ਚੋਰੀ ਦੇ ਮੋਟਰਸਾਈਕਲਾਂ ਸਣੇ ਚੋਰ ਗਿਰੋਹ ਦੇ 2 ਮੈਂਬਰ ਕਾਬੂ

Sunday, Jun 10, 2018 - 06:47 AM (IST)

ਮੱਖੂ(ਅਾਹੂਜਾ)–ਥਾਣਾ ਮੱਖੂ ਦੀ ਪੁਲਸ ਵੱਲੋਂ ਚੋਰੀ ਦੇ ਮੋਟਰਸਾਈਕਲਾਂ ਸਮੇਤ ਚੋਰ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਥਾਣਾ ਮੱਖੂ ਦੇ ਮੁਖੀ ਦਰਬਾਰ ਅਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਪਾਰਟੀ  ਸਰਕਾਰੀ ਗੱਡੀ ’ਤੇ ਚੈਕਿੰਗ ਲਈ ਜੋਗੇਵਾਲਾ, ਅਮੀਰਸ਼ਾਹ ਨੂੰ ਜਾ ਰਹੀ ਸੀ। ਜਦ ਪੁਲਸ ਪਾਰਟੀ ਰੇਲਵੇ ਫਾਟਕ ਜੋਗੇਵਾਲਾ ਪੁੱਜੀ ਤਾਂ ਮੁਖਬਰ ਨੇ  ਸੂਚਨਾ ਦਿੱਤੀ ਕਿ ਪਿੱਪਲ ਸਿੰਘ ਵਾਸੀ ਮਹਿਮੂਦਵਾਲਾ, ਲਖਵਿੰਦਰ ਸਿੰਘ ਵਾਸੀ ਮੰਝਵਾਲਾ, ਬਲਵੀਰ ਸਿੰਘ ਵਾਸੀ ਛੋਟੀਆ ਚੱਕੀਆ, ਹਰੀਸ਼ ਸਿੰਘ ਵਾਸੀ ਮਹਿਮੂਦਵਾਲਾ, ਗੁਰਮੇਜ ਸਿੰਘ ਵਾਸੀ ਸ਼ੇਰਾ ਮੰਡਾਰ  ਜੋ ਕਿ ਮੋਟਰਸਾਈਕਲ ਚੋਰੀ ਕਰ ਕੇ ਅੱਗੇ ਵੇਚਦੇ ਹਨ, ਹੁਣ ਦਾਣਾ ਮੰਡੀ ਅਮੀਰਸ਼ਾਹ ਵਿਖੇ ਚੋਰੀ ਕੀਤੇ ਮੋਟਰਸਾਈਕਲ ਅੱਗੇ ਵੇਚਣ ਲਈ ਗਾਹਕਾਂ ਦੀ ਉਡੀਕ ਕਰ ਰਹੇ ਹਨ। ਜੇਕਰ ਹੁਣੇ ਰੇਡ ਕੀਤੀ ਜਾਵੇ ਤਾਂ ਚੋਰੀ ਦੇ ਮੋਟਰਸਾਈਕਲਾਂ ਸਮੇਤ ਕਾਬੂ ਆ ਸਕਦੇ ਹਨ, ਜਿਸ ’ਤੇ ਏ. ਐੱਸ. ਆਈ.  ਸਾਥੀ ਕਰਮਚਾਰੀਅਾਂ ਸਮੇਤ ਦਾਣਾ ਮੰਡੀ ਅਮੀਰਸ਼ਾਹ ਪਹੁੰਚੇ, ਜਿਥੇ ਦੋ ਮੋਨੇ ਨੌਜਵਾਨ ਮੋਟਰਸਾਈਕਲਾਂ ’ਤੇ ਸ਼ੈੱਡ ਥੱਲੇ ਬੈਠੇ ਸਨ,  ਜੋ ਪੁਲਸ ਨੂੰ  ਦੇਖ ਕੇ ਘਬਰਾ ਗਏ। ਦੋਵਾਂ ਨੌਜਵਾਨਾਂ ਨੂੰ ਕਾਬੂ ਕੀਤਾ ਤਾਂ  ਉਨ੍ਹਾਂ   ਆਪਣੇ  ਨਾਂ ਪਿੱਪਲ ਸਿੰਘ ਤੇ ਲਖਵਿੰਦਰ ਸਿੰਘ ਦੱਸੇ, ਜਿਨ੍ਹਾਂ ਨੂੰ ਪੁਲਸ ਪਾਰਟੀ ਨੇ ਆਪਣੇ ਕਬਜ਼ੇ ’ਚ ਲੈ ਕੇ ਮੋਟਰਸਾਈਕਲਾਂ ਦੀ ਮਾਲਕੀ ਸਬੰਧੀ ਕਾਗਜ਼ਾਤ ਪੇਸ਼ ਕਰਨ ਲਈ ਕਿਹਾ  ਤਾਂ ਉਹ ਕਾਗਜ਼ਾਤ ਪੇਸ਼ ਨਹੀਂ ਕਰ ਸਕੇ, ਜਿਨ੍ਹਾਂ ਖਿਲਾਫ  ਪੁਲਸ ਨੇ  ਥਾਣਾ ਮੱਖੂ ਵਿਖੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Related News