ਜੁਗਾੜ ਲਾ ਫਸਾ ਲੈਂਦੇ ਸੀ ATM ਕਾਰਡ, ਫਿਰ ਹੁੰਦੀ ਸੀ ਅਸਲੀ ਖੇਡ ਸ਼ੁਰੂ

Wednesday, Apr 19, 2023 - 01:30 PM (IST)

ਜੁਗਾੜ ਲਾ ਫਸਾ ਲੈਂਦੇ ਸੀ ATM ਕਾਰਡ, ਫਿਰ ਹੁੰਦੀ ਸੀ ਅਸਲੀ ਖੇਡ ਸ਼ੁਰੂ

ਸਾਹਨੇਵਾਲ (ਜਗਰੂਪ) : ਨਸ਼ੇ ਦੀ ਪੂਰਤੀ ਲਈ ਸ਼ਹਿਰ ਅੰਦਰ ਵਾਹਨ ਚੋਰੀ ਅਤੇ ਏ. ਟੀ. ਐੱਮ. ਧੋਖਾਦੇਹੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ 3 ਮੈਂਬਰੀ ਗਿਰੋਹ ਦਾ ਸਾਹਨੇਵਾਲ ਪੁਲਸ ਨੇ ਪਰਦਾਫਾਸ਼ ਕਰਦੇ ਹੋਏ ਤਿੰਨਾਂ ਦੀ ਗ੍ਰਿਫਤਾਰੀ ਕੀਤੀ ਹੈ। ਇਨ੍ਹਾਂ ਨੌਸਰਬਾਜ਼ਾਂ ਦਾ ਸ਼ਿਕਾਰ ਹੋਣ ਵਾਲੇ ਨੰਦ ਲਾਲ ਚੌਰਸੀਆ ਪੁੱਤਰ ਸ਼ਿਆਮ ਸੁੰਦਰ ਵਾਸੀ ਗਲੀ ਨੰਬਰ-3, ਕਰਮਜੀਤ ਨਗਰ, ਲੁਹਾਰਾ ਨੇ ਦੱਸਿਆ ਕਿ ਬੀਤੀ 11 ਅਪ੍ਰੈਲ ਦੀ ਸ਼ਾਮ ਕਰੀਬ ਸਵਾ 7 ਵਜੇ ਉਹ ਈਸਟਮੈਨ ਫੈਕਟਰੀ ਦੇ ਸਾਹਮਣੇ ਬਣੇ ਹੋਏ ਐਕਸਿਸ ਬੈਂਕ ਦੇ ਏ. ਟੀ. ਐੱਮ. ’ਚੋਂ ਨਕਦੀ ਕੱਢਵਾਉਣ ਲਈ ਗਿਆ ਸੀ, ਜਿੱਥੇ ਪੈਸੇ ਕੱਢਵਾਉਣ ਤੋਂ ਬਾਅਦ ਉਸ ਦਾ ਏ. ਟੀ. ਐੱਮ. ਕਾਰਡ ਸਵੈਪ ਮਸ਼ੀਨ ਦੇ ਅੰਦਰ ਫਸ ਗਿਆ, ਜੋ ਨਿਕਲ ਨਹੀਂ ਰਿਹਾ ਸੀ। ਇਸੇ ਦੌਰਾਨ ਇਕ ਮੁੰਡਾ ਅੰਦਰ ਆਇਆ ਅਤੇ ਮਦਦ ਦੇ ਬਹਾਨੇ ਏ. ਟੀ. ਐੱਮ. ਮਸ਼ੀਨ ਦੇ 'ਤੇ ਲਿਖੇ ਹੋਏ ਇਕ ਫਰਜ਼ੀ ਹੈਲਪ ਲਾਈਨ ਨੰਬਰ ’ਤੇ ਕਾਲ ਕਰ ਕੇ ਗੱਲ ਕਰਨ ਲਈ ਕਿਹਾ ਤਾਂ ਅੱਗੇ ਕਾਲ ਅਟੈਂਡ ਕਰਨ ਵਾਲੇ ਨੇ ਖ਼ੁਦ ਨੂੰ ਕਸਟਮਰ ਕੇਅਰ ਤੋਂ ਗੱਲ ਕਰਦਾ ਹੋਣ ਬਾਰੇ ਦੱਸਿਆ। ਇਸ ਸਮੇਂ ਦੌਰਾਨ ਦੋ ਹੋਰ ਮੁੰਡੇ ਏ. ਟੀ. ਐੱਮ. ਦੇ ਅੰਦਰ ਆਏ ਅਤੇ ਇਸ਼ਾਰਿਆਂ ’ਚ ਹੀ ਕੁੱਝ ਗੱਲਾਂ ਕਰ ਕੇ ਬਾਹਰ ਨਿਕਲ ਗਏ।

