50 ਲੱਖ ਰੁਪਏ ਦੀ ਫਿਰੌਤੀ ਨਾ ਦੇਣ ਦੇ ਚੱਲਦਿਆਂ ਚਲਾਈਆਂ ਅੰਨ੍ਹੇਵਾਹ ਗੋਲੀਆਂ, 2 ਜ਼ਖਮੀ
Tuesday, Jul 02, 2024 - 10:25 PM (IST)
ਤਰਨਤਾਰਨ (ਰਮਨ) - ਟੈਲੀਕਾਮ ਵਪਾਰੀ ਵੱਲੋਂ ਮੰਗੀ ਗਈ 50 ਲੱਖ ਰੁਪਏ ਦੀ ਫਿਰੌਤੀ ਨਾ ਦੇਣ ਦੇ ਚੱਲਦਿਆਂ ਮੰਗਲਵਾਰ ਸ਼ਾਮ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਸ਼ਰੇਆਮ ਗੋਲੀਆਂ ਮਾਰਦੇ ਹੋਏ ਮਾਲਕ ਨੂੰ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਫਰਾਰ ਹੋਣ ਸਮੇਂ ਮੁਲਜ਼ਮਾਂ ਵੱਲੋਂ ਕੀਤੀ ਗਈ ਫਾਇਰਿੰਗ ਦੌਰਾਨ ਦੋ ਹੋਰ ਵਿਅਕਤੀ ਵੀ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ ਗਿਆ ਹੈ।
ਇਸ ਵਾਰਦਾਤ ਤੋਂ ਬਾਅਦ ਕਸਬਾ ਚੋਹਲਾ ਸਾਹਿਬ ਦੇ ਸਮੂਹ ਦੁਕਾਨਦਾਰਾਂ ਵੱਲੋਂ ਪੁਲਸ ਪ੍ਰਸ਼ਾਸਨ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ, ਜਿਸ ਤੋਂ ਬਾਅਦ ਮੌਕੇ ’ਤੇ ਪੁੱਜੇ ਐੱਸ. ਐੱਸ. ਪੀ. ਅਸ਼ਵਨੀ ਕਪੂਰ ਵੱਲੋਂ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰਨ ਦੇ ਦਿੱਤੇ ਵਿਸ਼ਵਾਸ ਤੋਂ ਬਾਅਦ ਮਾਹੌਲ ਸ਼ਾਂਤ ਕੀਤਾ ਗਿਆ। ਇਸ ਸਬੰਧੀ ਥਾਣਾ ਚੋਹਲਾ ਸਾਹਿਬ ਦੀ ਪੁਲਸ ਵੱਲੋਂ ਮਾਮਲਾ ਦਰਜ ਕਰ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- 2.70 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਸਹਾਇਕ ਸਬ-ਇੰਸਪੈਕਟਰ ਖਿਲਾਫ਼ ਭ੍ਰਿਸ਼ਟਾਚਾਰ ਦਾ ਕੇਸ ਦਰਜ
ਪ੍ਰਾਪਤ ਜਾਣਕਾਰੀ ਅਨੁਸਾਰ ਗੁਰਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਚੋਹਲਾ ਸਾਹਿਬ ਜੋ ਬਾਜ਼ਾਰ ਵਿਚ ਪ੍ਰੀਤ ਟੈਲੀਕਾਮ ਦਾ ਕਾਰੋਬਾਰ ਚਲਾਉਂਦਾ ਹੈ ਨੂੰ ਬੀਤੇ ਕੁਝ ਦਿਨ ਪਹਿਲਾਂ ਅੱਤਵਾਦੀ ਲਖਬੀਰ ਸਿੰਘ ਲੰਡਾ, ਸਤਨਾਮ ਸਿੰਘ ਸੱਤਾ ਨੌਸ਼ਹਿਰਾ ਪੰਨੂਆਂ ਵੱਲੋਂ ਫੋਨ ਕਾਲ ਕਰਦੇ ਹੋਏ 50 ਲੱਖ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਸੀ, ਜਿਸ ਸਬੰਧੀ ਦੁਕਾਨ ਮਾਲਕ ਵੱਲੋਂ ਪੁਲਸ ਨੂੰ ਜਾਣਕਾਰੀ ਵੀ ਦਿੱਤੀ ਗਈ।
