ਇਕਲੌਤੇ ਪੁੱਤ ਦੇ ਕਤਲ ਨੂੰ 3 ਸਾਲ ਪੂਰੇ, ਇਨਸਾਫ਼ ਦੀ ਉਡੀਕ ’ਚ ਪਿਤਾ ਨੇ ਵੀ ਤੋੜਿਆ ਦਮ

06/13/2024 2:36:12 PM

ਜਲੰਧਰ (ਜ. ਬ.)–ਇਕਲੌਤੇ ਪੁੱਤਰ ਦੇ ਕਤਲ ਨੂੰ 3 ਸਾਲ ਤੋਂ ਜ਼ਿਆਦਾ ਸਮਾਂ ਬੀਤ ਜਾਣ ਦੇ ਬਾਵਜੂਦ ਕਾਤਲਾਂ ਦਾ ਕੋਈ ਸੁਰਾਗ ਨਾ ਮਿਲਣ ਕਾਰਨ ਬਜ਼ੁਰਗ ਮਾਂ ਦੀ ਇਨਸਾਫ਼ ਦੀ ਆਸ ਟੁੱਟਦੀ ਜਾ ਰਹੀ ਹੈ। ਬੇਟੇ ਨੂੰ ਇਨਸਾਫ਼ ਦਿਵਾਉਣ ਲਈ 21 ਸਾਲ ਦੇ ਮੁਨੀਸ਼ ਦੇ ਪਿਤਾ ਪਹਿਲਾਂ ਤੋਂ ਹੀ ਦਮ ਤੋੜ ਚੁੱਕੇ ਹਨ ਪਰ ਪੁਲਸ ਥਾਣੇ ਦੇ ਚੱਕਰ ਲਗਾਉਂਦੇ-ਲਗਾਉਂਦੇ ਮਾਂ ਵੀ ਹਾਰ ਮੰਨ ਚੁੱਕੀ ਹੈ। 17 ਅਪ੍ਰੈਲ 2021 ਨੂੰ ਭਾਰਗੋ ਕੈਂਪ ਦੇ ਮੁਨੀਸ਼ ਕੁਮਾਰ ਪੁੱਤਰ ਤਿਲਕ ਰਾਜ ਦੀ ਸ਼ੱਕੀ ਹਾਲਾਤ ਵਿਚ ਲਾਸ਼ ਮਿਲੀ ਸੀ, ਉਸ ਦੇ ਸਰੀਰ ’ਤੇ ਸ਼ੱਕੀ ਸੱਟਾਂ ਦੇ ਨਿਸ਼ਾਨ ਸਨ ਅਤੇ ਮੂੰਹ ਅਤੇ ਨੱਕ ਵਿਚੋਂ ਖ਼ੂਨ ਵਹਿ ਰਿਹਾ ਸੀ। ਪੁਲਸ ਨੇ ਪੋਸਟਮਾਰਟਮ ਕਰਵਾਇਆ ਤਾਂ ਪਤਾ ਲੱਗਾ ਕਿ ਮੁਨੀਸ਼ ਦੇ ਸਰੀਰ ’ਤੇ ਸੱਟ ਦੇ 7 ਨਿਸ਼ਾਨ ਸਨ ਅਤੇ ਇਕ ਦੰਦ ਟੁੱਟਿਆ ਹੋਇਆ ਸੀ। ਮੁਨੀਸ਼ ਦਾ ਮੋਬਾਇਲ, ਚਾਂਦੀ ਦਾ ਕੜਾ, ਟਾਪਸ, ਚੇਨ ਅਤੇ ਇਕ ਅੰਗੂਠੀ ਵੀ ਗਾਇਬ ਸੀ।
ਸ਼ੁਰੂ ਤੋਂ ਹੀ ਮਾਮਲਾ ਕਤਲ ਦਾ ਸੀ, ਜਿਸ ਕਾਰਨ ਥਾਣਾ ਨੰਬਰ 1 ਵਿਚ ਅਣਪਛਾਤੇ ਵਿਅਕਤੀ ’ਤੇ ਕੇਸ ਦਰਜ ਕਰ ਲਿਆ ਗਿਆ ਸੀ। ਮੁਨੀਸ਼ ਦੀ ਮਾਂ ਸਰੋਜ ਨੇ ਕਿਹਾ ਕਿ ਕੇਸ ਦਰਜ ਹੋਣ ਤੋਂ ਬਾਅਦ ਜਦੋਂ ਮੁਨੀਸ਼ ਦੇ ਪਿਤਾ ਜ਼ਿੰਦਾ ਸਨ ਤਾਂ ਉਹ ਦੋਵੇਂ ਥਾਣਾ ਨੰਬਰ 1 ਵਿਚ ਕੇਸ ਦੀ ਪੈਰਵੀ ਲਈ ਜਾਂਦੇ ਰਹਿੰਦੇ ਸਨ ਪਰ ਪੁਲਸ ਨੇ ਉਨ੍ਹਾਂ ਦੀ ਇਕ ਨਾ ਸੁਣੀ।

