ਆਯੂਸ਼ਮਾਨ ਸਕੀਮ ਤਹਿਤ ਇਲਾਜ ਬੰਦ ਕਰਨ ਦੇ ਰੌਂਅ 'ਚ ਪੰਜਾਬ ਦੇ ਨਿੱਜੀ ਹਸਪਤਾਲ, ਜਾਣੋ ਵਜ੍ਹਾ

Wednesday, May 04, 2022 - 06:21 PM (IST)

ਆਯੂਸ਼ਮਾਨ ਸਕੀਮ ਤਹਿਤ ਇਲਾਜ ਬੰਦ ਕਰਨ ਦੇ ਰੌਂਅ 'ਚ ਪੰਜਾਬ ਦੇ ਨਿੱਜੀ ਹਸਪਤਾਲ, ਜਾਣੋ ਵਜ੍ਹਾ

ਜਲੰਧਰ- ਸੂਬੇ 'ਚ ਆਯੂਸ਼ਮਾਨ ਭਾਰਤ ਸਿਹਤ ਬੀਮਾ ਸਕੀਮ ਦੇ ਅਧੀਨ ਆਉਣ ਵਾਲੇ ਨਿੱਜੀ ਹਸਪਾਤਲਾਂ 'ਚ ਇਲਾਜ ਬੰਦ ਹੋਣ ਦਾ ਸੰਕਟ ਮੰਡਰਾ ਰਿਹਾ ਹੈ। ਇਸ ਦਾ ਕਾਰਨ ਨਿੱਜੀ ਹਸਪਤਾਲਾਂ ਦੇ ਡਾਕਟਰ ਹਨ। ਪੰਜਾਬ ਦੇ 800 ਦੇ ਕਰੀਬ ਨਿੱਜੀ ਹਸਪਤਾਲ ਇਸ ਸਕੀਮ ਦੀ ਸੂਚੀ 'ਚ ਆਉਂਦੇ ਹਨ ਅਤੇ ਇਨ੍ਹਾਂ ਹਸਪਤਾਲਾਂ ਦਾ ਕਰੀਬ 250 ਕਰੋੜ ਰੁਪਏ ਦਾ ਭੁਗਤਾਨ ਹੁਣ ਤੱਕ ਵੀ ਨਹੀਂ ਕੀਤਾ ਗਿਆ ਹੈ। ਪੰਜਾਬ ਦੇ 47 ਲੱਖ ਲੋਕਾਂ ਕੋਲ ਇਹ ਆਯੂਸ਼ਮਾਨ ਕਾਰਡ ਹਨ। ਇਸ ਮਾਮਲੇ 'ਚ ਸੁਣਵਾਈ ਨਾ ਹੁੰਦਿਆਂ ਦੇਖ ਨਰਸਿੰਗ ਅਤੇ ਭਾਰਤੀ ਮੈਡੀਕਲ ਐਸੋਸਿਏਸ਼ਨ ਦੇ ਡਾਕਟਰ ਸਾਰੇ ਜ਼ਿਲ੍ਹਿਆਂ ਦੇ ਡਾਕਟਰਾਂ ਨਾਲ ਗੱਲਬਾਤ ਕਰਕੇ ਇਸ ਸਕੀਮ ਦੇ ਤਹਿਤ ਇਲਾਜ ਬੰਦ ਕਰਨ ਦੀ ਤਿਆਰੀ ਕਰ ਰਹੇ ਹਨ। 

ਡਾਕਟਰਾਂ ਨੇ ਕਿਹਾ ਕਿ ਜੇਕਰ ਸ਼ਨੀਵਾਰ ਤੱਕ ਬਕਾਇਆ ਮਿਲਣਾ ਸ਼ੁਰੂ ਨਾ ਹੋਇਆ ਤਾਂ ਆਉਣ ਵਾਲੇ ਦਿਨਾਂ 'ਚ ਇਲਾਜ ਦੇਣਾ ਬੰਦ ਕਰ ਦਿੱਤਾ ਜਾਵੇਗਾ। ਉਧਰ ਆਮ ਆਦਮੀ ਪਾਰਟੀ ਵਾਲੀ ਪੰਜਾਬ ਸਰਕਾਰ ਨੇ ਡਾਕਟਰਾਂ ਦੇ ਇਸ ਅਲਟੀਮੇਟਮ ਤੋਂ ਬਾਅਦ ਇਸ ਸਕੀਮ ਨੂੰ ਮਾਰਚ 'ਚ ਟਰੱਸਟ ਮੋਡ 'ਤੇ ਲੈ ਲਿਆ ਹੈ। ਹਾਲਾਂਕਿ ਨਿੱਜੀ ਸਪਤਾਲ ਪੂਰੀ ਤਰ੍ਹਾਂ ਸਹਿਮਤ ਹਨ।  ਦੱਸ ਦਈਏ ਕਿ ਆਯੂਸ਼ਮਾਨ ਸਕੀਮ ਤਹਿਤ ਜਲੰਧਰ ਦੇ 23 ਕਰੋੜ, ਅੰਮ੍ਰਿਤਸਰ ਦੇ 10 ਕਰੋੜ ਤੋਂ ਜ਼ਿਆਦਾ ,ਲੁਧਿਆਣਾ 5 ਕਰੋੜ ਤੋਂ ਜ਼ਿਆਦਾ ਜਦਕਿ ਬਠਿੰਡਾ ਦਾ ਵੀ 11 ਕਰੋੜ ਰੁਪਏ ਤੋਂ ਜ਼ਿਆਦਾ ਦਾ ਬਿੱਲ ਪੈਂਡਿੰਗ ਹੈ। 

