ਸੀ. ਟੀ. ਸਕੈਨ ਕਰਵਾਉਣ ਗਏ ਵਿਅਕਤੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
Monday, Jul 06, 2020 - 11:02 AM (IST)
ਮੋਰਿੰਡਾ (ਅਰਨੌਲੀ, ਧੀਮਾਨ) : ਜੋਲੀ ਮਾਰਕਿਟ ਸਥਿਤ ਪਾਹੁਲ ਡਾਈਗਨੋਸਟਿਕ ਸੈਂਟਰ ਵਿਖੇ ਸਰਕਾਰੀ ਹਸਪਤਾਲ ਮੋਰਿੰਡਾ ਤੋਂ ਸੀ. ਟੀ. ਸਕੈਨ ਕਰਵਾਉਣ ਆਏ ਇਕ ਵਿਅਕਤੀ ’ਤੇ ਕੁਝ ਲੋਕਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਗੰਭੀਰ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਨਾਲ ਡਾਈਗਨੋਸਟਿਕ ਸੈਂਟਰ ’ਚ ਕਰੀਬ 2 ਲੱਖ ਦੇ ਸਮਾਨ ਦੀ ਭੰਨ੍ਹ-ਤੋੜ ਵੀ ਕੀਤੀ ਗਈ। ਜਾਣਕਾਰੀ ਅਨੁਸਾਰ ਪਿੰਡ ਬਲਦੇਵ ਨਗਰ (ਰੂਰਲ ਮੋਰਿੰਡਾ) ਨਿਵਾਸੀ ਬਲਵਿੰਦਰ ਕੁਮਾਰ ਉਰਫ ਬਿੰਦਰ ਪੁੱਤਰ ਭਗਵਾਨ ਦਾਸ ਦੇ ਪਰਿਵਾਰ ਦੀ ਆਪਣੇ ਪਿੰਡ ’ਚ ਹੀ ਕਿਸੇ ਨਾਲ ਛੋਟੀ-ਮੋਟੀ ਤਕਰਾਰ ਹੋ ਗਈ, ਜਿਸ ’ਚ ਦੋਵੇਂ ਧਿਰਾਂ ਦੇ 6 ਲੋਕ ਜ਼ਖਮੀ ਹੋ ਗਏ।
ਇਨ੍ਹਾਂ ’ਚੋਂ 2 ਦੀ ਹਾਲਤ ਗੰਭੀਰ ਹੋਣ ਕਾਰਨ ਪੀ. ਜੀ. ਆਈ. ਚੰਡੀਗੜ੍ਹ ਵਿਖੇ ਇਲਾਜ ਅਧੀਨ ਦੱਸੇ ਜਾ ਰਹੇ ਹਨ। ਮੋਰਿੰਡਾ ਸਰਕਾਰੀ ਹਸਪਤਾਲ ਵਿਖੇ ਇਲਾਜ ਅਧੀਨ ਬਲਵਿੰਦਰ ਕੁਮਾਰ ਉਰਫ ਬਿੰਦਰ ਸ਼ਾਮ ਕਰੀਬ 6-7 ਵਜੇ ਆਪਣਾ ਸੀ. ਟੀ. ਸਕੈਨ ਕਰਵਾਉਣ ਲਈ ਜਦੋਂ ਪਾਹੁਲ ਡਾਇਗਨੋਸਟਿਕ ਸੈਂਟਰ ਮੋਰਿੰਡਾ ਵਿਖੇ ਗਿਆ ਤਾਂ ਦੂਜੀ ਧਿਰ ਵੱਲੋਂ ਡਾਇਨੋਸਟਿਕ ਸੈਂਟਰ ਵਿਖੇ ਹੀ ਬਲਵਿੰਦਰ ਕੁਮਾਰ ਉਰਫ ਬਿੰਦਰ ’ਤੇ ਹਮਲਾ ਕਰ ਦਿੱਤਾ ਗਿਆ, ਜਿਸ ਕਾਰਨ ਬਲਵਿੰਦਰ ਕੁਮਾਰ ਬਿੰਦਰ ਗੰਭੀਰ ਜ਼ਖਮੀ ਹੋ ਗਿਆ।
