ਸ਼ਾਮੀਂ 5 ਵੱਜਦੇ ਹੀ ਵੱਜੇ ਹੂਟਰ ਅਤੇ ਮਚ ਗਈ ਤਰਥੱਲੀ
Wednesday, Apr 28, 2021 - 12:21 AM (IST)
ਜਲੰਧਰ (ਖੁਰਾਣਾ)–ਕੋਰੋਨਾ ਵਾਇਰਸ ਦੀ ਲਹਿਰ ਦੌਰਾਨ ਵਧਦੇ ਕੇਸਾਂ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਅੱਜ ਜਿਹੜੀਆਂ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ, ਉਨ੍ਹਾਂ ਤਹਿਤ ਸਾਰੀਆਂ ਦੁਕਾਨਾਂ ਅਤੇ ਬਾਜ਼ਾਰਾਂ ਨੂੰ ਸ਼ਾਮ 5 ਵਜੇ ਬੰਦ ਕਰਨ ਦੇ ਹੁਕਮ ਦਿੱਤੇ ਗਏ। ਅੱਜ ਸ਼ਾਮੀਂ 5 ਵੱਜਦੇ ਹੀ ਸਾਰੇ ਥਾਣਿਆਂ ਦੀ ਪੁਲਸ ਨੇ ਜਿਪਸੀਆਂ, ਗੱਡੀਆਂ ਆਦਿ ਕੱਢ ਕੇ ਮੇਨ ਬਾਜ਼ਾਰਾਂ ਤੇ ਸੜਕਾਂ ’ਤੇ ਹੂਟਰ ਵਜਾਉਣੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਆਮ ਲੋਕਾਂ ਅਤੇ ਦੁਕਾਨਦਾਰਾਂ ਵਿਚ ਤਰਥੱਲੀ ਮਚ ਗਈ ਅਤੇ ਧੜਾਧੜ ਬਾਜ਼ਾਰ ਬੰਦ ਹੋਣੇ ਸ਼ੁਰੂ ਹੋ ਗਏ।
ਸ਼ਾਮ 5 ਵਜੇ ਦੇ ਲਗਭਗ ਸ਼ਹਿਰ ਦੀਆਂ ਸਾਰੀਆਂ ਸੜਕਾਂ ’ਤੇ ਅਜਿਹੀ ਭੀੜ ਦੇਖੀ ਗਈ ਜਿਵੇਂ ਕੋਈ ਮੇਲਾ ਖਤਮ ਹੋਇਆ ਹੋਵੇ। ਪੁਲਸ ਦੀ ਸਖ਼ਤੀ ਕਾਰਨ ਮੇਨ ਬਾਜ਼ਾਰਾਂ ਅਤੇ ਸੜਕਾਂ ’ਤੇ ਤਾਂ ਸਾਰੀਆਂ ਦੁਕਾਨਾਂ ਬੰਦ ਰਹੀਆਂ ਪਰ ਮੁਹੱਲਿਆਂ ਤੇ ਗਲੀਆਂ ਵਿਚ ਸਥਿਤ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰਨ ਵਿਚ ਥੋੜ੍ਹੀ ਝਿਜਕ ਵੀ ਦਿਖਾਈ। ਸਰਕਾਰ ਦੇ ਨਵੇਂ ਹੁਕਮਾਂ ਵਿਰੁੱਧ ਲੋਕਾਂ ਵਿਚ ਗੁੱਸਾ ਵੀ ਦੇਖਿਆ ਜਾ ਰਿਹਾ ਹੈ।
ਅੱਧੇ-ਅਧੂਰੇ ਲਾਕਡਾਊਨ ਨਾਲੋਂ ਹਫਤੇ ਲਈ ਸਭ ਕੁਝ ਕਰ ਦਿਓ ਬੰਦ
* ਕਾਰੋਬਾਰੀ ਆਗੂ ਅਮਿਤ ਸਹਿਗਲ ਨੇ ਕੀਤੀ ਮੰਗ
ਕਾਰੋਬਾਰੀ ਆਗੂ ਅਮਿਤ ਸਹਿਗਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅੱਧਾ-ਅਧੂਰਾ ਲਾਕਡਾਊਨ ਲਾਉਣ ਨਾਲੋਂ ਇਕ ਹਫਤੇ ਲਈ ਪੂਰਾ ਲਾਕਡਾਊਨ ਲਾ ਦਿੱਤਾ ਜਾਵੇ ਅਤੇ ਹਰ ਤਰ੍ਹਾਂ ਦੇ ਕਾਰੋਬਾਰ ਬੰਦ ਕਰ ਦਿੱਤੇ ਜਾਣ ਤਾਂ ਕਿ ਕੋਰੋਨਾ ਦੀ ਚੇਨ ਨੂੰ ਤੋੜਿਆ ਜਾ ਸਕੇ।
ਸਹਿਗਲ ਨੇ ਕਿਹਾ ਕਿ ਸ਼ਾਮੀਂ 5 ਵਜੇ ਦੁਕਾਨਾਂ ਬੰਦ ਕਰਨ ਦਾ ਫੈਸਲਾ ਵੀ ਸਹੀ ਨਹੀਂ ਹੈ ਕਿਉਂਕਿ ਇਸ ਨਾਲ ਕਾਰੋਬਾਰ ਪੂਰੀ ਤਰ੍ਹਾਂ ਤਬਾਹ ਹੋ ਰਹੇ ਹਨ। ਦੁਕਾਨਦਾਰ ਮਹਾਮਾਰੀ ਦੇ ਮਾਮਲੇ ਵਿਚ ਸਰਕਾਰ ਨੂੰ ਹਰ ਸੰਭਵ ਸਹਿਯੋਗ ਦੇਣ ਲਈ ਤਿਆਰ ਹਨ ਪਰ ਅੱਧੇ-ਅਧੂਰੇ ਲਾਕਡਾਊਨ ਨਾਲ ਕੋਰੋਨਾ ਦੀ ਚੇਨ ਨਹੀਂ ਟੁੱਟੇਗੀ ਪਰ ਕਾਰੋਬਾਰਾਂ ਦਾ ਭੱਠਾ ਬੈਠ ਜਾਵੇਗਾ। ਇਸ ਮਾਮਲੇ ਵਿਚ ਸਰਕਾਰ ਸਹੀ ਕਦਮ ਚੁੱਕੇ ਤਾਂ ਕਿ ਕੋਰੋਨਾ ਨਾਲ ਜੰਗ ਵਿਚ ਜਿੱਤ ਹਾਸਲ ਕੀਤੀ ਜਾ ਸਕੇ।