ਇਹ ਵੀ ਪੜ੍ਹੋ : ਪੰਜਾਬ ਦੇ ਇਕ ਹੋਰ ਸਾਬਕਾ ਮੰਤਰੀ ਵਿਜੀਲੈਂਸ ਦੀ ਰਾਡਾਰ 'ਤੇ, ਇਸ ਤਾਰੀਖ਼ ਨੂੰ ਕੀਤਾ ਗਿਆ ਤਲਬ

ਕਸਟਮਰ ਕੇਅਰ ਤੋਂ ਗੱਲ ਕਰਨ ਵਾਲੇ ਮੁੰਡੇ ਨੇ ਕਿਹਾ ਕਿ ਏ. ਟੀ. ਐੱਮ. ਦੂਜੇ ਦਿਨ ਬੈਂਕ ਤੋਂ ਆ ਕੇ ਹਾਸਲ ਕਰ ਲੈਣਾ, ਜਿਸ ਤੋਂ ਬਾਅਦ ਨੰਦ ਲਾਲ ਚੌਰਸੀਆ ਏ. ਟੀ. ਐੱਮ. ਕਾਰਡ ਮਸ਼ੀਨ ਦੇ ਅੰਦਰ ਹੀ ਛੱਡ ਕੇ ਚਲਾ ਗਿਆ। ਇਸ ਤੋਂ ਬਾਅਦ ਉਕਤ ਨੌਸਰਬਾਜ਼ਾਂ ਨੇ ਏ. ਟੀ. ਐੱਮ. ਸਵੈਪ ਮਸ਼ੀਨ ’ਚੋਂ ਕੱਢ ਲਿਆ ਅਤੇ ਨੰਦ ਲਾਲ ਦੇ ਖ਼ਾਤੇ ’ਚੋਂ 5 ਹਜ਼ਾਰ ਦੀ ਨਕਦੀ ਕੱਢਵਾ ਲਈ ਅਤੇ ਫਿਰ ਦੂਜੇ ਦਿਨ 25 ਹਜ਼ਾਰ ਦੀ ਨਕਦੀ ਕੱਢਵਾਈ, 8 ਹਜ਼ਾਰ ਦੀ ਪਾਲ ਡਿਪਾਰਟਮੈਂਟਲ ਸਟੋਰ ਤੋਂ ਖ਼ਰੀਦਦਾਰੀ, 49440 ਰੁਪਏ ਖਰਚ ਕਰ ਕੇ 3 ਮੋਬਾਇਲ ਫੋਨ ਖਰੀਦ ਲਏ। ਥਾਣਾ ਮੁਖੀ ਇੰਸ. ਇੰਦਰਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਨੰਦ ਲਾਲ ਚੌਰਸੀਆ ਦੀ ਸ਼ਿਕਾਇਤ ਦੀ ਡੂੰਘਾਈ ਨਾਲ ਕੀਤੀ ਗਈ। ਜਾਂਚ ਤੋਂ ਬਾਅਦ 3 ਮੁਲਜ਼ਮਾਂ ਦੀ ਪਛਾਣ ਕੀਤੀ ਗਈ, ਜਿਸ ’ਚ ਰਾਹੁਲ ਤਿਵਾੜੀ ਪੁੱਤਰ ਅਸੀਸ ਤਿਵਾੜੀ ਵਾਸੀ ਫ਼ੌਜੀ ਕਾਲੋਨੀ, ਸ਼ੇਰਪੁਰ, ਲੁਧਿਆਣਾ, ਅਜੇ ਕੁਮਾਰ ਪੁੱਤਰ ਸ਼ਿਵ ਪ੍ਰਸ਼ਾਦ ਵਾਸੀ ਕਿਸ਼ਨਪੁਰ ਗਰਿੰਟ ਹਾਲ ਵਾਸੀ ਬਾਬਾ ਗੱਜ਼ਾ ਜੈਨ ਕਾਲੋਨੀ, ਮੋਤੀ ਨਗਰ, ਲੁਧਿਆਣਾ ਅਤੇ ਰਾਹੁਲ ਸਿੰਘ ਪੁੱਤਰ ਅਮਰ ਸਿੰਘ ਵਾਸੀ ਸਾਜਨ ਮੋਟਰ, ਭਗਤ ਸਿੰਘ ਕਾਲੋਨੀ, ਮੋਤੀ ਨਗਰ ਦੇ ਰੂਪ ’ਚ ਹੋਈ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਨਿੱਜੀ ਸਕੂਲ ਹੁਣ ਨਹੀਂ ਕਰ ਸਕਣਗੇ ਮਨਮਾਨੀ, ਵਿਭਾਗ ਨੇ ਜਾਰੀ ਕਰ ਦਿੱਤੇ ਹੁਕਮ