ਇਸ ਸਬੰਧੀ ਪੱਖ ਜਾਣਨ ਲਈ ਦੂਜੀ ਧਿਰ ਨਾਲ ਸੰਪਰਕ ਨਹੀਂ ਹੋ ਸਕਿਆ। ਡਾਇਗਨੋਸਟਿਕ ਸੈਂਟਰ ਦੇ ਸੰਚਾਲਕ ਡਾ. ਗੁਰਵਿੰਦਰਬੀਰ ਸਿੰਘ ਅਤੇ ਰਣਬੀਰ ਸਿੰਘ ਨੇ ਦੱਸਿਆ ਕਿ ਸੈਂਟਰ ਵਿਖੇ ਸੀ. ਟੀ. ਸਕੈਨ ਕਰਨ ਵਾਲੇ ਡਾ. ਲਲਿਤ ਜਦੋਂ ਮਰੀਜ਼ (ਬਲਵਿੰਦਰ ਕੁਮਾਰ) ਦਾ ਸੀ. ਟੀ. ਸਕੈਨ ਕਰ ਰਹੇ ਸਨ। ਉੱਥੇ ਤੇਜ਼ਧਾਰ ਹਥਿਆਰ ਲੈ ਕੇ ਕੁਝ ਵਿਅਕਤੀ ਆਏ ਅਤੇ ਹਸਪਤਾਲ ਵਿਖੇ ਸਮਾਨ ਦੀ ਭੰਨ੍ਹ-ਤੋੜ ਕਰਨ ਲੱਗੇ। ਉਨ੍ਹਾਂ ਬਲਵਿੰਦਰ ਕੁਮਾਰ ਨਾਲ ਕੁੱਟਮਾਰ ਕਰਨ ਦੇ ਨਾਲ-ਨਾਲ ਡਾਇਗਨੋਸਟਿਕ ਸੈਂਟਰ ’ਚ ਪਈਆਂ ਕਈ ਕੁਰਸੀਆਂ, ਫਰਿੱਜ਼ ਤੇ ਹੋਰ ਕੀਮਤੀ ਸਮਾਨ ਦੀ ਭੰਨ੍ਹਤੋੜ ਕੀਤੀ। ਇਸ ਦੌਰਾਨ ਉਨ੍ਹਾਂ ਲੋਕਾਂ ਵਲੋਂ ਕਾਫੀ ਹੰਗਾਮਾ ਕੀਤਾ ਗਿਆ।
ਉਪਰੰਤ ਇਕ ਗੱਡੀ ’ਚ ਫਰਾਰ ਹੋ ਗਏ। ਸਿਟੀ ਪੁਲਸ ਥਾਣਾ ਮੋਰਿੰਡਾ ਦੇ ਮੁਖੀ ਰੋਹਿਤ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੁਲਸ ਟੀਮ ਨਾਲ ਡਾਇਗਨੋਸਿਟਕ ਸੈਂਟਰ ਵਿਖੇ ਘਟਨਾ ਦਾ ਜਾਇਜ਼ਾ ਲੈਂਦਿਆਂ ਸੈਂਟਰ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਅਤੇ ਮਾਮਲੇ ਦੀ ਹੋਰ ਜਾਂਚ ਕਰ ਕੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਐੱਸ. ਐੱਚ. ਓ. ਰੋਹਿਤ ਸ਼ਰਮਾ ਨੇ ਕਿਹਾ ਕਿ ਗੁੰਡਾਗਰਦੀ ਬਿਲਕੁੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਭਾਵੇਂ ਉਹ ਕੋਈ ਹੋਵੇ। ਪੁਲਸ ਵਲੋਂ ਕਾਨੂੰਨ ਅਨੁਸਾਰ ਬਣਦੀ ਸਖਤ ਕਾਰਵਾਈ ਕੀਤੀ ਜਾਵੇਗੀ।