ਬਦਲਦੀ ਜੀਵਨ ਸ਼ੈਲੀ ਕਾਰਨ ਹੋ ਰਿਹੈ ਸਿਹਤ ਨਾਲ ਖਿਲਵਾੜ, ਇਸ ਸਮੱਸਿਆ ਨਾਲ ਜੂਝਨ ਲੱਗੀ ਨੌਜਵਾਨ ਪੀੜ੍ਹੀ

Thursday, Feb 29, 2024 - 05:59 PM (IST)

ਬਦਲਦੀ ਜੀਵਨ ਸ਼ੈਲੀ ਕਾਰਨ ਹੋ ਰਿਹੈ ਸਿਹਤ ਨਾਲ ਖਿਲਵਾੜ, ਇਸ ਸਮੱਸਿਆ ਨਾਲ ਜੂਝਨ ਲੱਗੀ ਨੌਜਵਾਨ ਪੀੜ੍ਹੀ

ਚੰਡੀਗੜ੍ਹ (ਪਾਲ) : ਬਦਲਦੀ ਜੀਵਨ ਸ਼ੈਲੀ ਕਾਰਨ ਅੱਜਕੱਲ੍ਹ ਨੌਜਵਾਨਾਂ ’ਚ ਪਿੱਠ ਦੇ ਹੇਠਲੇ ਦਰਦ ਦੀ ਸਮੱਸਿਆ ਵਧਦੀ ਜਾ ਰਹੀ ਹੈ। ਡਾਕਟਰ ਇਸ ਦਾ ਕਾਰਨ ਸਰੀਰਕ ਗਤੀਵਿਧੀ ਨਾ ਕਰਨ ਨੂੰ ਦੱਸ ਰਹੇ ਹਨ। ਲੋਅਰ ਬੈਕ ਪੇਨ ਦੀ ਸਮੱਸਿਆ ਨਾਲ ਪੀੜਤ 23 ਸਾਲਾ ਲੜਕਾ ਪੀ. ਜੀ. ਆਈ. ਪੇਨ ਕਲੀਨਿਕ ’ਚ ਪਹੁੰਚਿਆ। ਪਿਛਲੇ ਕਈ ਮਹੀਨਿਆਂ ਤੋਂ ਉਹ ਲਗਾਤਾਰ ਪਿੱਠ ਦੇ ਦਰਦ ਦੀ ਸਮੱਸਿਆ ਤੋਂ ਪ੍ਰੇਸ਼ਾਨ ਸੀ। ਜਦੋਂ ਉਹ ਪੀ. ਜੀ. ਆਈ. ਪਹੁੰਚਿਆ ਤਾਂ ਦਰਦ ਬਹੁਤ ਜ਼ਿਆਦਾ ਹੋਣ ਕਾਰਣ ਉਸ ਨੂੰ ਪੇਨ ਕਲੀਨਿਕ ’ਚ ਰੈਫਰ ਕੀਤਾ ਗਿਆ। ਜਦੋਂ ਡਾਕਟਰਾਂ ਨੇ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਖ਼ਰਾਬ ਜੀਵਨ ਸ਼ੈਲੀ, ਸਰੀਰਕ ਗਤੀਵਿਧੀ ਦੀ ਕਮੀ ਅਤੇ ਖ਼ਰਾਬ ਪੋਸ਼ਚਰ ’ਚ ਜ਼ਿਆਦਾ ਦੇਰ ਤੱਕ ਬੈਠੇ ਰਹਿਣਾ ਦਰਦ ਦਾ ਕਾਰਨ ਬਣ ਗਿਆ। ਨੌਜਵਾਨ ਆਈ. ਟੀ. ਖੇਤਰ ’ਚ ਕੰਮ ਕਰਦਾ ਹੈ। ਉਹ ਕੰਮ ਦੇ ਵਿਚਕਾਰ ਬ੍ਰੇਕ ਲੈ ਕੇ ਕੁਝ ਸਰੀਰਕ ਗਤੀਵਿਧੀ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਜਦੋਂ ਕੋਡਿੰਗ ਦਾ ਆਪਣਾ ਕੰਮ ਸ਼ੁਰੂ ਕਰਦਾ ਹੈ ਤਾਂ ਕੰਮ ਨੂੰ ਕਰਨ ਅਤੇ ਉਸ ਨੂੰ ਸਮਝਣ ਦਾ ਜੋ ਸਮਾਂ ਹੁੰਦਾ ਹੈ, ਕਦੋਂ ਉਸ ’ਚੋਂ 2 ਤੋਂ 3 ਘੰਟੇ ਨਿਕਲ ਜਾਂਦੇ ਹਨ, ਉਸ ਨੂੰ ਖ਼਼ੁਦ ਪਤਾ ਨਹੀਂ ਲੱਗਦਾ। ਫ਼ਿਲਹਾਲ ਮਰੀਜ਼ ਨੂੰ ਜੀਵਨ ਸ਼ੈਲੀ ਮੋਡੀਫਿਕੇਸ਼ਨ ਯਾਨੀ ਆਪਣੀ ਜੀਵਨ ਸ਼ੈਲੀ ਨੂੰ ਠੀਕ ਕਰਨ ਦੀ ਸਲਾਹ ਦਿੱਤੀ ਗਈ ਹੈ, ਬਕਾਇਦਾ ਉਸ ਦੀ ਕਾਊਂਸਲਿੰਗ ਕੀਤੀ ਗਈ ਹੈ ਅਤੇ ਨਾਲ ਹੀ ਦਰਦ ਨਿਵਾਰਕ ਦਵਾਈ ਵੀ ਦਿੱਤੀ ਗਈ ਹੈ। ਨੌਜਵਾਨ ਨੂੰ ਦੱਸਿਆ ਗਿਆ ਹੈ ਕਿ ਜੇ ਇਹ ਜੀਵਨ ਸ਼ੈਲੀ ਕੁਝ ਸਾਲ ਹੋਰ ਜਾਰੀ ਰਹੀ ਤਾਂ ਜੋ ਦਰਦ ਇਸ ਸਮੇਂ ਕੁਝ ਘੰਟਿਆਂ ਲਈ ਹੁੰਦਾ ਹੈ, ਉਹ 24 ਘੰਟਿਆਂ ਦਾ ਵੀ ਹੋ ਸਕਦਾ ਹੈ। ਇੰਨਾ ਹੀ ਨਹੀਂ ਉਸ ਨੂੰ ਚੱਲਣ-ਫਿਰਨ ’ਚ ਵੀ ਦਿੱਕਤ ਆ ਸਕਦੀ ਹੈ। ਪੀ. ਜੀ. ਆਈ. ਦੇ ਐਨੇਸਥੀਸੀਆ ਵਿਭਾਗ ਦੀ ਪ੍ਰੋਫੈਸਰ ਅਤੇ ਪੇਨ ਕਲੀਨਿਕ ਦੀ ਇੰਚਾਰਜ ਡਾ. ਬਬੀਤਾ ਘਈ ਦੀ ਮੰਨੀਏ ਤਾਂ ਪਹਿਲਾਂ ਸਿਰਫ਼ ਪਿੱਠ ਦਰਦ ਨੂੰ ਇਕ ਖ਼ਾਸ ਉਮਰ ਨਾਲ ਜੋੜ ਕੇ ਵੇਖਿਆ ਜਾਂਦਾ ਸੀ ਪਰ ਹੁਣ ਰੁਝਾਨ ਬਦਲ ਗਿਆ ਹੈ ਖ਼ਾਸ ਕਰਕੇ ਪਿਛਲੇ 5 ਸਾਲਾਂ ’ਚ ਅਤੇ ਕੋਵਿਡ ਤੋਂ ਬਾਅਦ ਹੁਣ ਨੌਜਵਾਨ ਕਲੀਨਕ ’ਚ ਜ਼ਿਆਦਾ ਆ ਰਹੇ ਹਨ, ਜਿਨ੍ਹਾਂ ’ਚ 20 ਤੋਂ 30 ਸਾਲ ਦੀ ਉਮਰ ਦੇ ਮਰੀਜ਼ ਵੀ ਸ਼ਾਮਲ ਹਨ। ਇਨ੍ਹਾਂ ’ਚੋਂ ਅੱਧੇ ਤੋਂ ਵੱਧ ਮਰੀਜ਼ ਆਈ.ਟੀ. ਖੇਤਰ ’ਚ ਕੰਮ ਕਰਦੇ ਹਨ।

