ਕਿਸਾਨਾਂ ਨੂੰ ਚੇਤੰਨ ਕਰਨ ਲਈ ਜਾਗਰੂਕਤਾ ਵੈਨ ਰਵਾਨਾ
Saturday, Aug 12, 2017 - 01:14 AM (IST)

ਸੰਗਰੂਰ, (ਵਿਵੇਕ ਸਿੰਧਵਾਨੀ, ਯਾਦਵਿੰਦਰ, ਬੇਦੀ, ਰੂਪਕ)— ਕਪਾਹ ਪੱਟੀ ਵਾਲੇ ਕਿਸਾਨਾਂ ਨੂੰ ਚਿੱਟੀ ਮੱਖੀ, ਹਰਾ ਤੇਲਾ ਅਤੇ ਭੂਰੀ ਜੂੰ (ਥਰਿਪ) ਦੇ ਹਮਲੇ ਸਬੰਧੀ ਜਾਗਰੂਕ ਕਰਨ ਲਈ ਡਿਪਟੀ ਕਮਿਸ਼ਨਰ ਅਮਰਪ੍ਰਤਾਪ ਸਿੰਘ ਵਿਰਕ ਨੇ ਸ਼ੁੱਕਰਵਾਰ ਨੂੰ ਜ਼ਿਲਾ ਪ੍ਰਬੰਧਕੀ ਕੰਪਲੈਕਸ ਤੋਂ ਲਾਊਡ ਸਪੀਕਰ ਰਾਹੀਂ ਪ੍ਰਚਾਰ ਕਰਨ ਲਈ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਰਵਾਨਾ ਕੀਤਾ। ਵਿਰਕ ਨੇ ਜ਼ਿਲੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀਬਾੜੀ ਵਿਭਾਗ ਵੱਲੋਂ ਚਲਾਈ ਜਾਗਰੂਕਤਾ ਮੁਹਿੰਮ ਦਾ ਵੱਧ ਤੋਂ ਵੱਧ ਲਾਭ ਲੈਂਦੇ ਹੋਏ ਨਰਮੇ ਦੀ ਫ਼ਸਲ ਦਾ ਰੋਜ਼ਾਨਾ ਨਿਰੀਖਣ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ ਪ੍ਰਚਾਰ ਵੈਨ ਦਾ ਮੰਤਵ ਕਪਾਹ ਪੱਟੀ ਵਾਲੇ ਸਾਰੇ ਪਿੰਡਾਂ ਵਿਚ ਚਿੱਟੀ ਮੱਖੀ, ਹਰਾ ਤੇਲਾ ਅਤੇ ਭੂਰੀ ਜੂੰ (ਥਰਿਪ) ਅਤੇ ਹੋਰ ਕੀੜੇ ਮਕੌੜਿਆਂ ਦੇ ਹਮਲੇ ਦੀ ਰੋਕਥਾਮ ਸਬੰਧੀ ਜਾਗਰੂਕ ਕਰਨਾ ਹੈ। ਮੁੱਖ ਖੇਤੀਬਾੜੀ ਅਫਸਰ ਡਾ. ਕਰਨੈਲ ਸਿੰਘ ਸੰਧੂ ਨੇ ਦੱਸਿਆ ਕਿ ਪ੍ਰਚਾਰ ਵੈਨਾਂ ਰਾਹੀਂ ਕਿਸਾਨਾਂ ਨੂੰ ਚਿੱਟੀ ਮੱਖੀ, ਹਰਾ ਤੇਲਾ ਅਤੇ ਭੂਰੀ ਜੂੰ (ਥਰਿਪ) ਦੇ ਹਮਲੇ ਦੀ ਰੋਕਥਾਮ ਸਬੰਧੀ ਵਿਭਾਗੀ ਲਿਟਰੇਚਰ ਵੰਡਿਆ ਜਾਵੇਗਾ ਪਿੰਡਾਂ ਦੀਆਂ ਸਾਂਝੀਆਂ ਥਾਵਾਂ 'ਤੇ ਕਿਸਾਨਾਂ ਦੀ ਜਾਣਕਾਰੀ ਹਿੱਤ ਵੱਡੇ-ਵੱਡੇ ਪੋਸਟਰ ਵੀ ਲਾਏ ਜਾਣਗੇ ਤਾਂ ਜੋ ਵੱਧ ਤੋਂ ਵੱਧ ਕਿਸਾਨ ਇਸ ਮੁਹਿੰਮ ਦਾ ਲਾਭ ਉਠਾ ਸਕਣ। ਉਨ੍ਹਾਂ ਦੱਸਿਆ ਕਿ ਅਗਲੇ 15-20 ਦਿਨ ਚਿੱਟੀ ਮੱਖੀ, ਹਰਾ ਤੇਲਾ ਅਤੇ ਭੂਰੀ ਜੂੰ (ਥਰਿਪ) ਦੀ ਰੋਕਥਾਮ ਲਈ ਅਹਿਮ ਹਨ।
ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਨਰਮੇ ਦੀ ਫਸਲ ਨੂੰ ਔੜ ਨਾ ਲੱਗਣ ਦਿੱਤੀ ਜਾਵੇ ਕਿਉਂਕਿ ਔੜ ਵਿਚ ਰਸ ਚੂਸਣ ਵਾਲੇ ਕੀੜਿਆਂ ਦਾ ਹਮਲਾ ਵੱਧ ਜਾਂਦਾ ਹੈ ਅਤੇ ਫਸਲ ਨੂੰ ਪਾਣੀ ਲਾਇਆ ਜਾਵੇ। ਇਸ ਮੌਕੇ ਡਾ. ਸਤਪਾਲ ਸਿੰਘ ਸਹਾਇਕ ਮਾਰਕੀਟਿੰਗ ਅਫਸਰ, ਡਾ. ਅਮਰਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ, ਡਾ. ਜਸਕੰਵਲ ਸਿੰਘ ਖੇਤੀਬਾੜੀ ਵਿਕਾਸ ਅਫਸਰ, ਡਾ. ਮਨਦੀਪ ਸਿੰਘ ਡੀ.ਪੀ.ਡੀ. ਆਤਮਾ ਵੀ ਹਾਜ਼ਰ ਸਨ।