ਪੰਜਾਬ ''ਚ ਹਾਈਵੇਅ ''ਤੇ ਜਾ ਰਹੀ ਹਿਮਾਚਲ ਦੀ ਬੱਸ ''ਤੇ ਹਮਲਾ, ਵਿੱਚ ਬੈਠੀਆਂ ਸਵਾਰੀਆਂ... (ਵੀਡੀਓ)
Wednesday, Mar 19, 2025 - 10:36 AM (IST)

ਖਰੜ (ਰਣਬੀਰ) : ਹਿਮਾਚਲ ’ਚ ਸਿੱਖ ਸ਼ਰਧਾਲੂਆਂ ’ਤੇ ਹੋਏ ਹਮਲੇ ਦਾ ਮਾਮਲਾ ਹਾਲੇ ਠੰਡਾ ਵੀ ਨਹੀਂ ਹੋਇਆ ਸੀ ਕਿ ਮੰਗਲਵਾਰ ਸ਼ਾਮ ਕਰੀਬ 6 ਵਜੇ ਖਰੜ ਕੋਰਟ ਕੰਪਲੈਕਸ ਸਾਹਮਣੇ ਪੁਲ ’ਤੇ 2 ਅਣਪਛਾਤੇ ਵਿਅਕਤੀਆਂ ਨੇ ਹਿਮਾਚਲ ਰੋਡਵੇਜ਼ ਦੀ ਬੱਸ ’ਤੇ ਹਮਲਾ ਕਰ ਦਿੱਤਾ। ਹਮਲਾਵਰ ਬੱਸ ਦੇ ਸ਼ੀਸ਼ੇ ਭੰਨ ਕੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਹਮਲੇ ਦੌਰਾਨ ਬੱਸ 'ਚ ਬੈਠੀਆਂ ਸਵਾਰੀਆਂ ਬੁਰੀ ਤਰ੍ਹਾਂ ਘਬਰਾ ਗਈਆਂ ਪਰ ਚੰਗੀ ਗੱਲ ਇਹ ਰਹੀ ਕਿ ਹਮਲੇ ’ਚ 32 ਯਾਤਰੀਆਂ ਦਾ ਵਾਲ-ਵਾਲ ਬਚਾਅ ਹੋਇਆ ਅਤੇ ਕਿਸੇ ਨੂੰ ਵੀ ਸੱਟ ਨਹੀਂ ਲੱਗੀ। ਮਾਮਲੇ ਦੀ ਜਾਣਕਾਰੀ ਮਿਲਣ ’ਤੇ ਡੀ. ਐੱਸ. ਪੀ. ਖਰੜ ਸਿਟੀ-1 ਕਰਣ ਸਿੰਘ ਸੰਧੂ ਸਣੇ ਪੁਲਸ ਫੋਰਸ ਮੌਕੇ ’ਤੇ ਪੁੱਜ ਗਈ ਅਤੇ ਜਾਂਚ ਸ਼ੁਰੂ ਕੀਤੀ। ਫਿਲਹਾਲ ਪੁਲਸ ਹਾਈਵੇਅ 'ਤੇ ਨਾਲ ਲੱਗਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਹਾਲੇ ਤੱਕ ਮੁਲਜ਼ਮਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਪੁਲਸ ਨੇ ਦੇਰ ਰਾਤ ਨੂੰ ਅਣਪਛਾਤਿਆਂ ਖ਼ਿਲਾਫ਼ ਪਰਚਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਸ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਮੁਫ਼ਤ ਕਣਕ ਲੈਣ ਵਾਲਿਆਂ ਲਈ ਬੁਰੀ ਖ਼ਬਰ! ਰੱਦ ਕੀਤਾ ਜਾ ਸਕਦਾ...
ਹਮਲਾਵਰਾਂ ਨੇ ਗੱਡੀ ਦੀ ਨੰਬਰ ਪਲੇਟ ’ਤੇ ਲਾਈ ਹੋਈ ਸੀ ਟੇਪ
ਹਮੀਰਪੁਰ ਡਿਪੂ ਦੀ ਬੱਸ ਦੇ ਚਾਲਕ ਰਵੀ ਕੁਮਾਰ ਅਤੇ ਕੰਡਕਟਰ ਲਵਲੀ ਕੁਮਾਰ ਨੇ ਦੱਸਿਆ ਕਿ ਉਹ ਸ਼ਾਮ ਕਰੀਬ 6 ਵਜੇ ਚੰਡੀਗੜ੍ਹ ਤੋਂ ਹਮੀਰਪੁਰ ਲਈ ਰਵਾਨਾ ਹੋਏ ਸਨ। ਜਿਵੇਂ ਹੀ ਉਹ ਖਰੜ ਕੋਰਟ ਕੰਪਲੈਕਸ ਸਾਹਮਣੇ ਪੁੱਜੇ ਤਾਂ ਅਲਟੋ ਗੱਡੀ ਪਹਿਲਾਂ ਤੋਂ ਹੀ ਉੱਥੇ ਖੜ੍ਹੀ ਸੀ। ਗੱਡੀ ਦੀ ਨੰਬਰ ਪਲੇਟ ’ਤੇ ਟੇਪ ਲਾਈ ਹੋਈ ਸੀ। ਕਾਰ ’ਚ 2 ਵਿਅਕਤੀ ਮੌਜੂਦ ਸਨ। ਉਨਾਂ ’ਚੋਂ ਇੱਕ ਨੇ ਮੂੰਹ ਢੱਕਿਆ ਸੀ। ਇਸੇ ਦਰਮਿਆਨ ਕਾਰ ’ਚੋਂ ਬਾਹਰ ਨਿਕਲੇ ਵਿਅਕਤੀ ਨੇ ਸਾਹਮਣੇ ਤੋਂ ਬੱਸ ਨੂੰ ਰੁਕਵਾਇਆ ਅਤੇ ਸ਼ੀਸ਼ੇ ਭੰਨਣੇ ਸ਼ੁਰੂ ਕਰ ਦਿੱਤੇ। ਕੁੱਝ ਹੀ ਮਿੰਟਾਂ ’ਚ ਮੁਲਜ਼ਮ ਬੱਸ ਦੇ ਫਰੰਟ ਦੇ ਸ਼ੀਸ਼ੇ ਤੋੜ ਕੇ ਮੌਕੇ ਤੋਂ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ : ਡੇਰਾ ਬਿਆਸ ਜਾਣ ਵਾਲੀ ਸੰਗਤ ਲਈ ਵੱਡੀ ਖ਼ੁਸ਼ਖ਼ਬਰੀ, ਲਿਆ ਗਿਆ ਅਹਿਮ ਫ਼ੈਸਲਾ
ਯਾਤਰੀਆਂ ਲਈ ਦੂਜੀ ਬੱਸ ਦਾ ਇੰਤਜ਼ਾਮ ਕਰ ਕੇ ਭੇਜਿਆ ਹਿਮਾਚਲ
ਹਮਲੇ ਦੌਰਾਨ ਸ਼ੁਕਰ ਰਿਹਾ ਕਿ ਕਿਸੇ ਵੀ ਯਾਤਰੀ ਦੇ ਕੋਈ ਸੱਟ ਨਹੀਂ ਲੱਗੀ। ਚਾਲਕ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਉਨ੍ਹਾਂ ਨੂੰ ਫੌਰੀ ਦੂਜੀ ਬੱਸ ਦਾ ਪ੍ਰਬੰਧ ਕਰ ਕੇ ਮੌਕੇ ਤੋਂ ਹਿਮਾਚਲ ਲਈ ਰਵਾਨਾ ਕਰ ਦਿੱਤਾ ਗਿਆ।
ਪੁਲਸ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਕੀਤੀ ਅਪੀਲ
ਖਰੜ (ਅਮਰਦੀਪ) : ਇਸ ਮਾਮਲੇ ’ਚ ਡੀ. ਐੱਸ. ਪੀ. ਖਰੜ ਸਿਟੀ-1 ਕਰਣ ਸਿੰਘ ਸੰਧੂ ਨੇ ਦੱਸਿਆ ਕਿ ਖਰੜ ਪੁਲ ਨੇੜੇ ਕੁੱਝ ਸ਼ਰਾਰਤੀ ਅਨਸਰਾਂ ਨੇ ਹਿਮਾਚਲ ਦੀ ਬੱਸ ਰੋਕ ਕੇ ਭੰਨਤੋੜ ਕੀਤੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਸਵਾਰੀਆਂ, ਕੰਡਕਟਰ ਤੇ ਚਾਲਕ ਦੀ ਸੁਰੱਖਿਆ ਯਕੀਨੀ ਬਣਾਈ। ਉਨ੍ਹਾਂ ਕਿਹਾ ਕਿ ਮਾਮਲੇ ’ਚ ਅਣਪਛਾਤਿਆਂ ਖ਼ਿਲਾਫ਼ ਪਰਚਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਵਿਅਕਤੀ ਕਾਨੂੰਨ ਨੂੰ ਆਪਣੇ ਹੱਥ ’ਚ ਨਾ ਲਵੇ। ਉਨ੍ਹਾਂ ਕਿਹਾ ਕਿ ਮਾਹੌਲ ਖ਼ਰਾਬ ਕਰਨ ਵਾਲਿਆਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8