ਇਹ ਵੀ ਪੜ੍ਹੋ : ਅਕਾਲੀ ਦਲ ਦਾ ਭਾਜਪਾ ਨਾਲ ਨਹੀਂ ਹੋਵੇਗਾ ਗਠਜੋੜ ! ਬਿਆਨਾਂ ਨੇ ਛੇੜੀ ਚਰਚਾ

70 ਤੋਂ 75 ਫ਼ੀਸਦੀ ਲੋਅਰ ਬੈਕ ਪੇਨ ਦੇ ਮਰੀਜ਼
ਪੀ. ਜੀ. ਆਈ. ਦਾ ਪੇਨ ਕਲੀਨਿਕ ਹਰ ਬੁੱਧਵਾਰ ਅਤੇ ਸ਼ਨੀਵਾਰ ਚੱਲਦਾ ਹੈ, ਜਿੱਥੇ ਸਿਰਫ਼ ਰੈਫ਼ਰ ਕੀਤੇ ਕੇਸ ਹੀ ਵੇਖੇ ਜਾਂਦੇ ਹਨ। ਉਹ ਮਰੀਜ਼ ਜੋ ਗੰਭੀਰ ਹੁੰਦਾ ਹੈ ਅਤੇ ਦੂਜੇ ਵਿਭਾਗ ਤੋਂ ਉਸ ਨੂੰ ਲਾਭ ਨਹੀਂ ਹੋ ਰਿਹਾ, ਉਸ ਤੋਂ ਬਾਅਦ ਰੈਫਰ ਕੀਤਾ ਮਰੀਜ਼ ਇੱਥੇ ਆਉਂਦਾ ਹੈ। ਹਰੇਕ ਕਲੀਨਕ ’ਚ 60 ਤੋਂ 70 ਮਰੀਜ਼ ਰਹਿੰਦੇ ਹਨ, ਜਿਨ੍ਹਾਂ ’ਚ ਸਿਰ ਦਰਦ, ਗੋਡਿਆਂ ’ਚ ਦਰਦ, ਗਿੱਟੇ ਦੇ ਪੁਰਾਣੇ ਦਰਦ, ਨਸਾਂ ਨਾਲ ਸਬੰਧਤ ਦਰਦ ਅਤੇ ਸਰੀਰ ਦੇ ਹੋਰ ਹਿੱਸਿਆਂ ’ਚ ਦਰਦ ਤੋਂ ਪੀੜਤ ਮਰੀਜ਼ ਸ਼ਾਮਲ ਹਨ। ਇਨ੍ਹਾਂ ਮਰੀਜ਼ਾਂ ’ਚੋਂ 70 ਤੋਂ 75 ਫ਼ੀਸਦੀ ਲੋਕ ਲੋਅਰ ਬੈਕ ਪੇਨ ਭਾਵ ਪਿੱਠ ਦੇ ਹੇਠਲੇ ਹਿੱਸੇ ’ਚ ਦਰਦ ਦੇ ਮਰੀਜ਼ ਹਨ, ਜੋ ਕਈ ਸਾਲਾਂ ਤੋਂ ਦਰਦ ਤੋਂ ਪੀੜਤ ਹਨ।

