ਜਲੰਧਰ: ਨਕਲੀ ਸ਼ਰਾਬ ਦੀ ਫੈਕਟਰੀ ’ਚ ਕੀਤੀ ਰੇਡ, ਭਾਜਪਾ ਨੇਤਾ ਰਾਜਨ, ਸ਼ੀਤਲ ਅਤੇ ਸੰਨੀ ਅੰਗੁਰਾਲ ਨਾਮਜ਼ਦ
Thursday, Jun 17, 2021 - 10:24 AM (IST)
ਜਲੰਧਰ (ਜ. ਬ.)–ਐਕਸਾਈਜ਼ ਮਹਿਕਮੇ ਵੱਲੋਂ ਧੋਗੜੀ ਰੋਡ ’ਤੇ ਪਿੰਡ ਸਮਸਤੀਪੁਰ ਸਥਿਤ ਇਕ ਨਕਲੀ ਸ਼ਰਾਬ ਬਣਾਉਣ ਦੀ ਫੈਕਟਰੀ ’ਤੇ ਪੁਲਸ ਸਮੇਤ ਰੇਡ ਕੀਤੀ ਗਈ, ਜਿਥੋਂ ਐਕਸਾਈਜ਼ ਮਹਿਕਮੇ ਅਤੇ ਪੁਲਸ ਵੱਲੋਂ ਨਕਲੀ ਸ਼ਰਾਬ ਬਣਾਉਣ ਦੀ ਮਸ਼ੀਨ, ਬਾਟਲਿੰਗ ਮਸ਼ੀਨ, ਸ਼ਰਾਬ ਬਣਾਉਣ ਦਾ ਮਸਾਲਾ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ। ਐਕਸਾਈਜ਼ ਮਹਿਕਮੇ ਨੇ ਨਾਗਰਾ ਦੇ ਨਾਲ ਲੱਗਦੇ ਇਲਾਕੇ ਸ਼ਿਵ ਨਗਰ ਵਿਚ ਸਥਿਤ ਕੋਠੀ ਵਿਚੋਂ ਸ਼ਰਾਬ ਦੀਆਂ ਬੋਤਲਾਂ ਦੇ ਢੱਕਣ ਵੀ ਬਰਾਮਦ ਕੀਤੇ ਹਨ। ਐੱਸ. ਐੱਸ. ਪੀ. ਨਵੀਨ ਸਿੰਗਲਾ ਨੇ ਕਿਹਾ ਕਿ ਮਾਮਲੇ ਨੂੰ ਲੈ ਕੇ ਭਾਜਪਾ ਨੇਤਾ ਰਾਜਨ ਅੰਗੁਰਾਲ, ਉਸਦੇ ਭਰਾਵਾਂ ਸ਼ੀਤਲ ਅੰਗੁਰਾਲ ਅਤੇ ਸੰਨੀ ਅੰਗੁਰਾਲ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਤਿੰਨੋਂ ਮੁਲਜ਼ਮ ਇਸ ਸਮੇਂ ਫ਼ਰਾਰ ਹਨ, ਜਿਨ੍ਹਾਂ ਨੂੰ ਜਲਦੀ ਫੜ ਲਿਆ ਜਾਵੇਗਾ।
ਇਹ ਵੀ ਪੜ੍ਹੋ: ਹਲਕਾ ਸਾਹਨੇਵਾਲ 'ਚ ਵੱਡੀ ਵਾਰਦਾਤ, ਕਰੀਬ 21 ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਵਿਅਕਤੀ ਦਾ ਕਤਲ
ਜਾਣਕਾਰੀ ਅਨੁਸਾਰ ਚੰਡੀਗੜ੍ਹ ਸਥਿਤ ਐਕਸਾਈਜ਼ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਇਨਪੁੱਟ ਮਿਲੇ ਸਨ ਕਿ ਆਦਮਪੁਰ ਦੇ ਧੋਗੜੀ ਰੋਡ ’ਤੇ ਸਥਿਤ ਇਕ ਫੈਕਟਰੀ ਵਿਚ ਨਕਲੀ ਸ਼ਰਾਬ ਬਣਦੀ ਹੈ, ਜਿਸ ਨੂੰ ਬਾਟਲਿੰਗ (ਬੋਤਲ ਪੈਕਿੰਗ) ਕਰਨ ਤੋਂ ਬਾਅਦ ਮਹਿੰਗੇ ਰੇਟ ’ਤੇ ਵੇਚਿਆ ਜਾ ਰਿਹਾ ਹੈ। ਇੰਨਾ ਹੀ ਨਹੀਂ, ਮੋਹਾਲੀ ਅਤੇ ਚੰਡੀਗੜ੍ਹ ਵਿਚ ਵੀ ਇਹ ਸ਼ਰਾਬ ਸਪਲਾਈ ਕੀਤੀ ਜਾ ਰਹੀ ਹੈ, ਜਿਸ ’ਤੇ ਏ. ਆਈ. ਜੀ. ਅਮਰਪ੍ਰੀਤ ਸਿੰਘ ਨੇ ਜਲੰਧਰ ਸਥਿਤ ਐਕਸਾਈਜ਼ ਮਹਿਕਮੇ ਨਾਲ ਉਕਤ ਇਨਪੁੱਟ ਸ਼ੇਅਰ ਕਰਨ ਤੋਂ ਬਾਅਦ ਜੁਆਇੰਟ ਰੇਡ ਕੀਤੀ। ਮਹਿਕਮੇ ਨੂੰ ਪਤਾ ਲੱਗਾ ਸੀ ਕਿ ਉਕਤ ਫੈਕਟਰੀ ਭਾਜਪਾ ਨੇਤਾ ਚਲਾ ਰਿਹਾ ਹੈ, ਜਿਸ ’ਤੇ ਵਿਭਾਗ ਵੱਲੋਂ ਜਦੋਂ ਅੱਜ ਰੇਡ ਕੀਤੀ ਗਈ ਤਾਂ ਉਕਤ ਫੈਕਟਰੀ ਵਿਚ ਰਾਜਨ ਅੰਗੁਰਾਲ ਸਮੇਤ ਉਸ ਦੇ ਵਰਕਰ ਮੌਜੂਦ ਸਨ।
ਇਹ ਵੀ ਪੜ੍ਹੋ: ਜਲੰਧਰ: ਕੋਰੋਨਾ ਨੇ ਦੂਰ ਕੀਤੇ ਆਪਣੇ, ਮਰੀਜ਼ ਦੀ ਮੌਤ ਦੇ 10 ਦਿਨਾਂ ਬਾਅਦ ਵੀ ਲਾਸ਼ ਲੈਣ ਨਹੀਂ ਪੁੱਜਾ ਪਰਿਵਾਰ
ਐਕਸਾਈਜ਼ ਮਹਿਕਮੇ ਨਾਲ ਐੱਸ. ਪੀ. ਕਪੂਰਥਲਾ, ਏ. ਐੱਸ. ਪੀ. ਭਰਤ ਸਮੇਤ ਹੋਰ ਪੁਲਸ ਅਧਿਕਾਰੀ ਵੀ ਮੌਜੂਦ ਸਨ, ਜਿਨ੍ਹਾਂ ਨਾਲ ਰਾਜਨ ਅੰਗੁਰਾਲ ਨੇ ਹੱਥੋਪਾਈ ਵੀ ਕੀਤੀ। ਇਸ ਹੱਥੋਪਾਈ ਤੋਂ ਬਾਅਦ ਪੁਲਸ ਦੇ ਚੁੰਗਲ ਵਿਚੋਂ ਮੁਲਜ਼ਮ ਫਰਾਰ ਹੋ ਗਏ। ਹਾਲਾਂਕਿ ਪੁਲਸ ਵੱਲੋਂ ਪੂਰੀ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਅਤੇ ਫੈਕਟਰੀ ਤੋਂ ਸ਼ਰਾਬ ਬਣਾਉਣ ਦੀ ਮਸ਼ੀਨ ਸਮੇਤ ਹੋਰ ਸਾਮਾਨ ਵੀ ਕਬਜ਼ੇ ਵਿਚ ਲੈ ਲਿਆ ਗਿਆ।
