ਪੁਲਸ ਨੇ 2 ਹੈਰੋਇਨ ਸਮੱਗਲਰਾਂ ਨੂੰ ਕੀਤਾ ਗ੍ਰਿਫਤਾਰ

11/09/2017 5:08:26 AM

ਜਲੰਧਰ(ਪ੍ਰੀਤ)-ਕਮਿਸ਼ਨਰੇਟ ਦੇ ਸੀ. ਆਈ. ਏ. ਸਟਾਫ ਦੀ ਪੁਲਸ ਨੇ ਹੈਰੋਇਨ ਅਤੇ ਨਸ਼ੀਲੇ ਪਾਊਡਰ ਸਮੇਤ 2 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਸਮੱਗਲਿੰਗ ਦੇ ਦੋਸ਼ 'ਚ ਸਜ਼ਾ ਕੱਟ ਰਹੇ ਇਕ ਨੌਜਵਾਨ ਲਈ ਹੈਰੋਇਨ ਸਪਲਾਈ ਕਰਨ ਦਾ ਧੰਦਾ ਕਰਦੇ ਸਨ। ਪੁਲਸ ਨੇ ਗ੍ਰਿਫਤਾਰ ਸਮੱਗਲਰਾਂ ਤੋਂ 140 ਗ੍ਰਾਮ ਹੈਰੋਇਨ, 200 ਗ੍ਰਾਮ ਨਸ਼ੀਲਾ ਪਾਊਡਰ ਅਤੇ 1 ਲੱਖ 30 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਏ. ਡੀ. ਸੀ. ਪੀ. ਇਨਵੈਸਟੀਗੇਸ਼ਨ ਮਨਦੀਪ ਸਿੰਘ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਦੇ ਇੰਸਪੈਕਟਰ ਅਜੇ ਸਿੰਘ ਦੀ ਅਗਵਾਈ 'ਚ ਏ. ਐੱਸ. ਆਈ. ਅਜਿੰਦਰ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਬਰਲਟਨ ਪਾਰਕ ਨੇੜਿਓਂ ਮੋਟਰਸਾਈਕਲ ਸਵਾਰ ਮਦਨ ਲਾਲ ਉਰਫ ਮੱਧੀ ਪੁੱਤਰ ਪਰਮਜੀਤ ਵਾਸੀ ਮੁਹੱਲਾ ਤੋਤੇਆਣੀ, ਪਿੰਡ ਚੂਹੇਕੀ, ਨੂਰਮਹਿਲ ਤੇ ਅਮਰਜੀਤ ਉਰਫ ਜੀਤਾ ਪੁੱਤਰ ਰਾਮ ਰੱਖਾ ਵਾਸੀ ਕੋਟ ਸਦੀਕ ਨੂੰ ਕਾਲਾਸੰਘਿਆਂ ਰੋਡ ਤੋਂ ਗ੍ਰਿਫਤਾਰ ਕਰ ਕੇ 140 ਗ੍ਰਾਮ ਹੈਰੋਇਨ, 200 ਗ੍ਰਾਮ ਨਸ਼ੀਲਾ ਪਾਊਡਰ ਅਤੇ ਨਕਦੀ ਬਰਾਮਦ ਕੀਤੀ। ਦੋਨਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਦੋਵੇਂ ਪਹਿਲਾਂ ਹੀ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਦੋਸ਼ 'ਚ ਜੇਲ 'ਚ ਬੰਦ ਰਵੀ ਉਰਫ ਹਰਵਿੰਦਰ ਪੁੱਤਰ ਜਸਵੀਰ ਵਾਸੀ ਹਰਿਗੋਬਿੰਦ ਨਗਰ, ਸੰਤੋਖਪੁਰਾ ਲਈ ਹੈਰੋਇਨ ਸਮੱਗਲਿੰਗ ਦਾ ਕੰਮ ਕਰਦੇ ਹਨ। ਏ. ਡੀ. ਸੀ. ਪੀ. ਮਨਦੀਪ ਸਿੰਘ ਨੇ ਦੱਸਿਆ ਕਿ ਜਾਂਚ 'ਚ ਪਤਾ ਲੱਗਾ ਹੈ ਕਿ ਰਵੀ ਖਿਲਾਫ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਕੇਸ ਦਰਜ ਹਨ। ਉਸ ਨੂੰ ਸਜ਼ਾ ਵੀ ਹੋ ਚੁੱਕੀ ਹੈ। ਮੁਲਜ਼ਮਾਂ ਨੇ ਦੱਸਿਆ ਕਿ ਰਵੀ ਉਨ੍ਹਾਂ ਨੂੰ ਫੋਨ 'ਤੇ ਹੀ ਹੈਰੋਇਨ ਸਪਲਾਈ ਲਈ ਗਾਹਕਾਂ ਕੋਲ ਭੇਜਦਾ ਹੈ ਤੇ ਉਸ ਜ਼ਰੀਏ ਹੈਰੋਇਨ ਉਨ੍ਹਾਂ ਤੱਕ ਵੇਚਣ ਲਈ ਪਹੁੰਚਦੀ ਸੀ। ਉਨ੍ਹਾਂ ਦੱਸਿਆ ਕਿ ਰਵੀ ਨੂੰ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਜਾਵੇਗਾ।


Related News