1200 ਨਸ਼ੀਲੀਆਂ ਗੋਲੀਆਂ ਸਣੇ ਮਾਂ-ਪੁੱਤ ਕਾਬੂ

02/13/2018 4:24:37 AM

ਰਾਮਾਂ ਮੰਡੀ(ਪਰਮਜੀਤ)-ਜ਼ਿਲਾ ਪੁਲਸ ਕਪਤਾਨ ਨਵੀਨ ਸਿੰਗਲਾ ਅਤੇ ਡੀ. ਐੱਸ. ਪੀ. ਬਰਿੰਦਰ ਸਿੰਘ ਗਿੱਲ ਦੁਆਰਾ ਵਿੱਢੀ ਨਸ਼ਾ ਵਿਰੋਧੀ ਮੁਹਿੰਮ ਅਧੀਨ ਰਾਮਾਂ ਪੁਲਸ ਨੇ ਮਾਂ-ਪੁੱਤ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਰਾਮਾਂ ਹਰਬੰਸ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਬਲਵਿੰਦਰ ਸਿੰਘ ਸਮੇਤ ਪੁਲਸ ਪਾਰਟੀ ਸ਼ੇਖੂ ਰਿਫਾਈਨਰੀ ਰੋਡ 'ਤੇ ਗਸ਼ਤ ਦੌਰਾਨ ਚੈਕਿੰਗ ਕਰ ਰਹੇ ਸਨ ਤਾਂ ਇਕ ਵਿਅਕਤੀ ਆਪਣੀ ਮਾਂ ਨਾਲ ਟਾਟਾ ਏਸ (ਛੋਟਾ ਹਾਥੀ) ਗੱਡੀ 'ਤੇ ਆ ਰਿਹਾ ਸੀ। ਪੁਲਸ ਪਾਰਟੀ ਨੂੰ ਦੇਖ ਕੇ ਉਕਤ ਵਿਅਕਤੀ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਸ 'ਚੋਂ 1200 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਜਿਨ੍ਹਾਂ ਦੀ ਪਛਾਣ ਰਾਜਪਾਲ ਰਾਮ ਪੁੱਤਰ ਬੀਰੂ ਰਾਮ ਅਤੇ ਸ਼ੀਲਾ ਦੇਵੀ ਪਤਨੀ ਬੀਰੂ ਰਾਮ ਵਾਸੀ ਪਿੰਡ ਰਾਮਾਂ ਵਜੋਂ ਹੋਈ ਹੈ। ਥਾਣਾ ਮੁਖੀ ਰਾਮਾਂ ਹਰਬੰਸ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਉਕਤ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਰੰਗੇ ਹੱਥੀਂ ਗ੍ਰਿਫਤਾਰ ਕਰ ਕੇ ਐੱਨ. ਡੀ. ਪੀ. ਐੱਸ. ਦੀ ਧਾਰਾ 22/61/85 ਅਧੀਨ ਮਾਮਲਾ ਦਰਜ ਕਰਨ ਉਪਰੰਤ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਹਰਬੰਸ ਸਿੰਘ ਨੇ ਕਿਹਾ ਕਿ ਐੱਸ. ਐੱਸ. ਪੀ. ਸਾਹਿਬ ਦੇ ਦਿਸ਼ਾ- ਨਿਰਦੇਸ਼ਾਂ ਹੇਠ ਇਲਾਕੇ ਦੇ ਵੱਖ-ਵੱਖ ਸਥਾਨਾਂ 'ਤੇ ਪੁਲਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਜੋ ਇਲਾਕੇ 'ਚ ਨਸ਼ੇ ਦੇ ਵਪਾਰ ਨੂੰ ਜੜ੍ਹੋਂ ਖਤਮ ਕੀਤਾ ਜਾ ਸਕੇ, ਇਸ ਲਈ ਉਨ੍ਹਾਂ ਨੇ ਸਮੂਹ ਮੰਡੀ ਨਿਵਾਸੀਆਂ ਅਤੇ ਇਲਾਕਾ ਨਿਵਾਸੀਆਂ ਤੋਂ ਪੁਰਜ਼ੋਰ ਅਪੀਲ ਕੀਤੀ ਕਿ ਨਸ਼ੇ ਦੇ ਵਪਾਰ ਨੂੰ ਨੱਥ ਪਾਉਣ ਲਈ ਉਹ ਰਾਮਾਂ ਪੁਲਸ ਦਾ ਸਹਿਯੋਗ ਦੇਣ।


Related News