ਨਸ਼ੇ ਵਾਲੇ ਪਦਾਰਥਾਂ ਸਣੇ 5 ਗ੍ਰਿਫਤਾਰ ; 1 ਫਰਾਰ

Sunday, Jan 07, 2018 - 01:51 AM (IST)

ਨਸ਼ੇ ਵਾਲੇ ਪਦਾਰਥਾਂ ਸਣੇ 5 ਗ੍ਰਿਫਤਾਰ ; 1 ਫਰਾਰ

ਫ਼ਿਰੋਜ਼ਪੁਰ(ਕੁਮਾਰ, ਮਲਹੋਤਰਾ, ਸ਼ਰਮਾ, ਜਸਵੰਤ, ਦਲਜੀਤ, ਗੁਲਾਟੀ)—ਨਾਰਕੋਟਿਕ ਸੈੱਲ, ਥਾਣਾ ਮਮਦੋਟ ਅਤੇ ਥਾਣਾ ਘੱਲ ਖੁਰਦ ਦੀ ਪੁਲਸ ਨੇ ਵੱਖ-ਵੱਖ ਮਾਮਲਿਆਂ ਵਿਚ 3 ਵਿਅਕਤੀਆਂ ਨੂੰ ਇਕ ਕਿਲੋ ਅਫੀਮ, 402 ਨਸ਼ੀਲੀਆਂ ਗੋਲੀਆਂ ਅਤੇ 20 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੇ ਖਿਲਾਫ ਮੁਕੱਦਮੇ ਦਰਜ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਾਰਕੋਟਿਕ ਸੈਲ ਫਿਰੋਜ਼ਪੁਰ ਦੇ ਏ. ਐੱਸ. ਆਈ. ਤਰਲੋਚਨ ਸਿੰਘ ਨੇ ਦੱਸਿਆ ਕਿ ਮੁੱਦਕੀ ਦੇ ਏਰੀਆ ਵਿਚ ਪੁਲਸ ਨੇ ਨਾਕਾਬੰਦੀ ਕਰਕੇ ਇਕ ਮੋਟਰਸਾਈਕਲ ਚਾਲਕ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ ਇਕ ਕਿਲੋ ਅਫੀਮ ਬਰਾਮਦ ਹੋਈ। ਅਫੀਮ ਸਮੇਤ ਫੜੇ ਗਏ ਵਿਅਕਤੀ ਨੇ ਪੁਲਸ ਨੂੰ ਆਪਣਾ ਨਾਂ ਗੁਰਜੰਟ ਸਿੰਘ ਦੱਸਿਆ ਹੈ, ਜਿਸਦੇ ਖਿਲਾਫ ਥਾਣਾ ਘੱਲ ਖੁਰਦ ਵਿਚ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਮੋਟਰਸਾਈਕਲ ਵੀ ਆਪਣੇ ਕਬਜ਼ੇ ਵਿਚ ਲੈ ਲਿਆ ਹੈ।  ਇਸੇ ਥਾਣੇ ਦੇ ਹੌਲਦਾਰ ਨਵਜੋਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਫਿਰੋਜ਼ਸ਼ਾਹ ਦੇ ਏਰੀਆ 'ਚ ਪੁਲਸ ਨੇ ਛਾਪੇਮਾਰੀ ਕਰਕੇ 20 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗਿਆਨ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਮਮਦੋਟ ਦੇ ਏ. ਐੱਸ. ਆਈ. ਪਵਨ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਸ਼ਤ ਦੌਰਾਨ ਪੁਲਸ ਨੇ ਇਕ ਵਿਅਕਤੀ ਨੂੰ ਕਾਬੂ ਕਰਕੇ ਜਦ ਉਸਦੀ ਤਲਾਸ਼ੀ ਲਈ ਤਾਂ ਉਸ ਕੋਲੋਂ 402 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਅਤੇ ਕਾਬੂ ਕੀਤੇ ਵਿਅਕਤੀ ਨੇ ਪੁਲਸ ਨੂੰ ਆਪਣਾ ਨਾਂ ਗੁਰਮੇਜ ਸਿੰਘ ਦੱਸਿਆ ਹੈ। ਨਗਰ ਥਾਣਾ ਨੰਬਰ 1 ਦੀ ਪੁਲਸ ਨੇ ਬੀਤੀ ਸ਼ਾਮ ਮੁਖਬਰ ਦੀ ਸੂਚਨਾ 'ਤੇ 2 ਵਿਅਕਤੀਆਂ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ, ਜਦਕਿ ਇਕ ਨੌਜਵਾਨ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਿਆ। ਪੁਲਸ ਨੇ ਤਿੰਨਾਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਨਗਰ ਥਾਣਾ ਨੰ. 1 ਦੇ ਹੌਲਦਾਰ ਸਤਪਾਲ ਬੀਤੀ ਸ਼ਾਮ ਪੁਲਸ ਟੀਮ ਸਮੇਤ ਮਹਾਰਾਣਾ ਪ੍ਰਤਾਪ ਚੌਕ ਦੇ ਨੇੜੇ ਗਸ਼ਤ ਕਰ ਰਹੇ ਸਨ ਕਿ ਉਨ੍ਹਾਂ ਨੂੰ ਮੁਖਬਰ ਨੇ ਸੂਚਨਾ ਦਿੱਤੀ ਕਿ ਨਵੀਂ ਆਬਾਦੀ ਵਾਸੀ ਰਿਸ਼ੀ ਪੁੱਤਰ ਰਾਮਪਾਲ, ਮਨੀਸ਼ ਪੁੱਤਰ ਸਤੀਸ਼ ਕੁਮਾਰ ਤੇ ਕੰਧਵਾਲਾ ਰੋਡ ਵਾਸੀ ਸੱਜਨ ਕੁਮਾਰ ਨਾਜਾਇਜ਼ ਰੂਪ 'ਚ ਸ਼ਰਾਬ ਲਿਆ ਕੇ ਵੇਚਦੇ ਹਨ, ਜੇਕਰ ਅੱਜ ਨਾਕਾਬੰਦੀ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਫੜਿਆ ਜਾ ਸਕਦਾ ਹੈ। ਜਿਸ 'ਤੇ ਉਨ੍ਹਾਂ ਨੇ ਦੱਸੇ ਗਏ ਸਥਾਨ 'ਤੇ ਨਾਕਾਬੰਦੀ ਕੀਤੀ ਹੋਈ ਸੀ ਕਿ ਇਸੇ ਦੌਰਾਨ ਪੁਲਸ ਨਾਕਾ ਦੇਖ ਕੇ ਸੱਜਨ ਕੁਮਾਰ ਮੌਕੇ ਤੋਂ ਭੱਜ ਨਿਕਲਿਆ, ਜਦਕਿ ਪੁਲਸ ਨੇ ਰਿਸ਼ੀ ਤੇ ਮਨੀਸ਼ ਨੂੰ 96 ਪਊਏ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰ ਲਿਆ। ਪੁਲਸ ਨੇ ਤਿੰਨਾਂ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। 


Related News