ਮੋਗਾ : ਕੋਵਿਡ-19 ਦੇ 11 ਕੇਸ ਸਾਹਮਣੇ ਆਉਣ 'ਤੇ ਬਾਬਾ ਰੋਡੂ ਨਗਰ ਕੀਤਾ ਸੀਲ , 10 ਪਰਿਵਾਰ ਕੀਤੇ ਇਕਾਂਤਵਾਸ
Sunday, May 03, 2020 - 06:16 PM (IST)
ਬਾਘਾ ਪੁਰਾਣਾ (ਰਾਕੇਸ਼) - ਸ਼੍ਰੀ ਹਜੂਰ ਸਾਹਿਬ ਤੋਂ ਵਾਪਿਸ ਪਰਤੇ 11 ਸ਼ਰਧਾਲੂਆਂ ਦੇ ਕੋਰੋਨਾ ਪਾਜੇਟਿਵ ਆਉਣ ਤੋਂ ਬਾਅਦ ਪੁਲਿਸ ਪ੍ਰਸਾਸ਼ਨ ਅਤੇ ਸਿਹਤ ਵਿਭਾਗ ਪੂਰੀ ਤਰਾਂ ਹਰਕਤ ਵਿਚ ਆ ਗਿਆ ਹੈ। ਪੁਲਿਸ ਵਲੋਂ ਬਾਬਾ ਰੋਡੂ ਨਗਰ ਤੋਂ ਇਕੋ ਪਰਿਵਾਰ ਦੇ ਛੇ ਮੈਂਬਰ ਪਾਜੇਟਿਵ ਆਉਣ ਕਾਰਨ ਸਾਰੇ ਨਗਰ ਨੂੰ ਸੀਲ ਕਰਕੇ ਘਰੋਂ ਬਾਹਰ ਨਿਕਲਣ 'ਤੇ ਪਾਬੰਧੀ ਲਾ ਦਿੱਤੀ ਗਈ ਹੈ। ਸਿਹਤ ਵਿਭਾਗ ਦੀਆਂ 8 ਟੀਮਾਂ ਨੇ ਅੱਜ 324 ਘਰਾਂ ਦਾ ਮੁਆਇਨਾ ਕੀਤਾ ਅਤੇ 10 ਘਰਾਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ। ਜਿੰਨਾ ਦੇ 44 ਮੈਬਰਾਂ ਵਿੱਚੋਂ 19 ਪੁਰਸ਼ ਅਤੇ 25 ਫੀਮੇਲ ਨੂੰ ਕੋਰੋਨਾ ਬਲੱਡ ਟੈਸਟ ਲਈ ਹਸਪਤਾਲ ਦੀਆਂ ਦੋ ਐਬੂਲੈਸਾ ਰਾਹੀ ਹਸਪਤਾਲ ਲਿਜਾਇਆ ਗਿਆ ਹੈ।
ਐਬੂਲੈਸ ਘਰਾਂ ਤੋਂ ਲੋਕਾਂ ਨੂੰ ਹਸਪਤਾਲ ਲਿਜਾਦੀ ਹੋਈ।
ਹਸਪਤਾਲ ਦੇ ਐਸ.ਐਮ.ਓ ਡਾ.ਗੁਰਮੀਤ ਲਾਲ ਨੇ ਦੱਸਿਆ ਕਿ ਪਾਜੇਟਿਵ ਆਏ ਕੇਸਾਂ ਵਿਚ ਮਰੀਜਾਂ ਨੇ ਵਿਭਾਗ ਨੂੰ ਇਹ ਦੱਸਿਆ ਸੀ ਕਿ ਅਸੀ ਸ਼੍ਰੀ ਹਜੂਰ ਸਾਹਿਬ ਤੋਂ ਬਾਘਾ ਪੁਰਾਣਾ ਘਰ ਪਹੁੰਚ ਕੇ ਕੁਝ ਲੋਕਾਂ ਨੂੰ ਮੁਹੱਲੇ ਵਿੱਚ ਆ ਕੇ ਮਿਲੇ ਸੀ। ਜਿੰਨਾਂ ਵਿਚ 10 ਪਰਿਵਾਰ ਸ਼ਾਮਲ ਸਨ । ਉਨ੍ਹਾਂ ਨੇ ਦੱਸਿਆ ਕਿ ਸਤਵਿੰਦਰ ਕੋਰ ਤੇ ਬਲਵੰਤ ਕੋਰ ਦੀ ਅਗਵਾਈ ਹੇਠ 24 ਵਰਕਰ ਲਾਏ ਗਏ ਸਨ ਜਿੰਨਾਂ ਨੇ ਵਾਰਡ ਦੇ ਘਰਾਂ ਦਾ ਸਰਵੇ ਕੀਤਾ ਹੈ । ਉਨ੍ਹਾਂ ਨੇ ਕਿਹਾ ਕਿ ਇਕਾਂਤਵਾਸ਼ ਕੀਤੇ ਘਰਾਂ ਦੇ ਬਾਹਰ ਪੋਸਟਰ ਚਿਪਕਾ ਦਿੱਤੇ ਗਏ ਹਨ ਅਤੇ ਇਹਨਾ ਨੂੰ ਲੋੜੀਂਦਾ ਸਮਾਨ ਵੀ ਘਰਾਂ ਅੰਦਰ ਹੀ ਮੁਹੱਈਆਂ ਹੋ ਸਕੇਗਾ। ਇਹ 14 ਦਿਨਾਂ ਤੱਕ ਇਕਾਂਤਵਾਸ ਵਿਚ ਰਹਿਨਗੇ । ਆਈ ਰਿਪੋਰਟ ਨੂੰ ਲੈ ਕੇ ਸ਼ਹਿਰ ਵਾਸੀਆਂ ਨੂੰ ਇਕ ਵਾਰ ਹੱਥਾਂ ਪੈਰਾਂ ਨੂੰ ਪੈ ਗਈ ਹੈ ਅਤੇ ਹਫੜਾ ਦਫੜੀ ਮੱਚ ਗਈ ਹੈ। ਅੱਜ ਲੋਕ ਲੋੜ ਤੋਂ ਬਿਨਾਂ ਘਰਾਂ ਤੋ ਬਾਹਰ ਨਹੀਂ ਨਿਕਲੇ ਅਤੇ ਪੂਰੀ ਤਰਾਂ ਸ਼ਹਿਰ ਅੰਦਰ ਸਨਾਟਾ ਛਾਇਆ ਰਿਹਾ ।
ਡੀ.ਐਸ ਪੀ ਰਵਿੰਦਰ ਸਿੰਘ, ਥਾਨਾ ਮੁਖੀ ਕੁਲਵਿੰਦਰ ਸਿੰਘ ਧਾਲੀਵਾਲ, ਅਤੇ ਐਸ.ਐਮ ਓ ਗੁਰਮੀਤ ਲਾਲ ਨੇ ਪਾਜੇਟਿਵ ਆਏ ਪਰਿਵਾਰ ਦੇ ਘਰ ਅਤੇ ਮੁਹੱਲਾ ਵਾਸੀਆ ਤੋਂ ਰਿਪੋਰਟ ਲਈ ਅਤੇ ਡੀ.ਐਸ.ਪੀ ਨੇ ਕਿਹਾ ਕਿ ਸਾਰੇ ਮੁਹੱਲੇ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ ਅਤੇ ਕੋਈ ਵੀ ਲੋਕ ਬਾਬਾ ਰੋਡੂ ਨਗਰ ਵਿਚ ਕਿਸੇ ਦੇ ਘਰ ਵੀ ਆਉਣ ਦੀ ਕੋਸ਼ਿਸ ਨਾ ਕਰਨ ਉਨ੍ਹਾਂ ਨੇ ਕਿਹਾ ਕਿ ਕੋਰੋਨਾ ਤੋਂ ਬਚਣ ਦਾ ਘਰਾਂ ਵਿਚ ਰਹਿ ਕੇ ਹੀ ਇਲਾਜ ਕੀਤਾ ਜਾ ਸਕਦਾ ਹੈ।