ਅੱਧੀ ਰਾਤ ਨੂੰ ਤਲਵਾਰਾਂ ਲੈ ਕੇ ਆਏ ਬਦਮਾਸ਼, ਮਾਵਾਂ-ਧੀਆਂ ਨੇ ਭੱਜ ਕੇ ਬਚਾਈ ਜਾਨ

07/06/2017 12:30:28 PM

ਮੋਗਾ (ਆਜ਼ਾਦ)— ਮੋਗਾ ਜ਼ਿਲੇ ਦੇ ਪਿੰਡ ਤਲਵੰਡੀ ਨੌਂ ਬਹਾਰ 'ਚ ਪੁਰਾਣੀ ਰੰਜਿਸ਼ ਕਾਰਨ ਹਥਿਆਰਬੰਦ ਵਿਅਕਤੀਆਂ ਵੱਲੋਂ ਰੇਸ਼ਮ ਸਿੰਘ ਦੇ ਘਰ 'ਚ ਦਾਖਲ ਹੋ ਕੇ ਭੰਨ-ਤੋੜ ਕਰਨ ਤੋਂ ਇਲਾਵਾ ਨਕਦੀ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਆਰੰਭ ਕਰ ਦਿੱਤੀ ਹੈ।  ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਜੋਗਿੰਦਰ ਕੌਰ ਪਤਨੀ ਰੇਸ਼ਮ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਦੇ ਨਾਲ ਸਾਡੀ ਪੁਰਾਣੀ ਰੰਜਿਸ਼ ਰਹੀ ਹੈ। 
ਇਸ ਰੰਜਿਸ਼ ਕਾਰਨ ਹੀ ਬੀਤੀ ਦੇਰ ਰਾਤ 2 ਵਜੇ ਦੇ ਕਰੀਬ ਦੇਬਨ ਸਿੰਘ, ਸੁਖਵਿੰਦਰ ਸਿੰਘ ਉਰਫ ਫੱਗਾ, ਬਿੱਕਰ ਸਿੰਘ, ਸੁਖਰਾਜ ਸਿੰਘ ਉਰਫ ਸੁੱਖਾ, ਹੁਸ਼ਿਆਰ ਸਿੰਘ, ਲਖਵਿੰਦਰ ਸਿੰਘ ਉਰਫ ਕਾਕੂ, ਭਿੰਦਰ ਸਿੰਘ ਉਰਫ ਗੋਪੀ, ਲਖਵਿੰਦਰ ਸਿੰਘ, ਗੁਰਜਿੰਦਰ ਸਿੰਘ ਉਰਫ ਮੋਟੂ, ਨਿੰਮਾ ਸਿੰਘ, ਗੁਰਪ੍ਰੀਤ ਸਿੰਘ, ਪਿਆਰਾ ਸਿੰਘ, ਬੂਟਾ ਸਿੰਘ, ਕਾਲੂ ਸਿੰਘ ਸਾਰੇ ਨਿਵਾਸੀ ਪਿੰਡ ਦੋਲੇਵਾਲਾ ਇਨੋਵਾ ਗੱਡੀਆਂ 'ਚ ਸਵਾਰ ਹੋ ਕੇ ਆਏ, ਜਿਨ੍ਹਾਂ ਕੋਲ ਤੇਜ਼ਧਾਰ ਹਥਿਆਰ ਸਨ। ਉਹ ਸਾਡੇ ਘਰ ਦੇ ਅੱਗੇ ਆ ਕੇ ਰੁਕੇ ਅਤੇ ਗਾਲੀ-ਗਲੋਚ ਕਰਨ ਲੱਗੇ ਤੇ ਸਾਡੇ ਘਰ ਦੇ ਦਰਵਾਜ਼ੇ ਦੀ ਭੰਨ-ਤੋੜ ਕਰਨ ਦਾ ਯਤਨ ਕੀਤਾ, ਜਿਸ 'ਤੇ ਮੈਂ ਡਰ ਗਈ ਅਤੇ ਆਪਣੀ ਜਾਨ ਬਚਾਉਣ ਲਈ ਮੈਂ ਆਪਣੀ ਨੂੰਹ ਤੇ ਬੇਟੀਆਂ ਨੂੰ ਨਾਲ ਲੈ ਕੇ ਘਰ ਦੇ ਪਿਛਲੇ ਦਰਵਾਜ਼ੇ ਰਾਹੀਂ ਬਾਹਰ ਭੱਜ ਗਈ। 
