ਨੌਜਵਾਨ ਵਲੋਂ ਔਰਤ ''ਤੇ ਕਿਰਚ ਨਾਲ ਜਾਨਲੇਵਾ ਹਮਲਾ
Tuesday, Jan 09, 2018 - 07:06 PM (IST)

ਬਟਾਲਾ (ਬੇਰੀ, ਸੈਂਡੀ, ਸਾਹਿਲ) : ਮੰਗਲਵਾਰ ਨੂੰ ਇਕ ਨੌਜਵਾਨ ਵੱਲੋਂ ਔਰਤ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੇ ਗੰਭੀਰ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਨੀ ਪੁੱਤਰ ਬੱਬੀ ਵਾਸੀ ਲੱਲੀਆਂ ਵਾਲੀ ਗਲੀ ਨੇ ਦੱਸਿਆ ਕਿ ਮੇਰੀ ਮਾਤਾ ਵੀਨਾ ਆਪਣੇ ਘਰ 'ਚ ਸੁੱਤੀ ਪਈ ਸੀ ਕਿ ਅਚਾਨਕ ਸੌਰਵ ਪੁੱਤਰ ਪ੍ਰੇਮਨਾਥ ਵਾਸੀ ਲੱਲੀਆਂ ਵਾਲੀ ਗਲੀ ਸਾਡੇ ਘਰ ਦੀ ਕੰਧ ਟੱਪ ਕੇ ਘਰ 'ਚ ਦਾਖਲ ਹੋਇਆ। ਸੰਨੀ ਨੇ ਦੱਸਿਆ ਕਿ ਪਹਿਲਾਂ ਸੌਰਵ ਨੇ ਮੇਰੀ ਮਾਤਾ ਨੂੰ ਧਮਕੀ ਦਿੱਤੀ ਕਿ ਉਹ ਮੈਨੂੰ ਮਾਰ ਦੇਵੇਗਾ ਅਤੇ ਬਾਅਦ 'ਚ ਉਸਨੇ ਮੇਰੀ ਮਾਤਾ 'ਤੇ ਕਿਰਚ ਨਾਲ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ।
ਸੰਨੀ ਨੇ ਕਿਹਾ ਕਿ ਉਪਰੰਤ ਅਸੀਂ ਆਪਣੀ ਮਾਤਾ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਆਏ, ਜਿਥੇ ਡਾਕਟਰਾਂ ਨੇ ਉਸਦੀ ਹਾਲਤ ਗੰਭੀਰ ਦੱਸਦੇ ਹੋਏ ਅੰਮ੍ਰਿਤਸਰ ਰੈਫਰ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਚੌਕੀ ਸਿੰਬਲ ਦੀ ਪੁਲਸ ਵੀ ਮੌਕੇ 'ਤੇ ਪਹੁੰਚ ਗਈ।
ਕੀ ਕਹਿਣਾ ਹੈ ਚੌਕੀ ਇੰਚਾਰਜ ਦਾ
ਇਸ ਸੰਬੰਧੀ ਜਦੋਂ ਪੁਲਸ ਚੌਕੀ ਸਿੰਬਲ ਦੇ ਚੌਕੀ ਇੰਚਾਰਜ ਏ. ਐੱਸ. ਆਈ. ਅਸ਼ੋਕ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸੰਨੀ ਦੇ ਬਿਆਨਾਂ ਦੇ ਆਧਾਰ 'ਤੇ ਸੌਰਵ ਵਿਰੁੱਧ ਮਾਮਲਾ ਦਰਜ ਕਰਕੇ ਉਸਦੀ ਭਾਲ ਕੀਤੀ ਜਾ ਰਹੀ ਹੈ।