ਲਸ਼ਕਰ-ਏ-ਤੋਇਬਾ ਨਾਲ ਸਬੰਧਤ ਅੱਤਵਾਦੀ ਦਾ ਸਾਥੀ ਗ੍ਰਿਫਤਾਰ, ਹਥਿਆਰ ਬਰਾਮਦ

07/02/2024 10:32:39 PM

ਜੰਮੂ/ਸ੍ਰੀਨਗਰ, (ਅਰੁਣ)- ਸੁਰੱਖਿਆ ਬਲਾਂ ਨੇ ਬਾਰਾਮੁੱਲਾ ’ਚ ਇਕ ਅੱਤਵਾਦੀ ਦੇ ਸਾਥੀ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ ਵਿਚੋਂ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਬਾਰਾਮੁੱਲਾ ਕਸਬੇ ਦੇ ਈਕੋ ਪਾਰਕ ਕਰਾਸਿੰਗ ਇਲਾਕੇ ਵਿਚ ਅੱਤਵਾਦੀ ਗਤੀਵਿਧੀ ਬਾਰੇ ਹਾਸਲ ਇਕ ਵਿਸ਼ੇਸ਼ ਸੂਚਨਾ ’ਤੇ ਕਾਰਵਾਈ ਕਰਦਿਆਂ 46 ਰਾਸ਼ਟਰੀ ਰਾਈਫਲਜ਼ (ਆਰ. ਆਰ.) ਅਤੇ ਬਾਰਾਮੁੱਲਾ ਪੁਲਸ ਵੱਲੋਂ ਸਾਂਝੀ ਗਸ਼ਤ ਮੁਹਿੰਮ ਚਲਾਈ ਗਈ।

ਗਸ਼ਤ ਦੌਰਾਨ ਸੁਰੱਖਿਆ ਬਲਾਂ ਨੇ ਪੈਦਲ ਆ ਰਹੇ ਇਕ ਸ਼ੱਕੀ ਵਿਅਕਤੀ ਨੂੰ ਸੁਰੱਖਿਆ ਬਲਾਂ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰਦਿਆਂ ਫੜ੍ਹ ਲਿਆ। ਮੁੱਢਲੀ ਪੁੱਛਗਿੱਛ ਦੌਰਾਨ ਸ਼ੱਕੀ ਦੀ ਪਛਾਣ ਸ਼ਕੀਰ ਅਹਿਮਦ, ਵਾਸੀ ਡਾਂਗਰਪੋਰਾ ਸ਼ੀਰੀ ਵਜੋਂ ਹੋਈ ਹੈ, ਜੋ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (ਐੱਲ. ਈ. ਟੀ.) ਅਤੇ ਦਿ ਰਸਿਸਟੈਂਸ ਫਰੰਟ (ਟੀ. ਆਰ. ਐੱਫ.) ਨਾਲ ਜੁੜਿਆ ਹੋਇਆ ਹੈ।

ਪੁੱਛਗਿੱਛ ਦੌਰਾਨ ਮੁਲਜ਼ਮ ਨੇ ਇਸ ਗੱਲ ਦਾ ਵੀ ਖੁਲਾਸਾ ਕੀਤਾ ਹੈ ਕਿ ਉਹ ਪਾਕਿਸਤਾਨ ਸਥਿਤ ਇਕ ਅੱਤਵਾਦੀ ਹੈਂਡਲਰ ਦੇ ਸੰਪਰਕ ਵਿਚ ਹੈ ਅਤੇ ਬਾਰਾਮੁੱਲਾ ਸ਼ਹਿਰ ਵਿਚ ਅੱਤਵਾਦੀ ਹਮਲੇ ਦੀ ਯੋਜਨਾ ਬਣਾ ਰਿਹਾ ਸੀ। ਸੁਰੱਖਿਆ ਬਲਾਂ ਨੇ ਉਸ ਦੇ ਕਬਜ਼ੇ ’ਚੋਂ 1 ਪਿਸਤੌਲ, 1 ਮੈਗਜ਼ੀਨ, 8 ਪਿਸਤੌਲ ਦੇ ਰੌਂਦ, 3 ਹੈਂਡ ਗ੍ਰਨੇਡ ਅਤੇ ਕੁਝ ਹੋਰ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਹੈ।

ਪੁਲਸ ਨੇ ਮੁਲਜ਼ਮਾਂ ਖ਼ਿਲਾਫ ਗੈਰ-ਕਾਨੂੰਨੀ ਗਤੀਵਿਧੀ ਰੋਕੂ ਐਕਟ ਅਤੇ ਅਸਲਾ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Rakesh

Content Editor

Related News