ਇਸ ਰੇਡ ਦੌਰਾਨ ਐਕਸਾਈਜ਼ ਅਤੇ ਪੁਲਸ ਦੀ ਇਕ ਟੀਮ ਥਾਣਾ ਨੰਬਰ 1 ਅਧੀਨ ਆਉਂਦੇ ਸ਼ਿਵ ਨਗਰ ਨਾਗਰਾ ਇਲਾਕੇ ਵਿਚ ਰੇਡ ਕਰਨ ਗਈ। ਉਥੇ ਸ਼ਿਵ ਨਗਰ ਵਿਚ ਰਹਿੰਦੇ ਇਕ ਸੂਰਜ ਨਾਮਕ ਵਿਅਕਤੀ ਦੀ ਕੋਠੀ ’ਤੇ ਰੇਡ ਕੀਤੀ ਗਈ ਤਾਂ ਉਕਤ ਮਕਾਨ ਤੋਂ ਪੁਲਸ ਨੂੰ 6 ਬੋਰੇ ਸ਼ਰਾਬ ਦੀਆਂ ਬੋਤਲਾਂ ਦੇ ਢੱਕਣ ਬਰਾਮਦ ਹੋਏ। ਇਸ ਦੇ ਨਾਲ-ਨਾਲ ਸ਼ਰਾਬ ਦੀਆਂ ਬੋਤਲਾਂ ’ਤੇ ਲਗਾਉਣ ਵਾਲਾ ਲੇਬਲ ਵੀ ਬਰਾਮਦ ਹੋਇਆ। ਓਧਰ ਐੱਸ. ਐੱਸ. ਪੀ. ਨਵੀਨ ਸਿੰਗਲਾ ਨੇ ਕਿਹਾ ਕਿ ਭਾਜਪਾ ਨੇਤਾ ਰਾਜਨ ਅੰਗੁਰਾਲ, ਸ਼ੀਤਲ ਅੰਗੁਰਾਲ ਅਤੇ ਸੰਨੀ ਅੰਗੁਰਾਲ ਵੱਲੋਂ ਪੁਲਸ ਦੇ ਨਾਲ ਧੱਕਾ-ਮੁੱਕੀ ਅਤੇ ਬਹਿਸਬਾਜ਼ੀ ਕੀਤੀ ਗਈ, ਜਿਸ ਤੋਂ ਬਾਅਦ ਆਈ. ਪੀ. ਸੀ. ਦੀ ਧਾਰਾ 353, 186, 120-ਬੀ, 420, 332, ਐਕਸਾਈਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ।
ਮਾਰਕੁੱਟ, ਰੰਗਦਾਰੀ ਅਤੇ ਜੂਏ ਦੇ ਮਾਮਲਿਆਂ ’ਚ ਨਾਮਜ਼ਦ ਹਨ ਅੰਗੁਰਾਲ ਭਰਾ
ਅੰਗੁਰਾਲ ਭਰਾਵਾਂ ਦੀ ਚਰਚਾ ਪੂਰੇ ਸ਼ਹਿਰ ਵਿਚ ਹੈ ਕਿਉਂਕਿ ਰਾਜਨ ਅਤੇ ਸ਼ੀਤਲ ਦੋਵੇਂ ਹੀ ਬਦਮਾਸ਼ੀ ਕਰਨ ਲਈ ਚਰਚਾ ਵਿਚ ਰਹਿੰਦੇ ਹਨ। ਦੋਵਾਂ ’ਤੇ ਕੁੱਟਮਾਰ, ਹੱਿਤਆ ਦੀ ਕੋਸ਼ਿਸ਼, ਰੰਗਦਾਰੀ ਵਸੂਲਣ ਅਤੇ ਜੂਆ ਖੇਡਣ ਵਰਗੇ ਸੰਗੀਨ ਮਾਮਲੇ ਦਰਜ ਹਨ। ਕਈ ਕੇਸ ਤਾਂ ਅਦਾਲਤ ਿਵਚ ਵਿਚਾਰ ਅਧੀਨ ਹਨ। ਇੰਨਾ ਹੀ ਨਹੀਂ, ਸ਼ਰਾਬ ਸਮੱਗਲਿੰਗ ਵਰਗੇ ਕੰਮ ਪਿੱਛੇ ਇਕ ਵੱਡੇ ਰਾਜਨੇਤਾ ਦੀ ਸ਼ਹਿ ਬਾਰੇ ਤਾਂ ਪੂਰਾ ਜਲੰਧਰ ਸ਼ਹਿਰ ਵੀ ਜਾਣਦਾ ਹੈ, ਜੋ ਕਿਸੇ ਸਮੇਂ ਪਾਣੀ ਦੀਆਂ ਪਾਈਪਾਂ ਠੀਕ ਕਰਨ ਦੇ ਨਾਂ ਤੋਂ ਮਸ਼ਹੂਰ ਸੀ।
ਇਹ ਵੀ ਪੜ੍ਹੋ: ਜੱਦੀ ਪਿੰਡ ਪਹੁੰਚੀ ਸੈਨਿਕ ਦੀ ਮ੍ਰਿਤਕ ਦੇਹ, 7 ਸਾਲਾ ਪੁੱਤ ਨੇ ਮੁੱਖ ਅਗਨੀ ਦੇ ਕੇ ਪਿਤਾ ਨੂੰ ਦਿੱਤੀ ਅੰਤਿਮ ਵਿਦਾਈ
