ਅਖੌਤੀ ਬਾਬੇ ਨੇ ਔਰਤ ਨੂੰ ਚਿਮਟੇ ਨਾਲ ਕੁੱਟਣ ਤੋਂ ਬਾਅਦ ਲਾ ਦਿੱਤੀ ਅੱਗ

Wednesday, May 20, 2020 - 10:00 PM (IST)

ਅਖੌਤੀ ਬਾਬੇ ਨੇ ਔਰਤ ਨੂੰ ਚਿਮਟੇ ਨਾਲ ਕੁੱਟਣ ਤੋਂ ਬਾਅਦ ਲਾ ਦਿੱਤੀ ਅੱਗ

ਦਿੜਬਾ ਮੰਡੀ,  (ਅਜੈ)- ਅਖੌਤੀ ਬਾਬਿਆਂ ਵੱਲੋਂ ਭੋਲੇ-ਭਾਲੇ ਲੋਕਾਂ ਨੂੰ ਅੰਧ ਵਿਸ਼ਵਾਸ ’ਚ ਪਾ ਕੇ ਉਨ੍ਹਾਂ ਦਾ ਆਰਥਿਕ ਸੋਸ਼ਣ ਕਰਨ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਅੱਜ ਇਨਸਾਨੀਅਤ ਨੂੰ ਸਰਮਸਾਰ ਕਰਨ ਵਾਲੀ ਇਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਹਲਕਾ ਦਿੜ੍ਹਬਾ ਦੇ ਪਿੰਡ ਛਾਜਲੀ ਦੇ ਇਕ ਡੇਰੇ ’ਚ ਰਹਿੰਦੇ ਅਖੌਤੀ ਬਾਬੇ ਨੇ ਇਕ ਔਰਤ ਨੂੰ ਪਹਿਲਾਂ ਚਿਮਟੇ ਨਾਲ ਕੁੱਟਿਆ ਅਤੇ ਫਿਰ ਤੇਲ ਛਿੜਕ ਕੇ ਉਸ ਨੂੰ ਅੱਗ ਲਾ ਦਿੱਤੀ। ਜੋ ਕਿ ਇਸ ਵੇਲੇ ਹਸਪਤਾਲ ’ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਇਸ ਸਬੰਧੀ ਥਾਣਾ ਛਾਜਲੀ ਦੀ ਪੁਲਸ ਨੇ ਅਖੌਤੀ ਬਾਬੇ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਕੇ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪਿੰਡ ਛਾਜਲੀ ਦੇ ਸਮਰਾਓ ਪੱਤੀ ’ਚ ਇਕ ਸਮਾਧ ਹੈ ਜਿੱਥੇ ਲੋਕ ਆਪਣੀ ਸ਼ਰਧਾ ਅਨੁਸਾਰ ਮੱਥਾ ਟੇਕਣ ਲਈ ਆਉਂਦੇ ਹਨ। ਪੀੜਤ ਔਰਤ ਦੇ ਪੁੱਤਰ ਜਸਜੀਤ ਸਿੰਘ ਨੇ ਦੱਸਿਆ ਕਿ ਉਸਦੀ ਮਾਤਾ ਸੁਖਵਿੰਦਰ ਕੌਰ ਹਰ ਰੋਜ਼ ਦੀ ਤਰ੍ਹਾਂ ਉਸ ਡੇਰੇ ’ਤੇ ਮੱਥਾ ਟੇਕਣ ਗਈ ਸੀ। ਸਮਾਧ ਪਹੁੰਚਣ ’ਤੇ ਉਥੇ ਹਾਜ਼ਰ ਅਖੌਤੀ ਬਾਬਾ ਬਲਵੀਰ ਸਿੰਘ ਨੇ ਪਹਿਲਾਂ ਉਸ ਨੂੰ ਗਾਲਾਂ ਕੱਢਣੀਆਂ ਸ਼ੁਰੂ ਕੀਤੀਆਂ ਫਿਰ ਚਿਮਟੇ ਨਾਲ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ। ਉਸ ਅਖੌਤੀ ਬਾਬੇ ਦੀ ਦਰਿੰਦਗੀ ਇੱਥੇ ਹੀ ਖਤਮ ਨਹੀਂ ਹੋਈ ਉਸ ਨੇ ਮੇਰੀ ਮਾਂ ’ਤੇ ਤੇਲ ਛਿੜਕ ਕੇ ਅੱਗ ਲਾ ਦਿੱਤੀ। ਰੋਲਾ ਪਾਉਣ ’ਤੇ ਲੋਕ ਇੱਕਠੇ ਹੋ ਗਏ ਅਤੇ ਉਨ੍ਹਾਂ ਨੇ ਮੇਰੀ ਮਾਂ ਨੂੰ ਇਲਾਜ ਲਈ ਸੁਨਾਮ ਹਸਪਤਾਲ ਵਿਖੇ ਦਾਖਲ ਕਰਵਾਇਆ।

ਥਾਣਾ ਛਾਜਲੀ ਦੇ ਮੁਖੀ ਜੋਗਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਬਲਵੀਰ ਸਿੰਘ ਖਿਲਾਫ ਪੁਲਸ ਨੇ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਕੇ ਆਪਣੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Bharat Thapa

Content Editor

Related News