ਏ. ਟੀ. ਐੱਮ. ਰਾਹੀਂ ਧੋਖੇ ਨਾਲ ਕਢਾਏ 41 ਹਜ਼ਾਰ 500 ਰੁਪਏ
Tuesday, Dec 19, 2017 - 06:24 PM (IST)

ਖਰੜ (ਸ. ਹ., ਰਣਬੀਰ, ਅਮਰਦੀਪ) : ਧੋਖੇ ਨਾਲ ਏ. ਟੀ. ਐੱਮ. ਰਾਹੀਂ ਇਥੋਂ ਦੀ ਵਸਨੀਕ ਨਵਪ੍ਰੀਤ ਕੌਰ ਦੇ ਖਾਤੇ 'ਚੋਂ 41 ਹਜ਼ਾਰ 500 ਰੁਪਏ ਕਢਵਾਉਣ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਨਵਪ੍ਰੀਤ ਕੌਰ ਵਲੋਂ ਸਾਈਬਰ ਕਰਾਈਮ ਮੋਹਾਲੀ ਦੇ ਇੰਚਾਰਜ ਨੂੰ ਸ਼ਿਕਾਇਤ ਕੀਤੀ ਹੈ ਕਿ ਉਹ ਸਵਰਾਜ ਨਗਰ ਦੀ ਰਹਿਣ ਵਾਲੀ ਹੈ, ਉਸ ਦਾ ਖਾਤਾ ਖਰੜ ਦੇ ਆਈ. ਡੀ. ਬੀ. ਆਈ. ਬੈਂਕ ਵਿਚ ਹੈ। 17 ਦਸੰਬਰ ਨੂੰ ਰਾਤੀ 11:57 'ਤੇ ਉਸ ਦੇ ਮੋਬਾਇਲ ਤੇ ਇਹ ਮੈਸੇਜ ਆਇਆ ਕਿ ਉਸ ਦੇ ਖਾਤੇ 'ਚੋਂ ਏ. ਟੀ. ਐੱਮ. ਰਾਹੀਂ 10 ਹਜ਼ਾਰ 500 ਰੁਪਏ ਕਢਵਾ ਲਏ ਗਏ ਹਨ। ਇਸ ਉਪਰੰਤ ਉਸ ਦੇ ਮੁਬਾਇਲ 'ਤੇ 12:04 ਤਕ ਮੈਸੇਜ ਆਉਂਦਾ ਰਿਹਾ ਕਿ ਉਸ ਦੇ ਖਾਤੇ 'ਚੋਂ ਏ. ਟੀ. ਐੱਮ. ਰਾਹੀਂ ਪੈਸੇ ਨਿਕਲ ਰਹੇ ਹਨ ਅਤੇ ਉਸ ਦੇ ਖਾਤੇ 'ਚੋਂ ਕੁੱਲ 41 ਹਜ਼ਾਰ 500 ਰੁਪਏ ਕਢਵਾ ਲਏ ਗਏ ਹਨ।
ਇਸ ਉਪਰੰਤ ਜਦੋਂ ਉਸ ਦੇ ਖਾਤੇ ਵਿਚ ਸਿਰਫ 390 ਰੁਪਏ ਰਹਿ ਗਏ ਤਾਂ ਪੈਸੇ ਕਢਵਾਉਣੇ ਬੰਦ ਕਰ ਦਿੱਤੇ ਗਏ। ਉਸ ਨੇ ਲਿਖਿਆ ਹੈ ਕਿ ਉਸ ਵਲੋਂ ਇਸ ਸਬੰਧੀ ਬੈਂਕ ਦੇ ਕਸਟਮਰ ਕੇਅਰ ਸੈਂਟਰ ਤੋਂ ਪਤਾ ਕੀਤਾ ਤਾਂ ਉਸ ਨੂੰ ਸੂਚਨਾ ਮਿਲੀ ਕਿ ਇਹ ਪੈਸੇ ਅਜ਼ਮੇਰ (ਰਾਜਸਥਾਨ) ਤੋਂ ਕਢਵਾਏ ਗਏ ਹਨ ਜਦੋਂ ਕਿ ਸ਼ਿਕਾਇਤਕਰਤਾ ਖਰੜ ਵਿਖੇ ਰਹਿ ਰਹੀ ਹੈ। ਉਸ ਨੇ ਮੰਗ ਕੀਤੀ ਹੈ ਕਿ ਇਸ ਸਬੰਧੀ ਜਾਂਚ ਕੀਤੀ ਜਾਵੇ ਉਸ ਵਲੋਂ ਆਪਣੀ ਸ਼ਿਕਾਇਤ ਦੀ ਕਾਪੀ ਖਰੜ ਥਾਣੇ ਵਿਚ ਵੀ ਦਿੱਤੀ ਗਈ ਹੈ ਜਿਥੇ ਉਨ੍ਹਾਂ ਵਲੋਂ ਜ਼ਰੂਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।