ਇਹ ਵੀ ਪੜ੍ਹੋ- ਪੰਜਾਬ 'ਚ ਇਕ ਵਾਰ ਫਿਰ ਚੋਣ ਘਮਸਾਨ: ਜਲੰਧਰ ਵੈਸਟ ਜ਼ਿਮਨੀ ਚੋਣ ’ਚ ਡਟਣਗੀਆਂ ਹੁਣ ਸਾਰੀਆਂ ਸਿਆਸੀ ਧਿਰਾਂ

PunjabKesari

ਬਸ ਜਾਂਚ ਜਾਰੀ ਹੈ ਕਹਿ ਕੇ ਉਹ ਵਾਪਸ ਭੇਜਦੇ ਸਨ। ਪਤੀ ਦੀ ਮੌਤ ਹੋਈ ਤਾਂ ਘਰ ਵਿਚ ਕੋਈ ਮਰਦ ਨਾ ਹੋਣ ਕਾਰਨ ਉਸ ਨੇ ਥਾਣੇ ਜਾਣਾ ਛੱਡ ਦਿੱਤਾ ਅਤੇ ਫੋਨ ਕਰਦੀ ਤਾਂ ਐੱਸ. ਐੱਚ. ਓ. ਤੋਂ ਲੈ ਕੇ ਮੁਨਸ਼ੀ ਤਕ ਨੇ ਫੋਨ ਚੁੱਕਣੇ ਬੰਦ ਕਰ ਦਿੱਤੇ। ਮੁਨੀਸ਼ ਆਪਣੀਆਂ 3 ਭੈਣਾਂ ਦਾ ਇਕਲੌਤਾ ਭਰਾ ਸੀ। ਸਰੋਜ ਨੇ ਕਿਹਾ ਕਿ 3 ਸਾਲ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ, ਪਤੀ ਵੀ ਸਾਥ ਛੱਡ ਚੁੱਕਾ ਹੈ ਪਰ ਹਾਲੇ ਤਕ ਉਸ ਦੇ ਬੇਟੇ ਦੇ ਕਾਤਲ ਪਕੜ ਤੋਂ ਦੂਰ ਹਨ। ਪੀੜਤ ਮਾਂ ਨੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੂੰ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਕਿਹਾ ਕਿ ਬੇਟੇ ਨੂੰ ਇਨਸਾਫ਼ ਦਿਵਾਉਣ ਲਈ ਇਕ ਟੀਮ ਗਠਿਤ ਕਰਕੇ ਕਾਤਲਾਂ ਦਾ ਪਤਾ ਲਗਾਇਆ ਜਾਵੇ। ਓਧਰ, ਇਕ ਦਿਨ ਪਹਿਲਾਂ ਹੀ ਥਾਣਾ ਨੰਬਰ 1 ਦੇ ਨਵੇਂ ਇੰਚਾਰਜ ਹਰਿੰਦਰ ਸਿੰਘ ਨੇ ਚਾਰਜ ਸੰਭਾਲਿਆ ਹੈ ਤਾਂ ਸਾਬਕਾ ਆਈ. ਓ. ਐੱਸ. ਆਈ. ਰਾਕੇਸ਼ ਕੁਮਾਰ ਦਾ ਤਬਾਦਲਾ ਹੋ ਚੁੱਕਾ ਹੈ, ਜਿਸ ਕਾਰਨ ਪੁਲਸ ਦਾ ਪੱਖ ਨਹੀਂ ਮਿਲਿਆ।