ਬੈਂਕਾਂ ਦੇ 18 ਏ. ਟੀ. ਐੱਮ. ਅਤੇ ਹੋਰ ਬਰਾਮਦਗੀ
ਥਾਣਾ ਮੁਖੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਉਕਤ ਤਿੰਨਾਂ ਕੋਲੋਂ ਇਕ ਹੀਰੋ ਸਪਲੈਂਡਰ ਮੋਟਰਸਾਈਕਲ ਰੰਗ ਕਾਲਾ ਨੰਬਰ ਪੀ. ਬੀ.-10-ਸੀ. ਐੱਸ.-2845, 18 ਬੈਂਕਾਂ ਦੇ ਵੱਖ-ਵੱਖ ਏ. ਟੀ. ਐੱਮ., ਵਾਰਦਾਤ ’ਚ ਵਰਤਿਆ ਗਿਆ ਸਿਮ ਕਾਰਡ ਅਤੇ ਫੋਨ, ਹੈਲਪਲਾਈਨ ਨੰਬਰ ਦੀ ਪਰਚੀ, ਠੱਗੀ ਦੇ ਪੈਸੇ ਨਾਲ ਖਰੀਦੇ 3 ਮੋਬਾਇਲ ਫੋਨ, 4 ਜੋੜੇ ਜੁੱਤੀਆਂ ਅਤੇ ਕੱਪੜੇ ਬਰਾਮਦ ਕੀਤੇ ਹਨ। ਥਾਣਾ ਮੁਖੀ ਨੇ ਦੱਸਿਆ ਕਿ ਉਕਤ ਤਿੰਨੋਂ ਨਸ਼ੇ ਦੀ ਪੂਰਤੀ ਲਈ ਠੱਗੀ ਅਤੇ ਵਾਹਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਇਨ੍ਹਾਂ ਖ਼ਿਲਾਫ਼ ਪਹਿਲਾਂ ਕੋਈ ਵੀ ਕੇਸ ਦਰਜ ਨਹੀਂ ਹੈ।
ਇੰਝ ਦਿੰਦੇ ਸੀ ਵਾਰਦਾਤ ਨੂੰ ਅੰਜਾਮ
ਉਕਤ ਨੌਸਰਬਾਜ਼ ਲੇਬਰ ਅਤੇ ਪਰਵਾਸੀ ਮਜ਼ਦੂਰਾਂ ਦੇ ਇਲਾਕਿਆਂ ’ਚ ਸਥਿਤ ਏ. ਟੀ. ਐੱਮ. ਬੂਥਾਂ ’ਤੇ ਆਉਣ ਵਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ। ਏ. ਟੀ. ਐੱਮ. ਮਸ਼ੀਨ ਦੀ ਸਵੈਪ ਮਸ਼ੀਨ ਦੇ ਮੂੰਹ 'ਤੇ ਕੁਇੱਕਫਿਕਸ ਲਗਾ ਕੇ ਕਾਰਡ ਨੂੰ ਮਸ਼ੀਨ ਅੰਦਰ ਫਸਾਉਂਦੇ ਸਨ ਅਤੇ ਫਿਰ ਬਹੁਤ ਹੀ ਚਲਾਕੀ ਨਾਲ ਗਾਹਕ ਦਾ ਪਾਸਵਰਡ ਦਾ ਪਤਾ ਲਗਾ ਕੇ ਠੱਗੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਪੁਲਸ ਤਿੰਨਾਂ ਮੁਲਜ਼ਮਾਂ ਦਾ ਪੁਲਸ ਰਿਮਾਂਡ ਹਾਸਲ ਕਰ ਕੇ ਹੋਰ ਵਾਰਦਾਤਾਂ ਦਾ ਪਤਾ ਲਗਾਉਣ ਦਾ ਦਾਅਵਾ ਕਰ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News