ਆਵਾਰਾ ਢੱਟੇ ਨੇ ਮਜ਼ਦੂਰ ਨੂੰ ਉਤਾਰਿਆ ਮੌਤ ਦੇ ਘਾਟ

Friday, Jun 22, 2018 - 01:21 AM (IST)

ਆਵਾਰਾ ਢੱਟੇ ਨੇ ਮਜ਼ਦੂਰ ਨੂੰ ਉਤਾਰਿਆ ਮੌਤ ਦੇ ਘਾਟ

ਨਾਭਾ, (ਭੁਪਿੰਦਰ ਭੂਪਾ)- ਰਿਆਸਤੀ ਸ਼ਹਿਰ ਵਿਖੇ ਆਵਾਰਾ ਪਸ਼ੂਆਂ ਕਾਰਨ ਵਾਪਰ ਰਹੇ ਹਾਦਸਿਆਂ ਦੀ ਗਿਣਤੀ ’ਚ ਲਗਾਤਾਰ ਵਧ  ਰਹੀ ਹੈ। ਇਸੇ ਕ੍ਰਮ ’ਚ ਅੱਜ ਅਾਵਾਰਾ ਢੱਟੇ ਨੇ ਇਕ ਗਰੀਬ ਮਜ਼ਦੂਰ ਨੂੰ ਆਪਣਾ ਸ਼ਿਕਾਰ ਬਣਾਇਆ ਅਤੇ ਦਰਦਨਾਕ ਤਰੀਕੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਜ਼ਿਕਰਯੋਗ ਹੈ ਕਿ ਅਾਵਾਰਾ ਪਸ਼ੂਆਂ ਕਾਰਨ ਦੂਜੀ ਵਾਰ ਮਨੁੱਖੀ ਮੌਤ ਹੋਈ ਹੈ। ਇਸ ਤੋਂ ਪਹਿਲਾਂ ਇਕ ਬਜ਼ੁਰਗ ਇਨ੍ਹਾਂ ਦੀ ਭੇਟ ਚਡ਼੍ਹ ਚੁੱਕਾ ਹੈ।  
 ਪ੍ਰਾਪਤ  ਜਾਣਕਾਰੀ ਅਨੁਸਾਰ ਪਿੰਡ ਵਜ਼ੀਦਪੁਰ ਦਾ ਈਸ਼ਰ ਸਿੰਘ ਨਾਮੀ ਮਜ਼ਦੂਰ ਬੀਡ਼ ਲਾਗੇ ਸਥਿਤ ਖੇਤਾਂ ’ਚ ਮਜ਼ਦੂਰੀ ਕਰਦਾ ਸੀ। ਅੱਜ ਤਡ਼ਕਸਾਰ ਉਹ ਖੇਤ ਆਇਆ ਤਾਂ ਇਕ ਅਾਵਾਰਾ ਢੱਟੇ  ਨੇ ਖੇਤ ’ਚ ਵਡ਼ਨ ਤੋਂ ਰੋਕਣ ’ਤੇ ਮਜ਼ਦੂਰ ਨੂੰ ਬੁਰੀ ਤਰ੍ਹਾਂ ਮਾਰਿਆ ਅਤੇ ਫੱਟਡ਼ ਕਰ ਦਿੱਤਾ। ਲੋਕਾਂ ਦੇ ਆਉਣ ’ਤੇ  ਢੱਟਾ ਦੌੜ ਗਿਆ। ਨਜ਼ਦੀਕੀ ਵਾਸੀਆਂ ਨੇ ਤੁਰੰਤ 108 ਦੀ ਐਂਬੂਲੈਂਸ ਮੰਗਵਾਈ ਅਤੇ ਮਜ਼ਦੂਰ ਨੂੰ ਸਿਵਲ ਹਸਪਤਾਲ ਨਾਭਾ ਵਿਖੇ ਲਿਆਂਦਾ। ਉਸ ਦੀ ਗੰਭੀਰ ਹਾਲਤ ਦੇਖਦਿਆਂ ਮੈਡੀਕਲ ਸਟਾਫ ਨੇ ਮੁਢਲੀ ਸਹਾਇਤਾ ਦੇ ਕੇ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ। ਉਥੇ ਮਜ਼ਦੂਰ ਨੇ ਜ਼ਖਮਾਂ ਦੀ ਤਾਬ ਨਾ ਝਲਦੇ ਹੋਏ ਦਮ ਤੋਡ਼ ਦਿੱਤਾ। 
 ਜ਼ਿਕਰਯੋਗ ਹੈ ਕਿ ਨਾਭਾ ਸ਼ਹਿਰ ’ਚ ਲਗਭਗ 1000 ਤੋਂ ਵੱਧ ਅਾਵਾਰਾ ਪਸ਼ੂ ਘੁੰਮ ਰਹੇ ਹਨ। ਇਨ੍ਹਾਂ ਕਾਰਨ ਵਾਪਰ ਰਹੇ ਹਾਦਸਿਆਂ ਤੋਂ ਰਿਆਸਤੀ ਸ਼ਹਿਰ ਦੇ ਵਾਸੀ ਕਾਫੀ ਦੁਖੀ ਹਨ ਪਰ ਪ੍ਰਸ਼ਾਸਨ ਖਾਮੋਸ਼ ਹੈ। ਉਪਰੋਕਤ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਨਗਰ ਕੌਂਸਲ ਪ੍ਰਧਾਨ ਰਜਨੀਸ਼ ਸ਼ੈਂਟੀ ਨੇ ਦੱਸਿਆ ਕਿ ਕੈਬਨਿਟ ਮੰਤਰੀ ਧਰਮਸੌਤ ਦੇ ਅਣਥੱਕ ਯਤਨਾਂ ਅਤੇ ਪਸ਼ੂ ਪਾਲਣ ਵਿਭਾਗ ਦੇ ਸਹਿਯੋਗ ਨਾਲ ਨਗਰ ਕੌਂਸਲ ਨਾਭਾ ਵੱਲੋਂ ਇਨ੍ਹਾਂ ਆਵਾਰਾ ਪਸ਼ੂਆਂ ਨੂੰ ਕਾਬੂ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਨ੍ਹਾਂ ’ਤੇ ਜਲਦ ਹੀ ਕਾਬੂ ਪਾ ਲਿਆ ਜਾਵੇਗਾ। 


Related News