ਨਸ਼ੇ ਸਮੇਤ ਔਰਤ ਗ੍ਰਿਫ਼ਤਾਰ, ਸੱਸ-ਸਹੁਰਾ, ਪਤੀ ਸਮੇਤ ਸਾਰਾ ਟੱਬਰ ਸਮੱਗਲਰ
Thursday, Jun 16, 2022 - 06:33 PM (IST)
ਲੁਧਿਆਣਾ (ਰਾਜ) : ਥਾਣਾ ਟਿੱਬਾ ਦੀ ਪੁਲਸ ਨੇ ਇਕ ਅਜਿਹੀ ਔਰਤ ਨੂੰ ਨਸ਼ਾ ਵੇਚਣ ਦੇ ਦੋਸ਼ ਵਿਚ ਕਾਬੂ ਕੀਤਾ ਹੈ, ਜਿਸ ਦੀ ਸੱਸ, ਸਹੁਰਾ, ਪਤੀ ਸਮੇਤ ਸਾਰਾ ਟੱਬਰ ਹੀ ਸਮੱਗਲਿੰਗ ਵਿਚ ਸ਼ਾਮਲ ਹੈ। ਮੁਲਜ਼ਮ ਔਰਤ ਨਿਊ ਪੰਜਾਬੀ ਬਾਗ ਕਾਲੋਨੀ ਦੀ ਰਹਿਣ ਵਾਲੀ ਸ਼ਮ੍ਹਾ ਹੈ। ਉਸ ਦੇ ਕਬਜ਼ੇ ’ਚੋਂ 10 ਗ੍ਰਾਮ ਹੈਰੋਇਨ ਮਿਲੀ ਹੈ। ਇਸ ਤੋਂ ਇਲਾਵਾ ਇਕ ਹੋਰ ਕੇਸ ’ਚ ਪੁਲਸ ਨੇ ਕੁਲਦੀਪ ਨਗਰ ਦੇ ਜਸਵਿੰਦਰ ਕੁਮਾਰ ਨੂੰ 5 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਦੋਵੇਂ ਹੀ ਮਾਮਲਿਆਂ ’ਚ ਥਾਣਾ ਟਿੱਬਾ ਦੀ ਪੁਲਸ ਨੇ ਮੁਲਜ਼ਮਾਂ ’ਤੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ’ਤੇ ਵਾਪਰੇ ਹਾਦਸੇ ਨੇ ਉਜਾੜੇ ਕਈ ਪਰਿਵਾਰ, ਦੋ ਜੋੜਿਆਂ ਦੀ ਮੌਕੇ ’ਤੇ ਮੌਤ
ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਰਣਬੀਰ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਨਾਲ ਨਿਊ ਪੰਜਾਬੀ ਬਾਗ ਕਾਲੋਨੀ ’ਚ ਗਸ਼ਤ ’ਤੇ ਮੌਜੂਦ ਸਨ। ਇਸ ਦੌਰਾਨ ਉਕਤ ਔਰਤ ਪੁਲਸ ਨੂੰ ਦੇਖ ਕੇ ਡਰ ਗਈ ਅਤੇ ਉਥੋਂ ਭੱਜਣ ਲੱਗੀ ਸੀ। ਸ਼ੱਕ ਹੋਣ ’ਤੇ ਮਹਿਲਾ ਪੁਲਸ ਮੁਲਾਜ਼ਮ ਦੀ ਮਦਦ ਨਾਲ ਮੁਲਜ਼ਮ ਔਰਤ ਨੂੰ ਰੋਕਿਆ ਗਿਆ ਅਤੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਕਬਜ਼ੇ ਵਿਚੋਂ ਹੈਰੋਇਨ ਮਿਲੀ। ਮੁੱਢਲੀ ਪੁੱਛਗਿੱਛ ਵਿਚ ਪਤਾ ਲੱਗਾ ਹੈ ਕਿ ਉਹ ਨਸ਼ਾ ਸਮੱਗਲਰ ਵਿੰਗੀ ਧੌਣ ਦੀ ਨੂੰਹ ਸ਼ਮ੍ਹਾ ਹੈ। ਉਸ ਦਾ ਸਾਰਾ ਪਰਿਵਾਰ ਹੀ ਨਸ਼ਾ ਸਮੱਗਲਿੰਗ ਵਿਚ ਸ਼ਾਮਲ ਹੈ। ਉਸ ਦੇ ਸਹੁਰਾ, ਵਿੰਗੀ ਧੌਣ ਖ਼ਿਲਾਫ ਲੁਧਿਆਣਾ ਸ਼ਹਿਰ ’ਚ ਡੇਢ ਦਰਜਨ ਦੇ ਕਰੀਬ ਨਸ਼ਾ ਸਮੱਗਲਿੰਗ ਦੇ ਕੇਸ ਦਰਜ ਹਨ, ਜਦੋਂਕਿ ਉਸ ਦੀ ਸੱਸ ਅਤੇ ਪਤੀ ’ਤੇ ਵੀ ਕਈ ਕੇਸ ਦਰਜ ਹਨ।
ਇਹ ਵੀ ਪੜ੍ਹੋ : ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਅਦਾਲਤ ਵਲੋਂ ਸੰਮਨ ਜਾਰੀ
ਇਸ ਤੋਂ ਇਲਾਵਾ ਸ਼ਮ੍ਹਾ ’ਤੇ ਵੀ ਪਹਿਲਾਂ ਦੋ ਐੱਨ. ਡੀ. ਪੀ. ਐੱਸ. ਐਕਟ ਦੇ ਕੇਸ ਦਰਜ ਹਨ। ਨਸ਼ਾ ਸਮੱਗਲਿੰਗ ਵਿਚ ਇਨ੍ਹਾਂ ਦਾ ਪਰਿਵਾਰ ਕਾਫੀ ਬਦਨਾਮ ਹੈ, ਜੋ ਕਈ ਵਾਰ ਜੇਲ ਜਾ ਚੁੱਕੇ ਹਨ ਪਰ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਇਹ ਪਰਿਵਾਰ ਫਿਰ ਨਸ਼ਾ ਸਮੱਗਲਿੰਗ ਕਰਨੀ ਸ਼ੁਰੂ ਕਰ ਦਿੰਦਾ ਹੈ। ਐੱਸ. ਐੱਚ. ਓ. ਰਣਬੀਰ ਸਿੰਘ ਦਾ ਕਹਿਣਾ ਹੈ ਕਿ ਅਜਿਹੇ ਹੀ ਦੂਜੇ ਮਾਮਲੇ ’ਚ ਏ. ਐੱਸ. ਆਈ. ਕਮਲਜੀਤ ਸਿੰਘ ਨੇ ਸੰਧੂ ਨਗਰ ਨਾਕਾਬੰਦੀ ਦੌਰਾਨ ਜਸਵਿੰਦਰ ਸਿੰਘ ਨੂੰ ਕਾਬੂ ਕੀਤਾ ਹੈ। ਉਸ ਦੇ ਕਬਜ਼ੇ ਤੋਂ 5 ਗ੍ਰਾਮ ਹੈਰੋਇਨ ਮਿਲੀ ਹੈ। ਮੁਲਜ਼ਮ ਖੁਦ ਨਸ਼ਾ ਕਰਨ ਦਾ ਆਦੀ ਹੈ ਅਤੇ ਨਸ਼ਾ ਵੇਚਦਾ ਵੀ ਹੈ। ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਐਕਸ਼ਨ ਮੂਡ ’ਚ ਮਾਨ ਸਰਕਾਰ, ਪੰਚਾਇਤੀ ਜ਼ਮੀਨ ’ਚ ਬਹੁ-ਕਰੋੜੀ ਘਪਲੇ ਦੀ ਸੰਭਾਵਨਾ, ਕਈ ਸ਼ੱਕ ਦੇ ਘੇਰੇ ’ਚ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।