ਮੰਗਲਵਾਰ ਸ਼ਾਮ ਜਦੋਂ ਦੁਕਾਨ ਮਾਲਕ ਗੁਰਵਿੰਦਰ ਸਿੰਘ ਆਪਣੀ ਦੁਕਾਨ ਵਿਚ ਮੌਜੂਦ ਸੀ ਤਾਂ ਇਕ ਵਿਅਕਤੀ ਵੱਲੋਂ ਦੁਕਾਨ ਅੰਦਰ ਦਾਖਲ ਹੋ ਕੇ ਕੁਝ ਸਾਮਾਨ ਦੀ ਖਰੀਦ ਕਰਨੀ ਸ਼ੁਰੂ ਕਰ ਦਿੱਤੀ ਗਈ। ਇਸ ਦੌਰਾਨ ਮੌਕਾ ਵੇਖਦੇ ਹੀ ਉਸ ਵੱਲੋਂ ਹੱਥ ਵਿਚ ਫੜ੍ਹੇ ਦੇਸੀ ਪਿਸਤੌਲ ਰਾਹੀਂ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ, ਜਿਸ ਦੌਰਾਨ ਗੁਰਵਿੰਦਰ ਸਿੰਘ ਨੂੰ 3 ਗੋਲੀਆਂ ਲੱਗਣ ਨਾਲ ਉਹ ਜ਼ਖਮੀ ਹੋ ਗਿਆ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਦੁਕਾਨ ਤੋਂ ਬਾਹਰ ਜਾਂਦੇ ਸਮੇਂ ਫਾਇਰਿੰਗ ਕਰਨ ਲੱਗ ਪਿਆ, ਜਿਸ ਦੇ ਚੱਲਦਿਆਂ ਸਤਨਾਮ ਸਿੰਘ ਪੁੱਤਰ ਰਘਬੀਰ ਸਿੰਘ ਵਾਸੀ ਚੋਹਲਾ ਸਾਹਿਬ ਦੀ ਲੱਤ ’ਚ ਇਕ ਗੋਲੀ ਲੱਗ ਗਈ ਜਦਕਿ ਦੁਕਾਨ ਉਪਰ ਕੰਮ ਕਰਨ ਵਾਲੇ ਕਰਮਚਾਰੀ ਸੋਨੂ ਵਰਮਾ ਵੀ ਮਮੂਲੀ ਜ਼ਖਮੀ ਹੋ ਗਿਆ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਸੁਰਜੀਤ ਕੌਰ ਦੀ ਫੇਰ ਪਲਟੀ, ਮੁੜ ਅਕਾਲੀ ਦਲ ਦਾ ਫੜਿਆ ਪੱਲਾ, ਦੁਪਹਿਰ ਵੇਲੇ 'ਆਪ' 'ਚ ਹੋਈ ਸੀ ਸ਼ਾਮਲ
ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਆਪਣੇ ਦੂਸਰੇ ਸਾਥੀ ਨਾਲ ਮੋਟਰਸਾਈਕਲ ਉਪਰ ਬੈਠ ਮੌਕੇ ਤੋਂ ਫਰਾਰ ਹੋ ਗਏ। ਇਸ ਵਾਰਦਾਤ ਤੋਂ ਨਿਰਾਸ਼ ਦੁਕਾਨਦਾਰਾਂ ਵੱਲੋਂ ਪੁਲਸ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਗਈ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪੁੱਜੇ ਐੱਸ. ਐੱਸ. ਪੀ. ਅਸ਼ਵਨੀ ਕਪੂਰ, ਡੀ. ਐੱਸ. ਪੀ. ਰਵੀ ਸ਼ੇਰ ਸਿੰਘ, ਥਾਣਾ ਚੋਹਲਾ ਸਾਹਿਬ ਮੁਖੀ ਰਾਜ ਕੁਮਾਰ ਤੋਂ ਇਲਾਵਾ ਹੋਰ ਪੁਲਸ ਕਰਮਚਾਰੀਆਂ ਵੱਲੋਂ ਦੁਕਾਨ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਨੂੰ ਕਬਜ਼ੇ ’ਚ ਲੈਂਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਐੱਸ. ਐੱਸ. ਪੀ. ਅਸ਼ਵਨੀ ਕਪੂਰ ਵੱਲੋਂ ਦੁਕਾਨਦਾਰਾਂ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਹਮਲਾਵਰਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e