿਮਲਾ, ਕੁੰਡਮਾਕ, ਸੁਰਖਾਬ, ਬੈਰਕਆਬ, ਬੁਤਖਾਕ ਤੇ ਕਾਬਲ-70-75 ਪੜਾਉ ਹਨ।
ਪਰ ਹੁਣ ਬਾਉਲੀਆਂ ਅਤੇ ਸਰਾਵਾਂ, ਤਾਂ ਹੁਣ ਢਹੀ ਹਾਲਤ ਵਿੱਚ ਹਨ ਜਾਂ ਬਿਲਕੁਲ ਹੀ ਖ਼ਤਮ ਹੋ ਗਈਆਂ ਹਨ, ਅੱਜ ਕੱਲ ਕੇਵਲ ਕੁਝ ਕੋਹ ਮੀਨਾਰ ਹੀ ਦੇਖਣ ਨੂੰ ਮਿਲਦੇ ਹਨ। ਭਾਰਤੀ ਪੁਰਾਤੱਤਵ ਵਿਭਾਗ ਨੇ ਇਹਨਾਂ ਕੋਹ ਮੀਨਾਰਾਂ ਨੂੰ ਰਾਸ਼ਟਰੀ ਸਮਾਰਕ ਘੋਸ਼ਿਤ ਕੀਤਾ ਹੈ ਅਤੇ ਅਧਿਨਿਯਮ 1958 (24) ਦੇ ਅਨੁਸਾਰ ਇਨ੍ਹਾਂ ਨੂੰ ਨੁਕਸਾਨ ਪੰਹੁਚਾਣ ਵਾਲੇ ਨੂੰ ਸਜ਼ਾ ਹੋ ਸਕਦੀ ਹੈ।
ਅੱਜ ਗਰੈਂਡ ਟਰੰਕ ਰੋਡ 2,500 ਕਿਲੋਮੀਟਰ (ਲਗਭਗ 1,600 ਮੀਲ) ਤੋਂ ਜਿਆਦਾ ਦੀ ਦੂਰੀ ਤੱਕ ਹੈ। ਇਸਦਾ ਸ਼ੁਰੂ ਦੱਖਣ ਬੰਗਾਲ ਦੇ ਚਟਗਾਂਵ ਤੋਂ ਹੈ। ਇਹ ਵਿੱਚਕਾਰ ਬੰਗਾਲ ਦੇ ਸੋਨਾਰ ਗਾਂਵ ਵਲੋਂ ਹੁੰਦੇ ਹੋਏ ਇਹ ਭਾਰਤ ਵਿੱਚ ਪਰਵੇਸ਼ ਕਰਦੀ ਹੈ ਅਤੇ ਕੋਲਕਾਤਾ, ਬਰਧਮਾਨ, ਦੁਰਗਾਪੁਰ, ਆਸਨਸੋਲ, ਧਨਬਾਦ, ਔਰੰਗਾਬਾਦ, ਦੇਹਰੀ, ਸਾਸਾਰਾਮ, ਮੋਹਾਨਿਆ, ਮੁਗਲਸਰਾਏ, ਵਾਰਾਣਸੀ, ਇਲਾਹਾਬਾਦ, ਕਾਨਪੁਰ, ਏਟਾ, ਆਗਰਾ, ਮਥੁਰਾ, ਦਿੱਲੀ, ਕਰਨਾਲ, ਅੰਬਾਲਾ, ਲੁਧਿਆਨਾ, ਜਲੰਧਰ, ਅੰਮ੍ਰਿਤਸਰ ਹੁੰਦੇ ਹੋਏ ਜਾਂਦੀ ਹੈ। ਇੱਥੇ ਇਹ NH-2 (ਰਾਸ਼ਟਰੀ ਰਾਜ ਮਾਰਗ-2) ਦੇ ਨਾਂ ਨਾਲ ਵੀ ਜਾਣੀ ਜਾਂਦੀ ਹੈ।
ਪਾਕਿਸਤਾਨ ਸੀਮਾ ਤੋਂ ਗਰੈਂਡ ਟਰੰਕ ਰੋਡ N-5 ਸੜਕ ਬਣ ਜਾਂਦੀ ਹੈ। ਇਹ ਲਾਹੌਰ, ਗੁਜਰਾਂਵਾਲਾ, ਗੁਜਰਾਤ, ਜਿਹਲਮ, ਰਾਵਲਪਿੰਡੀ, ਅਟਕ ਜਿਲ੍ਹੇ ਤੋਂ ਹੁੰਦੇ ਹੋਏ ਪੇਸ਼ਾਵਰ ਤੱਕ ਜਾਂਦੀ ਹੈ। ਇਸਦੇ ਬਾਅਦ ਇਹ ਅਫਗਾਨਿਸਤਾਨ ਵਿੱਚ ਪ੍ਰਵੇਸ਼ ਕਰਦੀ ਹੈ ਅਤੇ ਪੱਛਮ ਵਿੱਚ ਜਲਾਲਾਬਾਦ ਵਲੋਂ ਹੋਕੇ ਕਾਬੁਲ ਵਿੱਚ ਖਤਮ ਹੋ ਜਾਂਦੀ ਹੈ। ਵਰਤਮਾਨ ਵਿੱਚ ਗਰੈਂਡ ਟਰੰਕ ਰੋਡ ਦਾ ਇਹ ਭਾਗ ਅਫਗਾਨਿਸਤਾਨ ਵਿੱਚ ਜਲਾਲਾਬਾਦ-ਕਾਬਲ ਰੋਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਹਰਪ੍ਰੀਤ ਸਿੰਘ ਨਾਜ਼ ,
ਢਿਲੋਂ ਕਾਟੇਜ, ਮਕਾਨ ਨੰਬਰ 155,
ਸੈਕਟਰ 2 ਏ, ਸ਼ਾਮ ਨਗਰ,
ਮੰਡੀ ਗੋਬਿੰਦਗੜ੍ਹ 147301
ਮ. 85670-20995