ਸਾਬਕਾ ਮੰਤਰੀ ਅਤੇ ਮੌਜੂਦਾ ਸਮੇਂ ’ਚ ਅਹਿਮ ਸਰਕਾਰੀ ਅਹੁਦੇ ’ਤੇ ਤਾਇਨਾਤ ਭਾਜਪਾ ਨੇਤਾ ਦੇ ਬੇਹੱਦ ਕਰੀਬੀ
ਉਥੇ ਹੀ ਅੰਗੁਰਾਲ ਭਰਾਵਾਂ ਦਾ ਆਕਾ ਸ਼ਹਿਰ ਵਿਚ ਸਿਰਫ ਇਕ ਹੀ ਹੈ, ਜੋ ਪਹਿਲਾਂ ਸਾਬਕਾ ਮੰਤਰੀ ਅਤੇ ਮੌਜੂਦਾ ਸਮੇਂ ’ਚ ਅਹਿਮ ਸਰਕਾਰੀ ਅਹੁਦੇ ’ਤੇ ਤਾਇਨਾਤ ਇਕ ਭਾਜਪਾ ਨੇਤਾ ਹੈ। ਦੋਵੇਂ ਹੀ ਉਸਦੇ ਨਜ਼ਦੀਕੀ ਦੱਸੇ ਜਾਂਦੇ ਹਨ। ਇੰਨਾ ਹੀ ਨਹੀਂ, ਉਕਤ ਭਾਜਪਾ ਨੇਤਾ ਦਾ ਇਕ ਰਿਸ਼ਤੇਦਾਰ ਸ਼ਹਿਰ ਦੀ ਇਕ ਔਰਤ ਨਾਲ ਸਕੈਂਡਲ ਵਿਚ ਵੀ ਫਸਿਆ ਸੀ, ਜਿਸ ਕਾਰਨ ਉਕਤ ਨੇਤਾ ਦੀ ਕਾਫ਼ੀ ਬਦਨਾਮੀ ਵੀ ਹੋਈ ਸੀ, ਹਾਲਾਂਕਿ ਉਕਤ ਭਾਜਪਾ ਨੇਤਾ ਅੱਜਕਲ ਕਿਸੇ ਵੱਡੇ ਪੁਲਸ ਅਧਿਕਾਰੀ ਨਾਲ ਸੰਪਰਕ ਬਣਾਉਣ ਵਿਚ ਜੁਟਿਆ ਹੋਇਆ ਹੈ ਅਤੇ ਸਰਕਾਰੀ ਅਹੁਦੇ ਦਾ ਪੂਰਾ ਲੁਤਫ ਵੀ ਉਠਾ ਰਿਹਾ ਹੈ।
ਜ਼ੀਰਕਪੁਰ ਦੇ ਇਕ ਵਪਾਰੀ ਨਾਲ ਵੀ ਕੁੱਟਮਾਰ ਕਰਨ ਦਾ ਮਾਮਲਾ ਆਇਆ ਸੀ ਸਾਹਮਣੇ
ਉਥੇ ਹੀ ਦੂਜੇ ਪਾਸੇ ਬੀਤੇ ਦਿਨੀਂ ਜ਼ੀਰਕਪੁਰ ਦੇ ਇਕ ਵਪਾਰੀ ਨਾਲ ਵੀ ਅੰਗੁਰਾਲ ਭਰਾਵਾਂ ਵੱਲੋਂ ਪੈਸਿਆਂ ਦੇ ਲੈਣ-ਦੇਣ ਕਾਰਨ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਜੋ ਕਾਫੀ ਚਰਚਾ ਵਿਚ ਰਿਹਾ ਸੀ। ਉਕਤ ਵਪਾਰੀ ਨੂੰ ਦੋਵਾਂ ਭਰਾਵਾਂ ਨੇ ਬਹਿਲਾ-ਫੁਸਲਾ ਕੇ ਪਹਿਲਾਂ ਜਲੰਧਰ ਬੁਲਾਇਆ, ਬਾਅਦ ਵਿਚ ਉਸ ਨਾਲ ਕੁੱਟਮਾਰ ਕਰਨ ਤੋਂ ਬਾਅਦ ਉਸ ’ਤੇ ਗਰਮ ਲੋਹੇ ਦੀ ਰਾਡ ਨਾਲ ਵਾਰ ਵੀ ਕੀਤਾ। ਵਪਾਰੀ ਨੇ ਥਾਣਾ ਨੰਬਰ 5 ਦੀ ਪੁਲਸ ਨੂੰ ਸ਼ਿਕਾਇਤ ਵੀ ਕੀਤੀ ਸੀ, ਜੋ ਅਜੇ ਵੀ ਜਾਂਚ ਦੇ ਨਾਂ ’ਤੇ ਥਾਣੇ ਵਿਚ ਕਾਗਜ਼ਾਂ ਵਿਚ ਦੱਬੀ ਹੋਈ ਹੈ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