ਇਹ ਵੀ ਪੜ੍ਹੋ : ਅਮਰੀਕਾ ’ਚ ਭਾਰਤੀ ਵਿਦਿਆਰਥੀਆਂ ਤੇ ਹੋਰਨਾਂ ਲੋਕਾਂ ’ਤੇ ਹਮਲੇ ਅੰਤਰਰਾਸ਼ਟਰੀ ਸਾਜ਼ਿਸ਼ ਦਾ ਹਿੱਸਾ

ਯੋਗਾ ਦੇ ਰਿਹਾ ਦਰਦ ਤੋਂ ਰਾਹਤ
ਡਾ. ਘਈ ਮੁਤਾਬਿਕ ਲਗਾਤਾਰ ਘੰਟਿਆਂਬੱਧੀ ਬੈਠੇ ਰਹਿਣਾ ਅਤੇ ਉਹ ਵੀ ਗ਼ਲਤ ਪੋਸ਼ਚਰ ’ਚ ਦਰਦ ਦਾ ਕਾਰਨ ਹੈ। ਨਾਲ ਹੀ ਮੋਬਾਇਲ ਦੀ ਵਰਤੋਂ ਜਿਸ ਪੋਸ਼ਚਰ ’ਚ ਕਰਦੇ ਹਨ, ਉਹ ਵੀ ਦਰਦ ਦਾ ਵੱਡਾ ਕਾਰਨ ਬਣਦਾ ਹੈ। ਲਗਾਤਾਰ ਬੈਠਣਾ ਠੀਕ ਨਹੀਂ ਹੈ। ਤੁਹਾਡੇ ਸਰੀਰ ਨੂੰ ਗਤੀਵਿਧੀ ਦੀ ਲੋੜ ਹੈ। ਯੋਗਾ ਦਰਦ ’ਚ ਬਹੁਤ ਰਾਹਤ ਦਿੰਦਾ ਹੈ। ਯੋਗ ਕੋਈ ਨਵੀਂ ਗੱਲ ਨਹੀਂ ਹੈ ਪਰ ਅੱਜ ਤੱਕ ਵਿਗਿਆਨ ’ਚ ਇਸ ਦਾ ਕੋਈ ਸਬੂਤ ਨਹੀਂ ਸੀ। ਪੀ.ਜੀ.ਆਈ. ਇਸ ਸਬੰਧੀ ਕਾਫ਼ੀ ਕੰਮ ਕਰ ਰਿਹਾ ਹੈ। ਅਸੀਂ ਦਰਦ ਦੇ ਮਰੀਜ਼ਾਂ ’ਚ ਇੱਕ ਪਾਇਲਟ ਪ੍ਰਾਜੈਕਟ ਵੀ ਕੀਤਾ ਹੈ, ਜਿਸ ’ਚ ਅਸੀਂ ਦੋ ਸਮੂਹਾਂ ’ਚ ਯੋਗਾ ਦੇ ਪ੍ਰਭਾਵ ਨੂੰ ਦੇਖਿਆ, ਜਿਸ ’ਚ ਅਸੀਂ ਰੀੜ੍ਹ ਦੀ ਹੱਡੀ ਦੇ ਮਰੀਜ਼ਾਂ ’ਚ ਕਾਫ਼ੀ ਸੁਧਾਰ ਦੇਖਿਆ ਹੈ। ਸਾਡੇ ਕੋਲ ਆਉਣ ਵਾਲੇ ਮਰੀਜ਼ਾਂ ਨੂੰ ਅਸੀਂ ਕਈ ਤਰ੍ਹਾਂ ਦੀਆਂ ਥੈਰੇਪੀਆਂ ਦਿੰਦੇ ਹਾਂ ਅਤੇ ਇਸ ਦੇ ਨਾਲ ਯੋਗਾ ਕਰਨ ਲਈ ਵੀ ਲਿਖਦੇ ਹਾਂ। ਅਸੀਂ ਹੁਣ ਇਸ ਅਧਿਐਨ ਨੂੰ ਵੱਡੇ ਪੱਧਰ ’ਤੇ ਲੈ ਕੇ ਜਾ ਰਹੇ ਹਾਂ। ਵੱਧ ਤੋਂ ਵੱਧ ਲੋਕਾਂ ਨੂੰ ਇਸ ਦਾ ਹਿੱਸਾ ਬਣਾਇਆ ਜਾਵੇਗਾ।