ਇਹ ਵੀ ਪੜ੍ਹੋ: ਹੁਸ਼ਿਆਰਪੁਰ ਦੀ ਕੁੜੀ ਨੇ ਅਮਰੀਕਾ 'ਚ ਗੱਡੇ ਝੰਡੇ, ਵਿਗਿਆਨੀ ਬਣ ਨੇ ਚਮਕਾਇਆ ਪੰਜਾਬ ਦਾ ਨਾਂ

ਵਿੱਤ ਵਿਭਾਗ ਨਾਲ 22 ਜ਼ਿਲ੍ਹਿਆਂ ਦੇ ਡਾਕਟਰਾਂ ਦੀ ਮੀਟਿੰਗ ਤੋਂ ਬਾਅਦ ਸਿਹਤ ਵਿਭਾਗ ਨੇ ਇਸ ਸਕੀਮ ਨੂੰ ਟਰੱਸਟ ਮੋਡ 'ਤੇ ਲੈ ਲਿਆ ਹੈ ਪਰ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਇਸ ਸਕੀਮ ਨੂੰ ਟਰੱਸਟ ਮੋਡ 'ਤੇ ਲੈਣ ਤੋਂ ਬਾਅਦ ਸਰਕਾਰ ਇਹ ਸਪੱਸ਼ਟ ਨਹੀਂ ਕਰ ਰਹੀ ਕਿ ਪਿਛਲੇ ਦੋ ਸਾਲ ਦੇ ਬਕਾਏ ਦਾ ਭੁਗਤਾਨ ਬੀਮਾ ਕੰਪਨੀਆਂ ਕਰਨਗੀਆਂ ਜਾਂ ਫਿਰ ਸਰਕਾਰ। ਇਸ ਦੇ ਨਾਲ ਹੀ 50 ਫ਼ੀਸਦੀ ਨਿੱਜੀ ਹਸਪਤਾਲਾਂ ਨੇ ਟਰੱਸਟ ਮੋਡ ਨੂੰ ਸਹਿਮਤੀ ਨਹੀਂ ਦਿੱਤੀ ਹੈ। ਪੰਜਾਬ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾ. ਪਰਮਜੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ 'ਤੇ ਉਹ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਮਿਲੇ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਜਲਦੀ ਹੀ ਪੈਸੇ ਰਿਲੀਸ ਕਰਨ ਲਈ ਵੀ ਕਿਹਾ ਸੀ ਪਰ ਉਸ ਬਾਵਜੂਦ ਵੀ ਹੁਣ ਤੱਕ ਪੈਸਾ ਨਹੀਂ ਆਇਆ। ਡਾਕਟਰਾਂ ਨੇ ਕਿਹਾ ਕਿ ਜੇ ਆਉਣ ਵਾਲੇ ਦਿਨਾਂ 'ਚ ਪੈਸੇ ਅਦਾ ਨਾ ਕੀਤੇ ਗਏ ਤਾਂ ਇਸ ਸਕੀਮ ਤੋਂ ਹੱਟਣ ਦੇ ਬਾਰੇ ਵੀ ਵਿਚਾਰ ਕੀਤਾ ਜਾਵੇਗਾ। 

ਜ਼ਿਲ੍ਹਾ ਪੱਧਰ ’ਤੇ ਆਯੂਸ਼ਮਾਨ ਦੇ ਮਰੀਜ਼ਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਲਈ ਕੋਈ ਮੁਸ਼ਕਿਲ ਨਹੀਂ ਆ ਰਹੀ। ਜਲੰਧਰ ਦੇ ਕੁਝ ਨਿੱਜੀ ਹਸਪਤਾਲਾਂ ਵਿੱਚ ਇਸ ਸਕੀਮ ਤਹਿਤ ਮਰੀਜ਼ਾਂ ਨੂੰ ਇਲਾਜ ਲਈ ਦਾਖ਼ਲ ਕਰਵਾਇਆ ਜਾ ਰਿਹਾ ਹੈ ਪਰ ਮਰੀਜ਼ਾਂ ਨੂੰ ਵੱਡੇ ਅਪਰੇਸ਼ਨਾਂ ਦਾ ਅੱਧਾ ਖ਼ਰਚਾ ਨਕਦੀ ਅਤੇ ਅੱਧਾ ਕਾਰਡ ਰਾਹੀਂ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਹਾਲਾਂਕਿ ਅਜੇ ਤੱਕ ਕਿਸੇ ਵੀ ਨਿੱਜੀ ਹਸਪਤਾਲ ਤੋਂ ਇਲਾਜ ਤੋਂ ਇਨਕਾਰ ਕਰਨ ਦੀ ਖ਼ਬਰ ਨਹੀਂ ਮਿਲੀ ਹੈ।

ਇਹ ਵੀ ਪੜ੍ਹੋ: ਅਮਰੀਕਾ ਵਿਖੇ ਆਦਮਪੁਰ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ, 5 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News