ਇਸ ਦੌਰਾਨ ਹਮਲਾਵਰ ਸਾਡੇ ਘਰ 'ਚ ਦਾਖਲ ਹੋ ਗਏ ਅਤੇ ਉਨ੍ਹਾਂ ਘਰ 'ਚ ਪਏ ਸਾਮਾਨ ਦੀ ਭੰਨ-ਤੋੜ ਕੀਤੀ ਅਤੇ ਸਾਰੇ ਤਾਲੇ ਤੋੜ ਦਿੱਤੇ ਅਤੇ ਤੂੜੀ ਵਾਲੇ ਕਮਰੇ ਨੂੰ ਅੱਗ ਲਾ ਕੇ ਘਰ ਨੂੰ ਸਾੜਨ ਦਾ ਯਤਨ ਕੀਤਾ ਅਤੇ ਉਹ ਘਰ 'ਚੋਂ 15 ਹਜ਼ਾਰ ਰੁਪਏ, 4 ਤੋਲੇ ਸੋਨੇ ਗਹਿਣੇ, ਇਕ ਸਿਲੰਡਰ ਤੇ ਗੈਸ ਚੁੱਲ੍ਹਾ ਅਤੇ ਹੋਰ ਸਾਮਾਨ ਚੋਰੀ ਕਰ ਕੇ ਲੈ ਗਏ, ਜਿਸ 'ਤੇ ਅਸੀਂ ਪੁਲਸ ਨੂੰ ਸੂਚਿਤ ਕੀਤਾ। ਉਸ ਨੇ ਦੱਸਿਆ ਕਿ ਦੋਸ਼ੀਆਂ ਨਾਲ ਪਹਿਲਾਂ ਵੀ ਸਾਡਾ ਵਿਵਾਦ ਚੱਲਦਾ ਆ ਰਿਹਾ ਹੈ ਅਤੇ ਮੁਕੱਦਮਾ ਵੀ ਇਕ-ਦੂਸਰੇ ਵਿਰੁੱਧ ਦਰਜ ਹੋਇਆ ਹੈ।  ਘਟਨਾ ਦੀ ਜਾਣਕਾਰੀ ਮਿਲਣ 'ਤੇ ਥਾਣਾ ਕੋਟ ਈਸੇ ਖਾਂ ਦੇ ਸਹਾਇਕ ਥਾਣੇਦਾਰ ਮੁਖਿੰਦਰ ਸਿੰਘ ਪੁਲਸ ਪਾਰਟੀ ਨਾਲ ਘਟਨਾ ਸਥਾਨ 'ਤੇ ਪੁੱਜੇ ਅਤੇ ਜਾਂਚ ਤੋਂ ਇਲਾਵਾ ਆਸ-ਪਾਸ ਦੇ ਲੋਕਾਂ ਕੋਲੋਂ ਪੁੱਛਗਿੱਛ ਕੀਤੀ। ਜਾਂਚ ਅਧਿਕਾਰੀ ਨੇ ਦੱਸਿਆ ਉਕਤ ਸਾਰੇ ਦੋਸ਼ੀਆਂ ਖਿਲਾਫ ਘਰ 'ਚ ਦਾਖਲ ਹੋ ਕੇ ਭੰਨ-ਤੋੜ ਕਰਨ, ਅੱਗ ਲਾਉਣ ਅਤੇ ਸਾਮਾਨ ਚੋਰੀ ਕਰ ਕੇ ਲਿਜਾਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਜਲਦੀ ਕਾਬੂ ਆਉਣ ਦੀ ਸੰਭਾਵਨਾ ਹੈ।


Kulvinder Mahi

News Editor

Related News