ਦਿੱਲੀ ਹਵਾਈ ਅੱਡੇ ’ਤੇ 22 ਕਰੋੜ ਦੀ ਕੋਕੀਨ ਸਮੇਤ ਸਮੱਗਲਰ ਗ੍ਰਿਫਤਾਰ
Tuesday, Jul 02, 2024 - 08:14 PM (IST)
ਨਵੀਂ ਦਿੱਲੀ, (ਭਾਸ਼ਾ)- ਕਸਟਮ ਅਧਿਕਾਰੀਆਂ ਨੇ ਕੈਮਰੂਨ ਦੇ ਇਕ ਵਿਅਕਤੀ ਨੂੰ 22 ਕਰੋੜ ਰੁਪਏ ਦੀ ਕੋਕੀਨ ਦੀ ਸਮੱਗਲਿੰਗ ਦੇ ਦੋਸ਼ ਹੇਠ ਇਥੇ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਮੰਗਲਵਾਰ ਨੂੰ ਜਾਰੀ ਇਕ ਅਧਿਕਾਰਤ ਬਿਆਨ ’ਚ ਦਿੱਤੀ ਗਈ। ਮੁਲਜ਼ਮ ਅਦੀਸ ਅਬਾਬਾ (ਇਥੋਪੀਆ) ਤੋਂ ਦਿੱਲੀ ਆਇਆ ਸੀ, ਜਿਸ ਤੋਂ ਬਾਅਦ ਉਸ ਨੂੰ ਹਵਾਈ ਅੱਡੇ ’ਤੇ ਰੋਕ ਲਿਆ ਗਿਆ।
ਕਸਟਮ ਵਿਭਾਗ ਵਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਯਾਤਰੀ ਅਤੇ ਉਸ ਦੇ ਸਾਮਾਨ ਦੀ ਤਲਾਸ਼ੀ ਦੌਰਾਨ 70 ਕੈਪਸੂਲ ਬਰਾਮਦ ਕੀਤੇ ਗਏ, ਜਿਨ੍ਹਾਂ ’ਚ ਚਿੱਟੇ ਰੰਗ ਦੇ ਪਾਊਡਰ ਵਰਗਾ ਪਦਾਰਥ ਸੀ। ਕੈਪਸੂਲ ਵਿਚੋਂ 1,472.5 ਗ੍ਰਾਮ ਚਿੱਟਾ ਪਾਊਡਰ ਮਿਲਿਆ। ਅਜਿਹਾ ਸ਼ੱਕ ਪ੍ਰਗਟਾਇਆ ਗਿਆ ਸੀ ਕਿ ਇਹ ਪਦਾਰਥ ਕੋਕੀਨ ਸੀ। ਬਿਆਨ ਮੁਤਾਬਕ, ਜਾਂਚ ’ਚ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਇਹ ਪਦਾਰਥ ਕੋਕੀਨ ਹੈ ਜਿਸ ਦੀ ਕੀਮਤ 22 ਕਰੋੜ ਰੁਪਏ ਹੈ।