ਸਾਡੀ ਸਰਕਾਰ ਬਣਨ ਮਗਰੋਂ ਸੁਧਰੇ ਪੰਜਾਬ ਦੇ ਹਾਲਾਤ, ਹੁਣ ਗ਼ਰੀਬਾਂ ਦੇ ਬੱਚੇ ਬਣ ਰਹੇ ਡਾਕਟਰ-ਇੰਜੀਨੀਅਰ : ਕੇਰਜੀਵਾਲ
Thursday, Jul 31, 2025 - 03:29 PM (IST)

ਸੰਗਰੂਰ/ਜਲੰਧਰ (ਵੈੱਬ ਡੈਸਕ)- ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਅੱਜ ਸੰਗਰੂਰ ਦੇ ਸੁਨਾਮ ਵਿਚ ਇਕ ਸੂਬਾ ਪੱਧਰੀ ਸਮਾਗਮ ਰੱਖਿਆ ਗਿਆ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ 85 ਕਰੋੜ ਦੀਆਂ ਯੋਜਨਾਵਾਂ ਦੀ ਸ਼ੁਰੂਆਤ ਕੀਤੀ ਗਈ। ਆਪਣੇ ਸੰਬੋਧਨ ਦੌਰਾਨ ਅਰਵਿੰਦ ਕੇਜਰੀਵਾਲ ਨੇ ਸ਼ਹੀਦ ਊਧਮ ਸਿੰਘ ਜੀ ਦੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਕਿਹਾ ਕਿ ਮੇਰੇ ਲਈ ਸਨਮਾਨ ਦੀ ਗੱਲ ਹੈ ਕਿ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਮੈਨੂੰ ਸੂਬਾ ਪੱਧਰੀ ਪ੍ਰੋਗਰਾਮ ਵਿਚ ਸ਼ਿਰਕਤ ਹੋਣ ਦਾ ਮੌਕਾ ਮਿਲਿਆ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਰੂਹ ਕੰਬਾਊ ਵਾਰਦਾਤ! Gym ਦੇ ਬਾਹਰ ਮੁੰਡੇ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਉਨ੍ਹਾਂ ਸ਼ਹੀਦ ਊਧਮ ਸਿੰਘ ਨੂੰ ਯਾਦ ਕਰਦਿਆਂ ਕਿਹਾ ਕਿ ਆਪਣੀ ਜਵਾਨੀ ਅਤੇ ਜ਼ਿੰਦਗੀ ਦੀ ਸ਼ਹਾਦਤ ਦੇਣਾ ਕੋਈ ਸੌਖਾ ਕੰਮ ਨਹੀਂ ਹੈ, ਇਹ ਬਹੁਤ ਹੀ ਵੱਡੀ ਗੱਲ ਹੈ। ਉਨ੍ਹਾਂ ਕਿਹਾ ਕਿ ਪਤਾ ਨਹੀਂ ਕਿੰਨੇ ਲੋਕਾਂ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸ਼ਹੀਦੀਆਂ ਦੇਣ ਵਾਲਿਆਂ ਦਾ ਇਕ ਸੁਫ਼ਨਾ ਸੀ ਕਿ ਇਕ ਦਿਨ ਦੇਸ਼ ਆਜ਼ਾਦ ਹੋਵੇਗਾ ਅਤੇ ਦੇਸ਼ ਆਜ਼ਾਦ ਹੋਣ ਦੇ ਬਾਅਦ ਪੂਰੇ ਦੇਸ਼ ਦੇ ਅੰਦਰ ਸਾਰਿਆਂ ਨੂੰ ਆਪਣੇ ਹੱਕ ਮਿਲਣੇ ਸ਼ੁਰੂ ਹੋਣਗੇ। ਉਨ੍ਹਾਂ ਕਿਹਾ ਦੇਸ਼ ਆਜ਼ਾਦ ਹੋਏ ਨੂੰ ਅੱਜ 75 ਸਾਲ ਤੋਂ ਵਧੇਰੇ ਸਾਲ ਹੋ ਗਏ ਹਨ, ਮੈਂ ਸੋਚ ਰਿਹਾ ਸੀ ਕਿ ਸ਼ਹੀਦੀਆਂ ਦੇਣ ਵਾਲੇ ਉਪਰੋਂ ਵੇਖਦੇ ਹੋਣਗੇ ਕਿ ਕੀ ਅਸੀਂ ਅਜਿਹੇ ਹਾਲਾਤ ਲਈ ਕੋਈ ਕੁਰਬਾਨੀ ਦਿੱਤੀ ਸੀ।