ਇਹ ਵੀ ਪੜ੍ਹੋ : ਟਾਂਡਾ ’ਚ ਰੇਲਵੇ ਫਾਟਕ ਨੇੜੇ ਹੋਇਆ ਬਲਾਸਟ, ਪੁਲਸ ਪ੍ਰਸ਼ਾਸ਼ਨ ਨੂੰ ਪਈਆਂ ਭਾਜੜਾ    

ਦਿੱਤਾ ਜਾ ਰਿਹਾ ਹੈ ਯੋਗਾ ਬ੍ਰੇਕ
ਚਾਰ ਸਾਲ ਪਹਿਲਾਂ ਯੋਗਾ ਦੇ ਭੇਦ ਨੂੰ ਜਾਣਨ ਲਈ ਪੀ.ਜੀ.ਆਈ. ’ਚ ਕੋਲੈਬੋਰੇਟਿਵ ਸੈਂਟਰ ਫਾਰ ਮਾਈਂਡ ਬਾਡੀ ਇੰਟਰਵੈਂਸ਼ਨ ਦੀ ਸਥਾਪਨਾ ਕੀਤੀ ਗਈ ਸੀ। ਇਹ ਕੇਂਦਰ ਸਾਂਝੇ ਤੌਰ ’ਤੇ ਯੋਗਾ ਅਤੇ ਕੁਦਰਤੀ ਇਲਾਜ ਖੋਜ ਕੌਂਸਲ (ਸੀ.ਸੀ.ਆਰ.ਆਈ.ਐੱਨ.), ਨਵੀਂ ਦਿੱਲੀ ਅਤੇ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀ.ਜੀ.ਆਈ.) ਵਲੋਂ ਚਲਾਇਆ ਜਾ ਰਿਹਾ ਹੈ। ਇੱਥੇ ਸਰੀਰ ’ਚ ਯੋਗ ਦੇ ਬਦਲਾਅ ਅਤੇ ਪ੍ਰਭਾਵਾਂ ਦਾ ਵਿਗਿਆਨਕ ਢੰਗ ਨਾਲ ਅਧਿਐਨ ਕੀਤਾ ਜਾ ਰਿਹਾ ਹੈ। ਇਸ ਸਮੇਂ ਕਲੀਨਿਕ ’ਚ ਆਉਣ ਵਾਲੇ ਮਰੀਜ਼ਾਂ ਦੇ ਨਾਲ-ਨਾਲ ਉਨ੍ਹਾਂ ਦੇ ਅਟੇਡੈਂਂਟ ਲਈ ਵੀ ਇਕ ਯੋਗ ਬ੍ਰੇਕ ਕੀਤਾ ਜਾ ਰਿਹਾ ਹੈ, ਜਿਸ ਨੂੰ ਵਾਈ ਬ੍ਰੇਕ ਦਾ ਨਾਂ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਮਰੀਜ਼ਾਂ ਨੂੰ ਆਨਲਾਈਨ ਸੈਸ਼ਨ ਵੀ ਦਿੱਤੇ ਜਾ ਰਹੇ ਹਨ।

ਇਹ ਵੀ ਪੜ੍ਹੋ : ਭਾਜਪਾ ਵੱਡੇ ਪੱਧਰ ’ਤੇ ਲੋਕ ਸਭਾ ਮੈਂਬਰਾਂ ਦੀਆਂ ਟਿਕਟਾਂ ਕੱਟਣ ਦੀ ਤਿਆਰੀ ’ ਚ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e


author

Anuradha

Content Editor

Related News