ਇਹ ਵੀ ਪੜ੍ਹੋ-ਮੁਕੇਰੀਆਂ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਪਿਤਾ ਦੇ ਭੋਗ ਤੋਂ ਬਾਅਦ ASI ਪੁੱਤਰ ਦੀ ਹੋ ਗਈ ਮੌਤ

16 ਅਪ੍ਰੈਲ 2021 ਨੂੰ ਘਰੋਂ ਗਿਆ ਸੀ ਮੁਨੀਸ਼, ਬਾਅਦ ’ਚ ਮੋਬਾਇਲ ਬੰਦ ਹੋ ਗਿਆ
ਸਰੋਜ ਨੇ ਦੱਸਿਆ ਕਿ ਉਸ ਦਾ ਬੇਟਾ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਕਰਦਾ ਸੀ। 26 ਅਪ੍ਰੈਲ 2021 ਨੂੰ ਉਹ ਘਰ ਵਿਚ ਮੌਜੂਦ ਸੀ। ਰਾਤ ਲਗਭਗ 8.30 ਵਜੇ ਉਸ ਨੂੰ ਕਿਸੇ ਦਾ ਫੋਨ ਆਇਆ ਅਤੇ ਉਹ ਗੱਲ ਕਰਦਾ ਹੋਇਆ ਬਾਹਰ ਚਲਾ ਗਿਆ, ਫਿਰ ਵਾਪਸ ਨਹੀਂ ਆਇਆ। ਉਸ ਦਾ ਮੋਬਾਇਲ ਵੀ ਬੰਦ ਹੋ ਚੁੱਕਾ ਸੀ। ਅਗਲੇ ਹੀ ਦਿਨ ਉਸ ਨੇ ਸਬੰਧਤ ਥਾਣੇ ਵਿਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾ ਦਿੱਤੀ। ਸ਼ਿਕਾਇਤ ਦੇ ਕੇ ਆਏ ਹੀ ਸਨ ਤਾਂ ਕਿਸੇ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਦੀ ਲਾਸ਼ ਬਰਲਟਨ ਪਾਰਕ ਵਿਚ ਮਿਲੀ ਹੈ ਅਤੇ ਅਖ਼ਬਾਰਾਂ ਵਿਚ ਹੀ ਖ਼ਬਰ ਆਈ ਹੋਈ ਹੈ। ਉਨ੍ਹਾਂ ਨੇ ਤੁਰੰਤ ਸਿਵਲ ਹਸਪਤਾਲ ਜਾ ਕੇ ਬੇਟੇ ਦੀ ਪਛਾਣ ਕੀਤੀ। ਬਾਅਦ ਵਿਚ ਪਤਾ ਲੱਗਾ ਕਿ ਉਸਦਾ ਸਾਰਾ ਸਾਮਾਨ ਉਥੋਂ ਨਹੀਂ ਮਿਲਿਆ। ਪਰਿਵਾਰ ਨੇ ਅਣਪਛਾਤੇ ਵਿਅਕਤੀ ’ਤੇ ਕਤਲ ਦੇ ਦੋਸ਼ ਲਗਾਏ ਸਨ।

ਇਹ ਵੀ ਪੜ੍ਹੋ- ਫਗਵਾੜਾ ਨੇੜੇ ਵੱਡੀ ਘਟਨਾ, 'ਵੰਦੇ ਭਾਰਤ ਐਕਸਪ੍ਰੈੱਸ ਟਰੇਨ' 'ਤੇ ਹੋਇਆ ਪਥਰਾਅ, ਦਹਿਸ਼ਤ 'ਚ ਯਾਤਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News