ਆਈ. ਸੀ. ਪੀ. ਦੇ ਕੁਲੀਆਂ, ਮਜ਼ਦੂਰਾਂ ਅਤੇ ਵਪਾਰੀਆਂ ਲਈ ਮਾੜਾ ਸਾਲ ਰਿਹਾ 2019

Tuesday, Dec 31, 2019 - 02:32 PM (IST)

ਅੰਮ੍ਰਿਤਸਰ (ਨੀਰਜ) : ਆਈ. ਸੀ. ਪੀ. ਅਟਾਰੀ ਬਾਰਡਰ 'ਤੇ ਕੰਮ ਕਰਨ ਵਾਲੇ ਕੁਲੀਆਂ, ਮਜ਼ਦੂਰਾਂ, ਵਪਾਰੀਆਂ ਅਤੇ ਟਰਾਂਸਪੋਰਟਰਾਂ ਲਈ ਸਾਲ 2019 ਮਾੜਾ ਰਿਹਾ ਹੈ ਕਿਉਂਕਿ ਪੁਲਵਾਮਾ ਹਮਲੇ ਤੋਂ ਬਾਅਦ 16 ਫਰਵਰੀ ਤੋਂ ਭਾਰਤ ਸਰਕਾਰ ਨੇ ਪਾਕਿਸਤਾਨ ਤੋਂ ਆਯਾਤ 'ਤੇ 200 ਫ਼ੀਸਦੀ ਕਸਟਮ ਡਿਊਟੀ ਲਾ ਦਿੱਤੀ ਸੀ। ਇਸ ਭਾਰੀ ਭਰਕਮ ਡਿਊਟੀ ਕਾਰਣ ਪਾਕਿਸਤਾਨ ਤੋਂ ਹੋਣ ਵਾਲਾ ਆਯਾਤ ਬਿਲਕੁੱਲ ਬੰਦ ਹੋ ਗਿਆ। ਕੁਝ ਦਿਨਾਂ ਬਾਅਦ ਪਾਕਿਸਤਾਨ ਦੀ ਸਰਕਾਰ ਨੇ ਵੀ ਭਾਰਤ ਤੋਂ ਨਿਰਯਾਤ ਬਿਲਕੁਲ ਬੰਦ ਕਰ ਦਿੱਤਾ, ਜਿਸ ਨਾਲ ਦੋਵੇਂ ਪਾਸੇ ਦਾ ਆਯਾਤ-ਨਿਰਯਾਤ ਬੰਦ ਹੋ ਗਿਆ। ਕਸਟਮ ਵਿਭਾਗ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਲਗਭਗ ਚਾਰ ਹਜ਼ਾਰ ਕਰੋੜ ਦਾ ਆਯਾਤ ਬਿਲਕੁੱਲ ਬੰਦ ਹੋ ਗਿਆ। 

ਇਸ ਤੋਂ ਆਈ. ਸੀ. ਪੀ. ਅਟਾਰੀ 'ਤੇ ਕੰਮ ਕਰਨ ਵਾਲੇ ਪੰਜ ਹਜ਼ਾਰ ਤੋਂ ਜ਼ਿਆਦਾ ਕੁਲੀ, ਦੋ ਤੋਂ ਤਿੰਨ ਹਜ਼ਾਰ ਮਜ਼ਦੂਰ, ਹੈਲਪਰ, ਟਰਾਂਸਪੋਟਰ, ਸੀ. ਐੱਚ. ਏ., ਟਰਾਂਸਪੋਰਟਰਾਂ ਦੇ ਕਰਮਚਾਰੀ ਅਤੇ ਹੋਰ ਵੱਖ-ਵੱਖ ਪ੍ਰਾਈਵੇਟ ਕਰਮਚਾਰੀ ਪਿਛਲੇ 10 ਮਹੀਨਿਆਂ ਤੋਂ ਬੇਰੋਜ਼ਗਾਰ ਬੈਠੇ ਹੋਏ ਹਨ। ਸੀਮਾਵਰਤੀ ਜ਼ਿਲਾ ਹੋਣ ਕਾਰਣ ਇਨ੍ਹਾਂ ਬੇਰੋਜ਼ਗਾਰ ਲੋਕਾਂ ਦੇ ਕੋਲ ਕਮਾਈ ਦਾ ਕੋਈ ਹੋਰ ਸਾਧਨ ਵੀ ਨਹੀਂ ਹੈ। ਹਰ ਕੋਈ ਇਹ ਉਮੀਦ ਲਾਈ ਬੈਠਾ ਹੈ ਕਿ ਸਾਲ 2020 ਵਿਚ ਪਾਕਿਸਤਾਨ ਦੇ ਨਾਲ ਵਪਾਰਕ ਰਿਸ਼ਤੇ ਇਕੋ ਜਿਹੇ ਹੋਣਗੇ ਅਤੇ ਉਨ੍ਹਾਂ ਦਾ ਰੋਜ਼ਗਾਰ ਫਿਰ ਤੋਂ ਚੱਲੇਗਾ।


Gurminder Singh

Content Editor

Related News