ਇਹ ਵੀ ਪੜ੍ਹੋ: ਅਚਾਨਕ ਵਧੀ ਬਿਜਲੀ ਦੀ ਮੰਗ, ਹੈਰਾਨ ਕਰਨ ਵਾਲੇ ਅੰਕੜੇ ਆਏ ਸਾਹਮਣੇ
ਇਸ ਦੌਰਾਨ ਅਰਵਿੰਦ ਕੇਜਰੀਵਾਲ ਵੱਲੋਂ ਪਿਛਲੀਆਂ ਸਰਕਾਰਾਂ 'ਤੇ ਤੰਜ ਕੱਸੇ ਗਏ। ਉਨ੍ਹਾਂ ਕਿਹਾ ਕਿ 2022 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਪਰ ਉਸ ਤੋਂ ਪਹਿਲਾਂ ਪਿਛਲੀਆਂ ਸਰਕਾਰਾਂ ਨੇ ਹਾਲਾਤ ਬੇਹੱਦ ਖ਼ਰਾਬ ਕਰ ਦਿੱਤੇ। ਪਿਛਲੀਆਂ ਸਰਕਾਰਾਂ ਨੇ ਪੂਰੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਸੀ ਅਤੇ ਘਰ-ਘਰ ਵਿਚ ਨਸ਼ਾ ਵੇਚਣ ਦਾ ਕੰਮ ਸ਼ੁਰੂ ਹੋ ਗਿਆ ਸੀ। ਪੰਜਾਬ ਦਾ ਸਾਰਾ ਪੈਸਾ ਪਿਛਲੀਆਂ ਸਰਕਾਰਾਂ ਨੇ ਲੁੱਟਿਆ ਹੈ। ਹੁਣ ਪਿਛਲੇ ਤਿੰਨ ਸਾਲਾਂ ਤੋਂ ਪੰਜਾਬ ਦੇ ਹਾਲਾਤ ਸੁਧਰਣ ਲੱਗੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਭਗਵਾਨ ਨਾ ਕਰੇ ਕਿ ਕਾਂਗਰਸ, ਅਕਾਲੀ ਤੇ ਭਾਜਪਾ ਦੀਆਂ ਸਰਕਾਰਾਂ ਦੋਬਾਰਾ ਆਉਣ। ਬੜੀ ਮੁਸ਼ਕਿਲ ਨਾਲ ਪੰਜਾਬ ਦੇ ਹਾਲਾਤ ਹੁਣ ਸੁਧਰਣ ਲੱਗੇ ਹਨ। ਪਿਛਲੇ ਇਕ ਸਾਲ ਤੋਂ ਹੁਣ ਗ਼ਰੀਬਾਂ ਦੇ ਬੱਚੇ ਡਾਕਟਰ, ਇੰਜੀਨੀਅਰ ਅਤੇ ਵਕੀਲ ਬਣ ਰਹੇ ਹਨ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਬੜੀ ਮੁਸ਼ਕਿਲ ਦੇ ਨਾਲ ਹੁਣ ਪੰਜਾਬ ਦੇ ਹਾਲਾਤ ਸੁਧਰਣ ਲੱਗੇ ਹਨ। ਪੰਜਾਬ ਵਿਚੋਂ ਨਸ਼ਾ ਖ਼ਤਮ ਹੋਣ ਲੱਗਾ ਹੈ। ਜਿਹੜੇ ਪਰਿਵਾਰ ਬਰਬਾਦ ਹੋ ਗਏ ਸਨ, ਉਨ੍ਹਾਂ ਨੂੰ ਹੁਣ ਇਕ ਉਮੀਦ ਦੀ ਕਿਰਨ ਮਿਲਣ ਲੱਗੀ ਹੈ ਕਿ ਉਨ੍ਹਾਂ ਦੇ ਬੱਚੇ ਹੁਣ ਨਸ਼ਾ ਛੱਡ ਕੇ ਕੰਮਕਾਜ ਕਰਨ ਲੱਗੇ ਹਨ। ਬਿਕਰਮ ਸਿੰਘ ਮਜੀਠੀਆ ਦਾ ਨਾਂ ਲਏ ਬਿਨ੍ਹਾਂ ਕੇਜਰੀਵਾਲ ਨੇ ਕਿਹਾ ਕਿ ਵੱਡੇ-ਵੱਡੇ ਨਸ਼ਾ ਸਮੱਗਲਰ ਫੜ੍ਹੇ ਜਾ ਚੁੱਕੇ ਹਨ, ਜੋ ਕਿ ਜੇਲ੍ਹਾਂ ਵਿਚ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਸਰਕਾਰੀ ਜ਼ਮੀਨਾਂ 'ਤੇ ਕਬਜ਼ਿਆਂ ਨੂੰ ਲੈ ਕੇ ਨਵੇਂ ਹੁਕਮ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e